ਆਮ ਆਦਮੀ ਪਾਰਟੀ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਅਮਨ ਅਰੋੜਾ ਅਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਦਾ ਵਿਧਾਨ ਸਭਾ ਉੱਤਰੀ ਪੁੱਜਣ ਤੇ ਸਥਾਨਕ ਜਲੰਧਰ ਬਾਈਪਾਸ ਚੌਕ ਵਿਖੇ ਵਿਧਾਇਕ ਮਦਨ ਲਾਲ ਬੱਗਾ ਦੀ ਅਗਵਾਈ ਹੇਠ ਵਰਕਰਾਂ ਦੇ ਹਜੂਮ ਨੇ ਰਿਵਾਇਤੀ ਪੰਜਾਬੀ ਅੰਦਾਜ਼ ਵਿੱਚ ਸਵਾਗਤ ਕੀਤਾ । ਅਮਨ ਅਰੋੜਾ ਅਤੇ ਸ਼ੈਰੀ ਧੰਨਵਾਦ ਯਾਤਰਾ ਰਾਹੀਂ ਪਟਿਆਲਾ ਤੋਂ ਅੰਮ੍ਰਿਤਸਰ ਜਾਂਦੇ ਹੋਏ ਮੰਗਲਵਾਰ ਨੂੰ ਲੁਧਿਆਣਾ ਪੁੱਜੇ ਸਨ। ਇਸ ਦੌਰਾਨ ਅਮਨ ਅਰੋੜਾ, ਸ਼ੈਰੀ ਕਲਸੀ ਅਤੇ ਵਿਧਾਇਕ ਬੱਗਾ ਨੇ ਸਾਂਝੇ ਤੌਰ ’ਤੇ ਬਾਬਾ ਸਾਹਿਬ ਦੀ ਪ੍ਰਤਿਮਾ ’ਤੇ ਫੁੱਲਾਂ ਦੇ ਹਾਰ ਭੇਟ ਕਰਕੇ ਉਨ੍ਹਾਂ ਨੂੰ ਸੰਵਿਧਾਨ ਦਿਵਸ ’ਤੇ ਸ਼ਰਧਾਂਜਲੀ ਭੇਟ ਕੀਤੀ। ਵਿਧਾਇਕ ਬੱਗਾ ਨੇ ‘ਆਪ’ ਸਰਕਾਰ ਦੇ ਢਾਈ ਸਾਲਾਂ ਦੇ ਕਾਰਜਕਾਲ ਨੂੰ ਵਿਧਾਨ ਸਭਾ ਉੱਤਰੀ ਲਈ ਸੁਨਹਿਰੀ ਦੌਰ ਦੱਸਦਿਆਂ ਕਿਹਾ ਕਿ ਇਸ ਕਾਰਜਕਾਲ ਦੌਰਾਨ ਕਰੀਬ 150 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਹੋਇਆ ਹੈ। ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਲੀਡਰਸ਼ਿਪ ਵੱਲੋਂ ਪ੍ਰਧਾਨ ਦੇ ਅਹੁਦੇ ਵਰਗੀ ਅਹਿਮ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਸਰਕਾਰ ਅਤੇ ਪਾਰਟੀ ਵਿੱਚ ਆਖਰੀ ਛੋਰ ਤੱਕ ਬੈਠੇ ਵਰਕਰ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਕੋਸ਼ਿਸ਼ ਕਰਣਗੇ। ਵਲੰਟੀਅਰਾਂ ਦੇ ਹੌਸਲੇ ਬੁਲੰਦ ਕਰਦਿਆਂ ਅਮਨ ਅਰੋੜਾ ਨੇ ਸੱਦਾ ਦਿੱਤਾ ਕਿ ਉਹ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਅਤੇ ਨਗਰ ਨਿਗਮ ਹਾਊਸ ਵਿੱਚ ‘ਆਪ’ ਦਾ ਝੰਡਾ ਲਹਿਰਾਉਣ ਦੇ ਨਾਲ-ਨਾਲ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਅਪਣੇ-ਅਪਣੇ ਵਾਰਡਾਂ ਵਿੱਚੋਂ ਚੁੱਣ ਕੇ ਨਿਗਮ ਹਾਊਸ ਵਿੱਚ ਭੇਜਣ ਤਾਕਿ ਵਿਕਾਸ ਨੂੰ ਗਤੀ ਪ੍ਰਦਾਨ ਕੀਤੀ ਜਾਵੇ। ਇਸ ਤੋਂ ਪਹਿਲਾਂ ਵਿਧਾਇਕ ਬੱਗਾ ਨੇ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਨੂੰ ਬਾਲਾ ਜੀ ਭਗਵਾਨ ਅਤੇ ਬਾਬਾ ਸਾਹਿਬ ਦਾ ਸਵਰੂਪ ਭੇਂਟ ਕਰਕੇ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ, ਸੂਬਾ, ਬਲਾਕ ਅਤੇ ਵਾਰਡ ਪੱਧਰ ਦੇ ਅੱਹੁਦੇਦਾਰ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਹਾਜ਼ਰ ਸਨ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)