February 16, 2026 08:57:32

ਪੰਜਾਬ ਦੇ ਯਤਨਾਂ ਨੂੰ ਪਿਆ ਬੂਰ; ‘‘ਜੀ-4 ਪੋਟਾਸ਼ ਖੋਜ ਪ੍ਰਾਜੈਕਟ" ਨੂੰ ਮਿਲੀ ਮਨਜ਼ੂਰੀ’’:ਬਰਿੰਦਰ ਕੁਮਾਰ ਗੋਇਲ

Feb10,2026 | Meenu Galhotra | Chandigarh


*ਫ਼ਾਜ਼ਿਲਕਾ ਦੇ 48 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਵਿੱਚ 1903.11 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਪੋਟਾਸ਼ ਸਰਵੇਖਣ*

*21 ਮਹੀਨਿਆਂ ਤੋਂ ਵੱਧ ਸਮੇਂ ਵਿੱਚ ਪੜਾਅਵਾਰ ਡਰਿਲਿੰਗ ਯੋਜਨਾ ਤਹਿਤ ਕੀਤੇ ਜਾਣਗੇ 15 ਬੋਰ*

*ਪੰਜਾਬ ਨੇ ਕੌਮੀ ਖਣਿਜ ਚਿੰਤਨ ਸੰਮੇਲਨ-2026 ਦੌਰਾਨ ਚੁੱਕਿਆ ਸੀ ਪੋਟਾਸ਼ ਦਾ ਮੁੱਦਾ*

*ਬਰਿੰਦਰ ਕੁਮਾਰ ਗੋਇਲ ਵੱਲੋਂ ਦੇਸ਼ ਦੀ ਖ਼ੁਰਾਕ ਸੁਰੱਖਿਆ ਲਈ ਸੂਬੇ 'ਚ ਪੋਟਾਸ਼ ਖੋਜ ਨੂੰ ਤਰਜੀਹ ਦੇਣ ਦੀ ਮੰਗ*

*ਭਾਰਤੀ ਭੂ-ਵਿਗਿਆਨਕ ਸਰਵੇਖਣ ਵਿਭਾਗ ਵੱਲੋਂ ਫ਼ਾਜ਼ਿਲਕਾ ਦੇ ਕਈ ਬਲਾਕਾਂ ’ਚ ਪੋਟਾਸ਼ ਸ਼ੁਰੂਆਤੀ ਸਰਵੇਖਣ ਅਤੇ ਖੋਜ ਕਰਨ ਦੀ ਤਜਵੀਜ਼*

ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਭਰ ਦੇ ਸਾਰੇ ਖਣਿਜ ਭਰਪੂਰ ਖੇਤਰਾਂ ਦੀ ਤੁਰੰਤ ਸ਼ਨਾਖ਼ਤ ਕਰਨ ਸਬੰਧੀ ਮੁੱਦੇ ਨੂੰ ਵੱਡੀ ਪੱਧਰ 'ਤੇ ਉਠਾਏ ਜਾਣ ਪਿੱਛੋਂ ਕੇਂਦਰੀ ਖਣਨ ਮੰਤਰਾਲੇ ਦੇ ਕੌਮੀ ਮਿਨਰਲ ਐਕਸਪਲੋਰੇਸ਼ਨ ਐਂਡ ਡਿਵੈਲਪਮੈਂਟ ਟਰੱਸਟ ਦੀ ਪ੍ਰਾਜੈਕਟ ਸੈਂਕਸ਼ਨਿੰਗ ਕਮੇਟੀ ਦੀ 9 ਫ਼ਰਵਰੀ, 2026 ਨੂੰ ਹੋਈ ਮੀਟਿੰਗ ਦੌਰਾਨ ‘‘ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਵਾੜਿਆਂਵਾਲੀ ਖੇਤਰ ਵਿੱਚ ਪੋਟਾਸ਼ ਲਈ ਖੋਜ ਸਰਵੇਖਣ ਜੀ-4’’ ਸਿਰਲੇਖ ਵਾਲੇ ਨਵੇਂ ਖੋਜ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਟਿਡ ਵੱਲੋਂ 21 ਮਹੀਨਿਆਂ ਦੀ ਮਿਆਦ ਅੰਦਰ 1903.11 ਲੱਖ ਰੁਪਏ ਦੀ ਅਨੁਮਾਨਤ ਲਾਗਤ ਨਾਲ 48.0 ਵਰਗ ਕਿਲੋਮੀਟਰ ਖੇਤਰ ਵਿੱਚ ਲਾਗੂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪ੍ਰਵਾਨਿਤ ਯੋਜਨਾ ਅਨੁਸਾਰ 9 ਮਹੀਨਿਆਂ ਬਾਅਦ ਪ੍ਰਾਜੈਕਟ ਦੀ ਸਮੀਖਿਆ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ 3200 ਮੀਟਰ ਦੇ ਗਰਿੱਡ ਅੰਤਰਾਲ ’ਤੇ 5700 ਮੀਟਰ ਦੀ ਕੁੱਲ ਡ੍ਰਿਲਿੰਗ ਸਮੇਤ ਛੇ ਬੋਰਹੋਲ ਕੀਤੇ ਜਾਣਗੇ। ਸਮੀਖਿਆ ਤੋਂ ਬਾਅਦ ਪਛਾਣੇ ਗਏ ਸੰਭਾਵੀ ਜ਼ੋਨਾਂ ਵਿੱਚ ਦੂਜੇ ਪੜਾਅ ਤਹਿਤ 1600 ਮੀਟਰ ਦੇ ਗਰਿੱਡ ਅੰਤਰਾਲ ’ਤੇ 8550 ਮੀਟਰ ਦੀ ਕੁੱਲ ਡ੍ਰਿਲਿੰਗ ਸਮੇਤ ਨੌਂ ਵਾਧੂ ਬੋਰਹੋਲ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਜਨਵਰੀ ਮਹੀਨੇ ਦੌਰਾਨ ਪੰਜਾਬ ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਗੋਇਲ ਨੇ ਗੁਜਰਾਤ ਦੇ ਗਾਂਧੀਨਗਰ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਕੌਮੀ ਖਣਿਜ ਚਿੰਤਨ ਸੰਮੇਲਨ-2026 ਦੌਰਾਨ ਪੰਜਾਬ ਵਿੱਚ ਪੋਟਾਸ਼ ਦੀ ਖੋਜ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਿਆ ਸੀ। ਉਨ੍ਹਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਪੋਟਾਸ਼ ਦੇ ਸੰਭਾਵਿਤ ਸਰੋਤਾਂ ਦੀ ਪਛਾਣ ਦਾ ਮੁੱਦਾ ਚੁੱਕਦਿਆਂ ਫੀਲਡ ਸੀਜ਼ਨ 2025-26 ਦੌਰਾਨ ਡ੍ਰਿਲਿੰਗ ਅਤੇ ਭੂ-ਵਿਗਿਆਨਕ ਮੈਪਿੰਗ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ ਸੀ।

ਇਸੇ ਦੌਰਾਨ ਕੈਬਨਿਟ ਮੰਤਰੀ ਨੇ ਕੇਂਦਰੀ ਏਜੰਸੀਆਂ ਨੂੰ ਅਪੀਲ ਕੀਤੀ ਸੀ ਕਿ ਪੰਜਾਬ ਵਿੱਚ ਪੋਟਾਸ਼ ਦੀ ਖੋਜ ਨੂੰ ਤਰਜੀਹ ਦਿੱਤੀ ਜਾਵੇ ਕਿਉਂਕਿ ਇਸ ਦਾ ਸਿੱਧਾ ਸਬੰਧ ਦੇਸ਼ ਦੀ ਖ਼ੁਰਾਕ ਸੁਰੱਖਿਆ ਅਤੇ ਕਿਸਾਨਾਂ ਦੀ ਭਲਾਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸੂਬੇ ਭਰ ਦੇ ਖਣਿਜ ਭਰਪੂਰ ਖੇਤਰਾਂ ਵਿੱਚ ਭਰੋਸੇਯੋਗ ਢੰਗ ਨਾਲ ਖਣਿਜ ਸੂਚੀ ਤਿਆਰ ਕਰਨ ਲਈ ਸਮੇਂ ਸਿਰ ਕਾਰਵਾਈ ਦੀ ਮੰਗ ਵੀ ਕੀਤੀ ਸੀ।

ਪੰਜਾਬ ਸਰਕਾਰ ਵੱਲੋਂ ਖੋਜ ਖੇਤਰ ਦੇ ਵਿਸਥਾਰ ਬਾਰੇ ਬੇਨਤੀ ਤੋਂ ਬਾਅਦ ਭਾਰਤੀ ਭੂ-ਵਿਗਿਆਨਕ ਸਰਵੇਖਣ ਵਿਭਾਗ ਨੇ ਫੀਲਡ ਸੀਜ਼ਨ 2026-27 ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਦੇ ਕੇਰਾ-ਖੇੜਾ ਬਲਾਕ ਅਤੇ ਸਈਅਦਵਾਲਾ ਬਲਾਕ ਵਿੱਚ ਪੋਟਾਸ਼ ਲਈ ਸ਼ੁਰੂਆਤੀ ਸਰਵੇਖਣ ਅਤੇ ਕੰਧਵਾਲਾ-ਰਾਮਸਰਾ ਬਲਾਕ ਵਿੱਚ ਸ਼ੁਰੂਆਤੀ ਖੋਜ ਪ੍ਰੋਗਰਾਮ ਦੀ ਤਜਵੀਜ਼ ਰੱਖੀ ਹੈ। ਇਸ ਪ੍ਰੋਗਰਾਮ ਤਹਿਤ ਪਛਾਣੀਆਂ ਗਈਆਂ 15 ਸੰਭਾਵੀ ਥਾਵਾਂ ’ਤੇ ਡ੍ਰਿਲਿੰਗ ਕੀਤੀ ਜਾਣੀ ਹੈ। ਕੈਬਨਿਟ ਮੰਤਰੀ ਨੇ ਮੰਗ ਕੀਤੀ ਕਿ ਸੂਬੇ ਦੇ ਪੋਟਾਸ਼ ਸਰੋਤ ਆਧਾਰ ਨੂੰ ਮਜ਼ਬੂਤ ਕਰਨ ਲਈ ਸਾਰੇ ਪ੍ਰਸਤਾਵਿਤ ਬਲਾਕਾਂ ਵਿੱਚ ਕਾਰਜ, ਫੀਲਡ ਸੀਜ਼ਨ 2026-27 ਦੀ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪੂਰੇ ਕੀਤੇ ਜਾਣ।

ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੋਟਾਸ਼ ਦੇਸ਼ ਲਈ ਬਹੁਤ ਮਹੱਤਵਪੂਰਨ ਅਤੇ ਲਾਹੇਵੰਦ ਹੈ ਕਿਉਂਕਿ ਇਸ ਦੀ ਲਗਭਗ 99 ਫ਼ੀਸਦੀ ਲੋੜ ਦਰਾਮਦ ਰਾਹੀਂ ਪੂਰੀ ਕੀਤੀ ਜਾਂਦੀ ਹੈ ਅਤੇ ਘਰੇਲੂ ਖੋਜ ਤੇ ਮਾਈਨਿੰਗ ਵਿੱਚ ਕਿਸੇ ਵੀ ਪ੍ਰਗਤੀ ਨਾਲ ਕੌਮੀ ਅਰਥਵਿਵਸਥਾ, ਖੇਤੀ ਖੇਤਰ ਅਤੇ ਦੀਰਘ-ਕਾਲੀ ਸਵੈ-ਨਿਰਭਰਤਾ ਟੀਚਿਆਂ ਨੂੰ ਮਜ਼ਬੂਤੀ ਮਿਲੇਗੀ।

Punjab-s-Efforts-Have-Been-Thwarted-g-4-Potash-Exploration-Project-Approved-Birinder-Kumar-Goyal


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead