ਸੰਗਰੂਰ ਪੁਲਿਸ ਨੇ ਸਬ ਡਵੀਜਨ ਦਿੜ੍ਹਬਾ ਅੰਦਰ "ਯੁੱਧ ਨਸ਼ਿਆਂ ਵਿਰੁੱਧ" ਅਤੇ "ਪਿੰਡਾਂ ਦੇ ਪਹਿਰੇਦਾਰ" ਮੁਹਿੰਮ ਦੌਰਾਨ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪ੍ਰਗਟਾਵਾ ਸੰਗਰੂਰ ਦੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਦਿੜ੍ਹਬਾ ਸਬ ਡਵੀਜਨ ਦੀ ਪੁਲਿਸ ਨੇ ਮਿਤੀ 17 ਅਪ੍ਰੈਲ ਤੋਂ 23 ਅਪ੍ਰੈਲ 2026 ਤੱਕ ਐੱਨ.ਡੀ.ਪੀ.ਐੱਸ ਐਕਟ ਤਹਿਤ 09 ਮੁੱਕਦਮੇ ਦਰਜ ਕਰਕੇ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਇੰਨਾਂ ਵੱਖ-ਵੱਖ ਮੁੱਕਦਮਿਆਂ ਵਿੱਚ 228 ਨਸ਼ੀਲੀਆਂ ਗੋਲੀਆਂ ਅਤੇ 24 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ ਨਸ਼ੇ ਦੀ ਦਲਦਲ ਵਿੱਚ ਫਸੇ 07 ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਵਾਇਆ ਹੈ ਅਤੇ 05 ਵਿਅਕਤੀਆਂ ਦੀ ਓਟ ਸੈਂਟਰ ਵਿੱਚ ਰਜਿਸਟਰੇਸ਼ਨ ਕਰਵਾਕੇ ਦਵਾਈ ਸ਼ੁਰੂ ਕਰਵਾਈ ਗਈ ਹੈ।
ਉਨ੍ਹਾਂ ਹੋਰ ਦੱਸਿਆ ਕਿ ਸਬ ਡਵੀਜਨ ਦਿੜ੍ਹਬਾ ਦੀ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਦੇ ਵੱਖ-ਵੱਖ ਜੁਰਮਾਂ ਤਹਿਤ 105 ਟਰੈਫਿਕ ਚਲਾਣ ਕੀਤੇ ਗਏ ਅਤੇ ਅਮਨ ਕਾਨੂੰਨ ਵਿੱਚ ਖਲਲ ਪਾਉਣ ਵਾਲੇ 18 ਵਿਅਕਤੀਆਂ ਖ਼ਿਲਾਫ਼ ਰੋਕੂ ਕਾਰਵਾਈ ਕੀਤੀ ਗਈ। ਇਲਾਕੇ ਵਿੱਚ ਆਮ ਪਬਲਿਕ ਦੀ ਸੁਰੱਖਿਆ ਦੇ ਮੱਦੇ ਨਜ਼ਰ ਦਿਨ-ਰਾਤ ਸਮੇਂ ਨਾਕਾਬੰਦੀ ਅਤੇ ਪੈਟਰੋਲਿੰਗ ਦੌਰਾਨ 60 ਸ਼ੱਕੀ ਵਿਅਕਤੀਆਂ ਖਿਲਾਫ 172 ਬੀ.ਐਨ.ਐਸ.ਐਸ. ਤਹਿਤ ਕਾਰਵਾਈ ਕੀਤੀ ਗਈ ਹੈ।
ਐਸ.ਐਸ.ਪੀ ਚਾਹਲ ਨੇ ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰਾਂ ਨਾਲ ਮੀਟਿੰਗਾਂ ਕਰਕੇ ਆਮ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਕਾਲੇ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹ ਦੇਣ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੰਗਰੂਰ ਪੁਲਿਸ ਇਸ ਗੱਲੋਂ ਵਚਨਬੱਧ ਹੈ ਕਿ ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾਣ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)