ਚੰਡੀਗੜ੍ਹ, 31 ਮਾਰਚ--
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਅਤੇ ਪੰਜਾਬ ਕਾਡਰ ਦੇ 2005 ਬੈਚ ਦੇ ਆਈ.ਏ.ਐਸ. ਅਧਿਕਾਰੀ ਮਾਲਵਿੰਦਰ ਸਿੰਘ ਜੱਗੀ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਵਜੋਂ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ 31 ਮਾਰਚ ਨੂੰ ਸੇਵਾ ਮੁਕਤ ਹੋ ਰਹੇ ਹਨ। ਪਟਿਆਲਾ ਵਿਖੇ ਅਧਿਆਪਨ ਤੇ ਬੁੱਧੀਜੀਵੀ ਪਰਿਵਾਰ ਵਿੱਚ ਜਨਮੇ ਸ੍ਰੀ ਜੱਗੀ ਦੇ ਪਿਤਾ ਡਾ. ਰਤਨ ਸਿੰਘ ਜੱਗੀ ਉਘੇ ਸਿੱਖ ਵਿਦਵਾਨ ਹਨ। ਡਾ. ਜੱਗੀ ਨੂੰ ਪਿੱਛੇ ਜਿਹੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਦਲੇ ਚੌਥੇ ਸਰਵਉੱਚ ਸਨਮਾਨ ਪਦਮਾ ਸ਼੍ਰੀ ਨਾਲ ਨਿਵਾਜਿਆ ਗਿਆ ਸੀ। ਘਰ ਦੇ ਉਸਾਰੂ ਤੇ ਸਾਹਿਤਕ ਮਾਹੌਲ ਨੇ ਮਾਲਵਿੰਦਰ ਸਿੰਘ ਜੱਗੀ ਨੂੰ ਬਚਪਨ ਤੋਂ ਹੀ ਚੰਗੇ ਗੁਣਾਂ ਅਤੇ ਪ੍ਰਤੀਬੱਧਤਾ ਦੀ ਗੁੜ੍ਹਤੀ ਦਿੱਤੀ। ਮੁੱਢਲੀ ਸਿੱਖਿਆ ਪਟਿਆਲਾ ਤੋਂ ਹੀ ਹਾਸਲ ਕਰਨ ਤੋਂ ਬਾਅਦ ਸ੍ਰੀ ਜੱਗੀ ਨੇ ਆਪਣੇ ਸਮੇਂ ਦੇ ਪ੍ਰਸਿੱਧ ਇੰਜਨੀਅਰਿੰਗ ਕਾਲਜ ਜੀ.ਐਨ.ਈ. ਲੁਧਿਆਣਾ ਤੋਂ ਇੰਜਨੀਅਰਿੰਗ ਦੀ ਪੇਸ਼ੇਵਰਨਾ ਸਿੱਖਿਆ ਹਾਸਲ ਕੀਤੀ।
1992 ਵਿੱਚ ਸੂਬੇ ਦੀ ਸਭ ਤੋਂ ਸਿਖਰਲੀ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਕੇ ਮਾਲਵਿੰਦਰ ਸਿੰਘ ਜੱਗੀ ਪੀ.ਸੀ.ਐਸ. ਅਧਿਕਾਰੀ ਬਣ ਗਏ। ਸਿਵਲ ਅਧਿਕਾਰੀ ਵਜੋਂ ਲਾਮਿਸਾਲ ਸੇਵਾਵਾਂ ਨਿਭਾਉਂਦਿਆਂ ਉਹ 2005 ਬੈਚ ਦੇ ਆਈ.ਏ.ਐਸ. ਅਧਿਕਾਰੀ ਵਜੋਂ ਪਦਉੱਨਤ ਹੋ ਗਏ। ਤਿੰਨ ਦਹਾਕਿਆਂ ਦੇ ਆਪਣੇ ਸ਼ਾਨਾਮੱਤੇ ਕਰੀਅਰ ਦੌਰਾਨ ਉਨ੍ਹਾਂ ਫੀਲਡ ਵਿੱਚ ਲੁਧਿਆਣਾ ਦੇ ਐਸ.ਡੀ.ਐਮ., ਫਤਹਿਗੜ੍ਹ ਸਾਹਿਬ, ਮਾਨਸਾ ਤੇ ਪਠਾਨਕੋਟ ਦੇ ਏ.ਡੀ.ਸੀ., ਨਗਰ ਨਿਗਮ ਲੁਧਿਆਣਾ ਤੇ ਅੰਮ੍ਰਿਤਸਰ ਦੇ ਕਮਿਸ਼ਨਰ ਅਤੇ ਫਰੀਦਕੋਟ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਈਆਂ। ਇਨ੍ਹਾਂ ਅਹੁਦਿਆਂ ਉਤੇ ਸੇਵਾ ਨਿਭਾਉਂਦਿਆਂ ਉਹ ਲੋਕਾਂ ਦੀ ਨਬਜ਼ ਪਛਾਣ ਕੇ ਆਪਣੀਆਂ ਕੁਸ਼ਲ ਸੇਵਾਵਾਂ ਨਿਭਾਉਣ ਸਦਕਾ ਲੋਕਾਂ ਦੇ ਹਰਮਨ ਪਿਆਰੇ ਅਧਿਕਾਰੀ ਵਜੋਂ ਮਕਬੂਲ ਹੋਏ। ਇਤਿਹਾਸਕ ਜ਼ਿਲੇ ਫਰੀਦਕੋਟ ਵਿਖੇ ਆਪਣੇ ਕਾਰਜਕਾਲ ਦੌਰਾਨ ਦੋ ਵਾਰ ਵਿਸ਼ਵ ਪ੍ਰਸਿੱਧ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੌਰਾਨ ਉਨ੍ਹਾਂ ਵੱਲੋਂ ਨਿਭਾਈ ਸੇਵਾ ਨੂੰ ਅੱਜ ਵੀ ਫਰੀਦਕੋਟ ਵਾਸੀ ਯਾਦ ਕਰਦੇ ਹਨ। ਉਨ੍ਹਾਂ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉਤੇ ਹੱਲ ਕਰਨ ਅਤੇ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਖਤਮ ਕਰਨ ਨੂੰ ਤਰਜੀਹ ਦਿੱਤੀ।
Special-On-Retirement-Ias-Malvinder-Singh-Jaggi-Retires-After-33-Years-Of-Distinguished-Service
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)