January 13, 2025 13:36:02

ਪੰਜਾਬ ਪੁਲਿਸ ਨੇ ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

Apr13,2024 | Punjab ampm Bureau |

ਅੱਤਵਾਦ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੇ ਜਰਮਨੀ ਅਧਾਰਤ ਸੰਚਾਲਕ ਪ੍ਰਭਪ੍ਰੀਤ ਸਿੰਘ ਸਿੱਧੂ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਕੇ ਅੱਤਵਾਦੀ ਭਰਤੀ ਕਰਨ, ਫੰਡਿੰਗ ਦੇਣ ਅਤੇ ਸਹਾਇਤਾ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਜ਼ਿਕਰਯੋਗ ਹੈ ਕਿ ਸਾਲ 2020 ਵਿੱਚ, ਐਸਐਸਓਸੀ ਅੰਮ੍ਰਿਤਸਰ ਵਿਖੇ ਗੁਪਤ ਸੂਚਨਾ ਮਿਲੀ ਸੀ ਕਿ ਕੇਜੈਡਐਫ ਅੱਤਵਾਦੀ ਜਗਦੀਸ਼ ਸਿੰਘ ਭੂਰਾ ਪੰਜਾਬ ਵਿੱਚ ਕੁਝ ਨਾਮਵਰ ਸ਼ਖਸ਼ੀਅਤਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ, ਉਸਨੇ ਆਪਣੇ ਭਾਰਤ ਅਧਾਰਤ ਸਾਥੀਆਂ ਨੂੰ ਹਥਿਆਰ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ। ਪੰਜਾਬ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਮਡਿਊਲ ਦੇ ਚਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਦਾ ਪਰਦਾਫਾਸ਼ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤੇ ਸਨ। ਇਸ ਸਬੰਧੀ ਪੁਲਿਸ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀਆਂ ਧਾਰਾਵਾਂ 13, 17, 18, 18-ਬੀ ਅਤੇ 20 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ 19.12.2020 ਨੂੰ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿੱਖੇ ਐਫਆਈਆਰ ਨੰ.18 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਲੋੜੀਂਦੇ ਅੱਤਵਾਦੀ ਜਗਦੀਸ਼ ਸਿੰਘ ਭੂਰਾ ਅਤੇ ਉਸ ਦੇ ਕਰੀਬੀ ਪ੍ਰਭਪ੍ਰੀਤ ਸਿੰਘ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਉਹ ਨਾਮਵਰ ਸ਼ਖਸ਼ੀਅਤਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ।
ਉਨ੍ਹਾਂ ਕਿਹਾ ਕਿ ਪ੍ਰਭਪ੍ਰੀਤ ਜਰਮਨੀ ਵਿੱਚ ਰਹਿ ਰਿਹਾ ਸੀ, ਇਸ ਲਈ ਪੰਜਾਬ ਪੁਲਿਸ ਨੇ ਉਸਨੂੰ ਇਸ ਕੇਸ ਵਿੱਚ ਨਾਮਜ਼ਦ ਕਰਨ ਉਪਰੰਤ ਉਸਨੂੰ ਗ੍ਰਿਫ਼ਤਾਰ ਕਰਨ ਲਈ ਬਿਊਰੋ ਆਫ਼ ਇਮੀਗ੍ਰੇਸ਼ਨ, ਨਵੀਂ ਦਿੱਲੀ ਰਾਹੀਂ ਉਸਦੇ ਖਿਲਾਫ ਲੁੱਕ ਆਊਟ ਸਰਕੂਲਰ (ਐਲਓਸੀ) ਜਾਰੀ ਕਰਵਾ ਦਿੱਤਾ ਸੀ।

ਡੀਜੀਪੀ ਨੇ ਕਿਹਾ ਕਿ ਬੁੱਧਵਾਰ ਨੂੰ ਆਈਜੀਆਈ ਏਅਰਪੋਰਟ ਦਿੱਲੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਾਨੂੰ ਪ੍ਰਭਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲੈਣ ਬਾਰੇ ਸੂਚਿਤ ਕੀਤਾ। ਇਸ ਉਪਰੰਤ ਐਸਐਸਓਸੀ ਅੰਮ੍ਰਿਤਸਰ ਦੀ ਟੀਮ ਦਿੱਲੀ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪ੍ਰਭਪ੍ਰੀਤ 2017 'ਚ ਵੈਧ ਵੀਜ਼ੇ 'ਤੇ ਪੋਲੈਂਡ ਗਿਆ ਸੀ ਅਤੇ 2020 'ਚ ਸੜਕ ਰਸਤੇ ਜਰਮਨੀ ਚਲਾ ਗਿਆ ਸੀ ਅਤੇ ਜਰਮਨੀ 'ਚ ਪੱਕੀ ਰਿਹਾਇਸ਼ ਹਾਸਲ ਕਰਨ ਲਈ ਉਸ ਨੇ ਸਿਆਸੀ ਸ਼ਰਨ ਲਈ ਅਰਜ਼ੀ ਦਿੱਤੀ ਸੀ।

ਏਆਈਜੀ ਨੇ ਦੱਸਿਆ ਕਿ ਜਰਮਨੀ ਵਿਚ ਰਹਿੰਦਿਆਂ, ਇਹ ਮੁਲਜ਼ਮ ਬੈਲਜੀਅਮ ਸਥਿਤ ਕੇਜ਼ੈਡਐਫ ਅੱਤਵਾਦੀ ਜਗਦੀਸ਼ ਸਿੰਘ ਭੂਰਾ ਦੇ ਸੰਪਰਕ ਵਿਚ ਆਇਆ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋ ਗਿਆ। ਏਆਈਜੀ ਨੇ ਅੱਗੇ ਕਿਹਾ ਕਿ ਦੋਸ਼ੀ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੇ ਭਾਰਤੀ ਸਾਥੀ ਲਈ ਫੰਡਿੰਗ ਅਤੇ ਹਥਿਆਰਾਂ ਦਾ ਪ੍ਰਬੰਧ ਕਰਦਾ ਸੀ। ਉਨ੍ਹਾਂ ਕਿਹਾ ਕਿ ਪ੍ਰਭਪ੍ਰੀਤ ਦੇ ਪੂਰੇ ਨੈੱਟਵਰਕ ਅਤੇ ਜਿਸ ਮਾਡਿਊਲ ਲਈ ਉਹ ਕੰਮ ਕਰ ਰਿਹਾ ਹੈ, ਦਾ ਪਰਦਾਫਾਸ਼ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੁਲੀਸ ਟੀਮਾਂ ਨੇ ਮੁਲਜ਼ਮ ਪ੍ਰਭਪ੍ਰੀਤ ਨੂੰ ਅਦਾਲਤ ਵਿੱਚ ਪੇਸ਼ ਕਰਕੇ 15 ਅਪਰੈਲ 2024 ਤੱਕ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।

Punjab-Police-Arrested-Terrorist-Prabhpreet-Singh-Germany-From-Delhi-Airport


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm@gmail.com

Copyright Punjab AMPM | 2023
Website by: Webhead