*-ਕੈਬਨਿਟ ਮੰਤਰੀ ਨੇ ਖੋਜ ਅਤੇ ਵਿਕਾਸ 'ਤੇ ਜ਼ੋਰ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਪੂਰਾ ਸਮਰਥਨ ਦੇਣ ਦਾ ਵੀ ਦਿੱਤਾ ਭਰੋਸਾ*
ਪੰਜਾਬ ਨੂੰ ਫਾਰਮਾਸਿਊਟੀਕਲ ਨਿਰਮਾਣ ਲਈ ਸਭ ਤੋਂ ਵਧੀਆ ਸਥਾਨ ਦੱਸਦੇ ਹੋਏ, ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਨਿਵੇਸ਼ਕਾਂ ਅਤੇ ਉਦਯੋਗਪਤੀਆਂ ਨੂੰ ਰਾਜ ਵਿੱਚ ਆਪਣੇ ਉੱਦਮ ਸਥਾਪਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਪੂਰਾ ਸਮਰਥਨ ਦੇਣ ਦਾ ਵੀ ਭਰੋਸਾ ਦਿੱਤਾ।
ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਦੇ ਦੂਜੇ ਦਿਨ 'ਫਾਰਮਾਸਿਊਟੀਕਲ ਨਿਰਮਾਣ ਲਈ ਪੰਜਾਬ ਦੀ ਸਥਿਤੀ' ਵਿਸ਼ੇ 'ਤੇ "ਫਾਰਮਾਸਿਊਟੀਕਲ ਅਤੇ ਬਾਇਓਟੈਕਨਾਲੋਜੀ" ਸਿਰਲੇਖ ਵਾਲੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਸਿਹਤ ਮੰਤਰੀ ਨੇ ਉਦਯੋਗ ਦੇ ਆਗੂਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ, ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਨਿਵੇਸ਼ ਕਰਨ ਲਈ ਕੀ ਲੋੜ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਕੋਲ ਇੱਕ ਪ੍ਰਫੁੱਲਤ ਫਾਰਮਾ ਹੱਬ ਲਈ ਸਾਰੇ ਜ਼ਰੂਰੀ ਤੱਤ ਹਨ, ਜਿਸ ਵਿੱਚ ਮਜ਼ਬੂਤ ਬੁਨਿਆਦੀ ਢਾਂਚਾ, ਉੱਚ-ਪੱਧਰੀ ਮੈਡੀਕਲ ਅਤੇ ਫਾਰਮਾਸਿਊਟੀਕਲ ਸੰਸਥਾਵਾਂ ਅਤੇ ਉੱਚ-ਗੁਣਵੱਤਾ ਵਾਲੀ ਸਿੱਖਿਆ ਅਤੇ ਖੋਜ ਅਤੇ ਵਿਕਾਸ ਲਈ ਵੱਕਾਰੀ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐਨ ਆਈ ਪੀ ਈ ਆਰ) ਸ਼ਾਮਲ ਹਨ।
ਨਵੀਨਤਾ ਦੀ ਮਹੱਤਵਪੂਰਨ ਲੋੜ 'ਤੇ ਜ਼ੋਰ ਦਿੰਦੇ ਹੋਏ, ਡਾ. ਬਲਬੀਰ ਸਿੰਘ ਨੇ ਵਿਸ਼ਵ ਬਾਜ਼ਾਰ ਵਿੱਚ ਪ੍ਰਤੀਯੋਗੀ ਬਣੇ ਰਹਿਣ ਲਈ ਖੋਜ ਅਤੇ ਵਿਕਾਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਆਸਾਨ ਪ੍ਰਵਾਨਗੀਆਂ ਅਤੇ ਕਾਰੋਬਾਰ-ਅਨੁਕੂਲ ਵਾਤਾਵਰਣ ਪ੍ਰਦਾਨ ਕਰਕੇ ਉਦਯੋਗ ਨੂੰ ਸੁਵਿਧਾਜਨਕ ਬਣਾਉਣ ਲਈ ਵਚਨਬੱਧ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਫਾਰਮਾ ਉਦਯੋਗ ਨੂੰ ਬੇਮਿਸਾਲ ਸਹਾਇਤਾ ਦੀ ਪੇਸ਼ਕਸ਼ ਕਰ ਰਹੀ ਹੈ। ਸਾਡੇ ਕੋਲ ਐਨ ਆਈ ਪੀ ਈ ਆਰ ਤੋਂ ਪ੍ਰਤਿਭਾ ਹੈ, ਸਾਡੇ ਕੋਲ ਬੁਨਿਆਦੀ ਢਾਂਚਾ ਹੈ ਅਤੇ ਹੁਣ ਸਾਡੇ ਕੋਲ ਇਸਨੂੰ ਕਾਰੋਬਾਰ ਕਰਨ ਲਈ ਸਭ ਤੋਂ ਆਸਾਨ ਜਗ੍ਹਾ ਬਣਾਉਣ ਦੀ ਰਾਜਨੀਤਿਕ ਇੱਛਾ ਸ਼ਕਤੀ ਹੈ,"।
ਉਨ੍ਹਾਂ ਨਿਵੇਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਆਪਣੀ ਪਸੰਦੀਦਾ ਮੰਜ਼ਿਲ ਸਮਝਣ। ਰਾਜ ਦੇ ਰਣਨੀਤਕ ਫਾਇਦਿਆਂ ਅਤੇ ਨਵੇਂ ਉਦਯੋਗਾਂ ਨੂੰ ਸੰਭਾਲਣ ਵਿੱਚ ਸਰਕਾਰ ਦੇ ਸਰਗਰਮ ਪਹੁੰਚ ਨੂੰ ਉਜਾਗਰ ਕਰਦਿਆਂ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੁਆਰਾ ਲਿਆਂਦੀ ਜਾ ਰਹੀ ਨਵੀਂ ਉਦਯੋਗਿਕ ਨੀਤੀ ਦੀ ਇੱਕ ਝਲਕ ਵੀ ਦਿੱਤੀ, ਜੋ ਕਿ ਫਾਰਮਾਸਿਊਟੀਕਲ ਸੈਕਟਰ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਆਕਰਸ਼ਕ ਪ੍ਰੋਤਸਾਹਨ ਅਤੇ ਇੱਕ ਸੁਚਾਰੂ ਰੈਗੂਲੇਟਰੀ ਢਾਂਚਾ ਪੇਸ਼ ਕਰਨ ਲਈ ਤਿਆਰ ਕੀਤੀ ਗਈ ਹੈ।
ਸੈਸ਼ਨ ਵਿੱਚ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਕੁਮਾਰ ਰਾਹੁਲ, ਇੰਡ-ਸਵਿਫਟ ਗਰੁੱਪ ਦੇ ਸੀ ਐਮ ਡੀ ਐਨ ਆਰ ਮੁੰਜਾਲ, ਸੀ ਐਮ ਡੀ ਟਾਇਨੋਰ ਪੀ ਜੇ ਸਿੰਘ, ਡਾਇਰੈਕਟਰ ਐਨ ਆਈ ਪੀ ਈ ਆਰ ਦੁਲਾਲ ਪਾਂਡਾ, ਸਨਫਾਰਮਾ ਵਿੱਚ ਕਾਰਪੋਰੇਟ ਰਿਲੇਸ਼ਨਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਏ ਐਚ ਖਾਨ ਸਮੇਤ ਪ੍ਰਮੁੱਖ ਪੈਨਲਿਸਟ ਸ਼ਾਮਲ ਸਨ, ਜਦੋਂ ਕਿ ਕੇ ਪੀ ਐਮ ਜੀ ਤੋਂ ਰਮੇਸ਼ ਸ਼ਨਮੁਗਮ ਸੈਸ਼ਨ ਦਾ ਸੰਚਾਲਨ ਕਰ ਰਹੇ ਸਨ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)