ਗੁਪਤ ਜਾਣਕਾਰੀ ਦੇ ਆਧਾਰ ‘ਤੇ ਸਿਹਤ ਵਿਭਾਗ ਵੱਲੋਂ ਗਿੱਲ ਚੌਂਕ ਨੇੜੇ ਇਕ ਦੁਕਾਨ ‘ਤੇ ਅਚਾਨਕ ਛਾਪਾ ਮਾਰਿਆ ਗਿਆ। ਕਾਰਵਾਈ ਦੌਰਾਨ ਟੀਮ ਨੇ ਲਗਭਗ 1,500 ਕਿਲੋ ਸ਼ੱਕੀ ਦੇਸੀ ਘੀ ਬਰਾਮਦ ਕੀਤਾ, ਜਿਸ ਨੂੰ ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸੰਭਾਲਿਆ ਅਤੇ ਵੰਡਿਆ ਜਾ ਰਿਹਾ ਸੀ।ਪ੍ਰਾਰੰਭਿਕ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਸਮਾਨ ਹਾਲ ਹੀ ਵਿੱਚ ਕਿਸੇ ਹੋਰ ਰਾਜ ਤੋਂ ਲਿਆਂਦਾ ਗਿਆ ਸੀ ਅਤੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕੀਤਾ ਜਾ ਰਿਹਾ ਸੀ। ਵਿਭਾਗ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।ਜਾਂਚ ਦੌਰਾਨ ਟੀਮ ਨੇ ਵੱਖ-ਵੱਖ ਖਾਦ ਪਦਾਰਥਾਂ ਦੇ ਕੁੱਲ ਚਾਰ ਸੈਂਪਲ ਲੈਬ ਟੈਸਟ ਲਈ ਭਰੇ ਗਏ। ਇਨ੍ਹਾਂ ਵਿੱਚ ਦੋ ਸੈਂਪਲ ਦੇਸੀ ਘੀ ਦੇ, ਇੱਕ ਸੈਂਪਲ ਸਕਿਮਡ ਮਿਲਕ ਦਾ ਜੋ ਮਿਆਦ ਪੂਰੀ ਕਰ ਚੁੱਕਾ ਸੀ, ਅਤੇ ਇੱਕ ਸੈਂਪਲ ਮਲਟੀ-ਸੋਰਸ ਖਾਣ ਵਾਲੇ ਤੇਲ ਦਾ ਸ਼ਾਮਲ ਹੈ। ਮੌਕੇ ਤੇ ਇਹ ਵੀ ਵੇਖਿਆ ਕਿ ਕੁਝ ਉਤਪਾਦ 2024 ਵਿੱਚ ਹੀ ਮਿਆਦ ਪੂਰੀ ਕਰ ਚੁੱਕੇ ਸਨ ਪਰ ਫਿਰ ਵੀ ਉਹ ਵੰਡ ਲਈ ਰੱਖੇ ਹੋਏ ਸਨ।ਇਹ ਛਾਪੇਮਾਰੀ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਸ਼ੀਸ਼ ਚਾਵਲਾ, ਫੂਡ ਸੇਫਟੀ ਅਫਸਰ ਯੋਗੇਸ਼ ਗੋਯਲ ਅਤੇ ਜਤਿੰਦਰ ਵਿਰਕ ਦੀ ਅਗਵਾਈ ਵਿੱਚ ਕੀਤੀ ਗਈ।ਇਸ ਮਾਮਲੇ ‘ਤੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ, “ਵਿਭਾਗ ਲੋਕਾਂ ਲਈ ਉਪਲਬਧ ਖਾਦ ਪਦਾਰਥਾਂ ਦੀ ਸੁਰੱਖਿਆ ਅਤੇ ਗੁਣਵੱਤਾ ਯਕੀਨੀ ਬਣਾਉਣ ਲਈ ਵਚਨਬੱਧ ਹੈ। ਜੋ ਵੀ ਵਿਅਕਤੀ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।”ਜ਼ਿਲ੍ਹਾ ਸਿਹਤ ਅਫਸਰ ਡਾ. ਅਸ਼ੀਸ਼ ਚਾਵਲਾ ਨੇ ਕਿਹਾ, “ਜਬਤ ਕੀਤਾ ਸਮਾਨ ਅਤੇ ਲਏ ਗਏ ਸੈਂਪਲਾ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਲੈਬ ਰਿਪੋਰਟਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਨਿਰੰਤਰ ਨਿਗਰਾਨੀ ਜਾਰੀ ਰਹੇਗੀ।”ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਲਾਜ਼ਮੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੋਰ ਜਾਂਚ ਜਾਰੀ ਹੈ।
Health-Department-Seizes-1-500-Kg-Of-Suspected-Desi-Ghee
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)