December 23, 2024 16:06:29

ਪੰਜਾਬ ਵਿੱਚ ਵੱਖ-ਵੱਖ ਨਗਰ ਨਿਗਮਾਂ, ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ 21 ਦਸੰਬਰ ਨੂੰ ਹੋਣਗੀਆਂ: ਆਰ.ਕੇ. ਚੌਧਰੀ

Dec9,2024 | Meenu Galhotra/Anupam | Ludhiana

ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ

ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਉਸੇ ਦਿਨ ਪੋਲਿੰਗ ਸਟੇਸ਼ਨ 'ਤੇ ਕੀਤੀ ਜਾਵੇਗੀ ਵੋਟਾਂ ਦੀ ਗਿਣਤੀ

344 ਪੋਲਿੰਗ ਸਥਾਨ ਅਤਿ ਸੰਵੇਦਨਸ਼ੀਲ ਅਤੇ 665 ਸੰਵੇਦਨਸ਼ੀਲ ਵਜੋਂ ਪਛਾਣੇ ਗਏ


ਪੰਜਾਬ ਰਾਜ ਚੋਣ ਕਮਿਸ਼ਨ ਨੇ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਮਿਤੀ 22/11/2024 ਦੇ ਨੋਟੀਫਿਕੇਸ਼ਨ ਅਨੁਸਾਰ ਵੱਖ-ਵੱਖ ਨਗਰ ਨਿਗਮਾਂ, ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਨੋਟੀਫਿਕੇਸ਼ਨ ਵਿੱਚ ਇਹ ਹਦਾਇਤ ਕੀਤੀ ਗਈ ਹੈ ਕਿ ਵੱਖ-ਵੱਖ ਨਗਰ ਨਿਗਮਾਂ, ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਸੰਬਰ, 2024 ਦੇ ਅੰਤ ਤੱਕ ਕਰਵਾਈਆਂ ਜਾਣ।


ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਚੋਣ ਸ਼ਡਿਊਲ ਦੇ ਐਲਾਨ ਦੇ ਨਾਲ ਹੀ ਉਕਤ ਨਗਰ ਨਿਗਮਾਂ ਦੇ ਅਧਿਕਾਰ ਖੇਤਰ 'ਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ, ਜੋ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਲਾਗੂ ਰਹੇਗਾ। ਆਦਰਸ਼ ਚੋਣ ਜ਼ਾਬਤੇ ਦੀ ਇੱਕ ਕਾਪੀ ਕਮਿਸ਼ਨ ਦੀ ਵੈੱਬਸਾਈਟ - sec.punjab.gov.in 'ਤੇ ਅਪਲੋਡ ਕਰ ਦਿੱਤੀ ਗਈ ਹੈ।

ਉਹਨਾਂ ਅੱਗੇ ਦੱਸਿਆ ਕਿ ਜਿਹਨਾਂ ਨਗਰ ਨਿਗਮਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ, ਉਹਨਾਂ ਦੀਆਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮਿਤੀ 7.12.2024 ਨੂੰ ਕੀਤੀ ਜਾ ਚੁੱਕੀ ਹੈ ਅਤੇ ਇਸ ਦੀ ਕਾਪੀ ਸਬੰਧਤ ਨਗਰ ਨਿਗਮਾਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਐਸ.ਡੀ.ਐਮ.) ਕੋਲ ਅਤੇ ਸਬੰਧਿਤ ਦਫ਼ਤਰ ਵਿਖੇ ਵੀ ਉਪਲਬਧ ਹੈ।

ਉਨ੍ਹਾਂ ਅੱਗੇ ਕਿਹਾ ਕਿ ਕੁੱਲ ਵੋਟਰਾਂ ਵਿੱਚੋਂ 37,32,636 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚ 19,55,888 ਪੁਰਸ਼, 17,76,544 ਮਹਿਲਾਵਾਂ ਅਤੇ 204 ਹੋਰ ਸ਼ਾਮਲ ਹਨ, ਜੋ 7 ਦਸੰਬਰ 2024 ਤੱਕ ਕੀਤੀ ਗਈ ਵਿਸ਼ੇਸ਼ ਸੋਧ ਦੇ ਆਧਾਰ 'ਤੇ ਸੋਧ ਅਧੀਨ ਹਨ।

ਜ਼ਿਕਰਯੋਗ ਹੈ ਕਿ ਕਮਿਸ਼ਨ ਵੱਲੋਂ ਐਲਾਨੇ ਗਏ ਚੋਣ ਪ੍ਰੋਗਰਾਮ ਅਨੁਸਾਰ ਨਾਮਜ਼ਦਗੀਆਂ ਭਰਨ ਦਾ ਪਹਿਲਾ ਦਿਨ 9 ਦਸੰਬਰ 2024 (ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ) ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਅਤੇ 12 ਦਸੰਬਰ 2024 ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ (ਦੁਪਹਿਰ 03:00 ਵਜੇ ਤੱਕ) ਨਿਸ਼ਚਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਪੜਤਾਲ ਲਈ 13 ਦਸੰਬਰ 2024 ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 14 ਦਸੰਬਰ 2024 (ਦੁਪਹਿਰ 3 ਵਜੇ ਤੱਕ) ਨਿਰਧਾਰਤ ਕੀਤੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਵੋਟਿੰਗ ਲਈ ਈ.ਵੀ.ਐਮਜ਼. ਦੀ ਵਰਤੋਂ ਕੀਤੀ ਜਾਵੇਗੀ। ਚੋਣਾਂ ਲਈ ਲੋੜੀਂਦੀਆਂ ਈ.ਵੀ.ਐਮਜ਼.ਦਾ ਪ੍ਰਬੰਧ ਕੀਤਾ ਗਿਆ ਹੈ। ਵੋਟਾਂ 21.12.2024 ਨੂੰ ਸਵੇਰੇ 7.00 ਵਜੇ ਤੋਂ ਸ਼ਾਮ 04.00 ਵਜੇ ਤੱਕ ਈ.ਵੀ.ਐਮਜ਼. ਜ਼ਰੀਏ ਪੈਣਗੀਆਂ। ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨ 'ਤੇ ਹੀ ਕੀਤੀ ਜਾਵੇਗੀ।

ਹੋਰ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਵੀ ਲੋੜ ਹੋਵੇਗੀ, ਨਗਰ ਨਿਗਮਾਂ ਦੇ 381 ਵਾਰਡਾਂ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ 598 ਵਾਰਡਾਂ ਲਈ ਵੋਟਿੰਗ ਕਰਵਾਈ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸ ਲਈ ਵਿਆਪਕ ਸੁਰੱਖਿਆ ਯੋਜਨਾ ਤਿਆਰ ਕੀਤੀ ਗਈ ਹੈ। ਕੁੱਲ 1609 ਪੋਲਿੰਗ ਸਥਾਨ ਹਨ ਜਿਨ੍ਹਾਂ ਵਿੱਚ 3809 ਪੋਲਿੰਗ ਬੂਥ ਹਨ। 344 ਪੋਲਿੰਗ ਸਥਾਨਾਂ ਦੀ ਪਛਾਣ ਅਤਿ ਸੰਵੇਦਨਸ਼ੀਲ ਅਤੇ 665 ਪੋਲਿੰਗ ਸਥਾਨਾਂ ਦੀ ਪਛਾਣ ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ। ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਨੂੰ 1 ਐਚ.ਸੀ. ਅਤੇ 1 ਸੀ ਦੀ ਵਾਧੂ ਫੋਰਸ ਪ੍ਰਦਾਨ ਕੀਤੀ ਜਾਵੇਗੀ ਅਤੇ ਇਹਨਾਂ ਖੇਤਰਾਂ ਨੂੰ ਮੋਬਾਈਲ ਗਸ਼ਤ ਦੁਆਰਾ ਵੀ ਕਵਰ ਕੀਤਾ ਜਾਵੇਗਾ। ਲੋੜੀਂਦੀ ਗਿਣਤੀ ਵਿਚ ਪਲਟੂਨਾਂ ਨੂੰ ਰਾਖਵਾਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਵਿੱਚ ਪੁਲਿਸ ਵਿਭਾਗ ਦੇ ਕੁੱਲ 21,500 ਜਵਾਨ ਅਤੇ ਹੋਮ ਗਾਰਡ ਜਵਾਨਾਂ ਨੂੰ ਤਾਇਨਾਤ ਕੀਤਾ ਜਾਵੇਗਾ।

ਰਾਜ ਕਮਲ ਚੌਧਰੀ ਨੇ ਦੱਸਿਆ ਕਿ ਸਿੰਗਲ ਪੋਲਿੰਗ ਸਟੇਸ਼ਨ ਲਈ 3 ਮੁਲਾਜ਼ਮ ਅਤੇ ਡਬਲ ਪੋਲਿੰਗ ਸਟੇਸ਼ਨ ਲਈ 4 ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸੇ ਤਰ੍ਹਾਂ ਤੀਹਰੇ ਪੋਲਿੰਗ ਸਟੇਸ਼ਨ ਲਈ 5 ਮੁਲਾਜ਼ਮ ਅਤੇ ਕਵਾਡ ਪੋਲਿੰਗ ਸਟੇਸ਼ਨ ਲਈ 6 ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਲੋੜ ਪੈਣ 'ਤੇ, ਸੀ.ਪੀਜ਼. ਅਤੇ ਐਸ.ਐਸ.ਪੀਜ਼ ਨੂੰ ਪੋਲਿੰਗ ਸਥਾਨਾਂ/ਸਟੇਸ਼ਨਾਂ 'ਤੇ ਸੁਰੱਖਿਆ ਤਾਇਨਾਤੀ ਵਧਾਉਣ ਲਈ ਅਧਿਕਾਰਤ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਹਥਿਆਰ ਅਤੇ ਗੋਲਾ-ਬਾਰੂਦ ਲੈ ਕੇ ਜਾਣ ਦੀ ਮਨਾਹੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅਸਲਾ ਐਕਟ ਅਧੀਨ ਸਮਰੱਥ ਅਥਾਰਟੀ ਹੋਣ ਦੇ ਨਾਤੇ ਜ਼ਿਲ੍ਹਾ ਮੈਜਿਸਟ੍ਰੇਟ ਹਥਿਆਰ ਜਮ੍ਹਾ ਕਰਨ ਸਬੰਧੀ ਲੋੜ ਦਾ ਮੁਲਾਂਕਣ ਕਰਨਗੇ। ਮਿਉਂਸਪਲ ਚੋਣਾਂ ਲੜ ਰਹੇ ਉਮੀਦਵਾਰ ਲਈ ਖਰਚੇ ਦੀ ਸੀਮਾ ਨਗਰ ਨਿਗਮ ਲਈ 4,00,000 ਰੁਪਏ, ਨਗਰ ਕੌਂਸਲ ਕਲਾਸ I ਲਈ 3,60,000 ਰੁਪਏ, ਨਗਰ ਕੌਂਸਲ ਕਲਾਸ II ਲਈ 2,30,000 ਰੁਪਏ ਅਤੇ ਨਗਰ ਕੌਂਸਲ ਕਲਾਸ III ਲਈ 2,00,000 ਰੁਪਏ ਨੋਟੀਫਾਈ ਕੀਤੀ ਗਈ ਹੈ। ਨਗਰ ਪੰਚਾਇਤ ਲਈ ਚੋਣ ਲੜ ਰਹੇ ਉਮੀਦਵਾਰ ਲਈ ਖਰਚੇ ਦੀ ਸੀਮਾ 1,40,000/- ਰੁਪਏ ਨੋਟੀਫਾਈ ਕੀਤੀ ਗਈ ਹੈ।

ਇਸ ਤੋਂ ਇਲਾਵਾ ਲਗਭਗ 23,000 ਚੋਣ ਕਰਮਚਾਰੀ, ਜਿਨ੍ਹਾਂ ਵਿੱਚ ਆਰ.ਓ.ਐਸ./ ਏ.ਆਰ.ਓ.ਐਸ./ਪ੍ਰੀਜ਼ਾਈਡਿੰਗ ਅਫ਼ਸਰ/ਪੋਲਿੰਗ ਅਫ਼ਸਰ ਸ਼ਾਮਲ ਹਨ, ਚੋਣ ਡਿਊਟੀ 'ਤੇ ਤਾਇਨਾਤ ਕੀਤੇ ਜਾਣਗੇ। 25 ਆਈ.ਏ.ਐਸ./ਪੀ.ਸੀ.ਐਸ. ਅਫਸਰਾਂ ਨੂੰ ਉਨ੍ਹਾਂ ਜ਼ਿਲ੍ਹਿਆਂ, ਜਿੱਥੇ ਪੋਲਿੰਗ ਹੋਣੀ ਹੈ, ਵਿੱਚ ਜਨਰਲ ਆਬਜ਼ਰਵਰ ਵਜੋਂ ਨਿਯੁਕਤ ਕੀਤਾ ਜਾਵੇਗਾ ਤਾਂ ਜੋ ਚੋਣਾਂ ਦੇ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਸੰਚਾਲਨ ਦੀ ਨਿਗਰਾਨੀ ਕੀਤੀ ਜਾ ਸਕੇ।

ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਨਾਮਜ਼ਦਗੀ ਫਾਰਮ 20 ਅਤੇ ਹਲਫ਼ੀਆ ਬਿਆਨ ਦਾ ਨਮੂਨਾ ਕਮਿਸ਼ਨ ਦੀ ਵੈੱਬਸਾਈਟ sec.punjab.gov.in 'ਤੇ ਡਾਊਨਲੋਡ ਕਰਨ ਲਈ ਉਪਲਬਧ ਕਰਾਇਆ ਗਿਆ ਹੈ ਅਤੇ ਕਮਿਸ਼ਨ ਨੇ ਨਿਰਪੱਖ, ਆਜ਼ਾਦਾਨਾ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।

Elections-To-Various-Municipal-Corporations-Councils-And-Nagar-Panchayats-In-Punjab-Will-Be-Held-On-December-21-R-k-Chaudhary


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm@gmail.com

Copyright Punjab AMPM | 2023
Website by: Webhead