May 7, 2026 14:47:25

ਫੁੱਟ ਪਾਊ ਰਾਜਨੀਤੀ ਅਤੇ ਭਾਈਚਾਰਿਆਂ ਵਿੱਚ ਟਕਰਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਲੋਕਤੰਤਰ ਲਈ ਵਧੇਰੇ ਘਾਤਕ ਅਤੇ ਸਾਡੇ ਸ਼ਹੀਦਾਂ ਦੇ ਆਦਰਸ਼ਾਂ ਦੇ ਵਿਰੁੱਧ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

May6,2026 | Meenu Galhotra/Anupam | KHATKAR KALAN

*ਇਹ ਉਹ ਭਾਰਤ ਨਹੀਂ ਹੈ ਜਿਸ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀਆਂ ਜਾਨਾਂ ਵਾਰੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਅਸੀਂ ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਬਣਾਇਆ ਹੈ, ਜੋ ਯਕੀਨੀ ਬਣਾਏਗਾ ਕਿ ਕੋਈ ਵੀ ਦੋਸ਼ੀ ਕਾਨੂੰਨੀ ਖਾਮੀਆਂ ਦਾ ਫਾਇਦਾ ਉਠਾ ਕੇ ਸਜ਼ਾ ਤੋਂ ਬਚ ਨਾ ਸਕੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਬੇਅਦਬੀ ਘਟਨਾਵਾਂ ਨਾਲ ਜੁੜੇ ਅਤੇ ਸ਼ਰਧਾਲੂਆਂ 'ਤੇ ਗੋਲੀਆਂ ਚਲਾਉਣ ਦਾ ਹੁਕਮ ਦੇਣ ਵਾਲੇ ਕਦੇ ਵੀ ਇਸ ਕਾਨੂੰਨ ਦਾ ਸਮਰਥਨ ਨਹੀਂ ਕਰਨਗੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*



ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੇਸ਼ ਭਰ ਵਿੱਚ ਚੱਲ ਰਹੀ ਫੁੱਟ ਪਾਊ ਰਾਜਨੀਤੀ 'ਤੇ ਤਿੱਖਾ ਹਮਲਾ ਬੋਲਦਿਆਂ ਚੇਤਾਵਨੀ ਦਿੱਤੀ ਕਿ ਭਾਈਚਾਰਿਆਂ ਵਿੱਚ ਟਕਰਾਅ ਪੈਦਾ ਕਰਨ ਲਈ ਘੜੇ ਜਾ ਰਹੇ ਮਨਸੂਬੇ ਦੇਸ਼ ਨੂੰ ਉਨ੍ਹਾਂ ਆਦਰਸ਼ਾਂ ਤੋਂ ਦੂਰ ਧੱਕ ਰਹੇ ਹਨ, ਜਿਨ੍ਹਾਂ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸਨ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੱਥਾ ਟੇਕਣ ਤੋਂ ਬਾਅਦ "ਸ਼ੁਕਰਾਨਾ ਯਾਤਰਾ" ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਬਣਾਇਆ ਹੈ, ਜੋ ਇਹ ਯਕੀਨੀ ਬਣਾਏਗਾ ਕਿ ਕੋਈ ਵੀ ਦੋਸ਼ੀ ਕਾਨੂੰਨੀ ਖਾਮੀਆਂ ਦਾ ਫਾਇਦਾ ਉਠਾ ਕੇ ਸਜ਼ਾ ਤੋਂ ਨਾ ਬਚ ਸਕੇ।
ਆਪਣੇ ਐਕਸ ਹੈਂਡਲ ’ਤੇ ਕੁਝ ਫੋਟੋਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ "ਅੱਜ ਮੈਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਸਥਾਨ ਖਟਕੜ ਕਲਾਂ ਦੀ ਪਵਿੱਤਰ ਧਰਤੀ 'ਤੇ ਨਤਮਸਤਕ ਹੋ ਕੇ ਸਾਡੇ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ਼ੁਕਰਾਨਾ ਯਾਤਰਾ ਵਿੱਚ ਸ਼ਾਮਲ ਹੋਏ ਵੱਡੀ ਗਿਣਤੀ ਸ਼ਰਧਾਲੂਆਂ ਵੱਲੋਂ ਚੱਲਿਆ ਗਿਆ ਹਰ ਕਦਮ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ।
ਉਨ੍ਹਾਂ ਨੇ ਪੋਸਟ ਵਿੱਚ ਅੱਗੇ ਲਿਖਿਆ "ਪ੍ਰਮਾਤਮਾ ਦੀ ਅਪਾਰ ਕਿਰਪਾ ਨਾਲ, ਸਾਨੂੰ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦਾ ਮੌਕਾ ਮਿਲਿਆ ਹੈ, ਜਿਸ ਲਈ ਅਸੀਂ ਗੁਰੂ ਸਾਹਿਬ ਦੇ ਸ਼ੁਕਰਗੁਜ਼ਾਰ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਵਵਿਆਪੀ ਸੰਦੇਸ਼ ਸਾਨੂੰ 'ਸਰਬੱਤ ਦੇ ਭਲੇ' ਦਾ ਮਾਰਗ ਦਿਖਾਉਂਦਾ ਹੈ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਰਾਖੀ ਅਤੇ ਜਨਤਾ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਾਡਾ ਕੰਮ ਨਿਰੰਤਰ ਜਾਰੀ ਰਹੇਗਾ।
"ਸ਼ੁਕਰਾਨਾ ਯਾਤਰਾ" ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਤਾਂ ਆਪਣਾ ਫ਼ਰਜ਼ ਸਮਝਦਿਆਂ ਸਾਡੇ ਮਹਾਨ ਸ਼ਹੀਦਾਂ ਦੇ ਦਰਸਾਏ ਮਾਰਗ 'ਤੇ ਚੱਲ ਰਹੀ ਹੈ, ਪਰ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਦੇਖਿਆ ਗਿਆ ਆਜ਼ਾਦੀ ਦਾ ਸੁਪਨਾ ਅਜੇ ਵੀ ਅਧੂਰਾ ਹੈ। ਇਹ ਉਹ ਭਾਰਤ ਨਹੀਂ ਹੈ ਜਿਸ ਲਈ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਅੱਜ ਫੁੱਟ ਪਾਊ ਰਾਜਨੀਤੀ ਅਤੇ ਭਾਈਚਾਰਿਆਂ ਵਿੱਚ ਟਕਰਾਅ ਪੈਦਾ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਲੋਕਤੰਤਰ ਅਤੇ ਰਾਸ਼ਟਰਵਾਦ ਦੀ ਭਾਵਨਾ ਦੇ ਵਿਰੁੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਅਜਾਈਂ ਨਹੀਂ ਜਾਣ ਦੇਵੇਗੀ। ਉਨ੍ਹਾਂ ਕਿਹਾ ਕਿ ਇੱਕ ਵਿਸ਼ਵ ਪੱਧਰੀ ਅਜਾਇਬ ਘਰ ਬਣਾਇਆ ਜਾ ਰਿਹਾ ਹੈ ਤਾਂ ਜੋ ਦੁਨੀਆ ਭਰ ਦੇ ਲੋਕ ਇਸ ਦਾ ਦੌਰਾ ਕਰਨ ਅਤੇ ਉਨ੍ਹਾਂ ਨੂੰ ਪਤਾ ਲੱਗੇ ਕਿ ਭਾਰਤ ਦੀ ਆਜ਼ਾਦੀ ਤੋਹਫ਼ਿਆਂ ਜਾਂ ਮਿਹਰਬਾਨੀਆਂ ਨਾਲ ਨਹੀਂ, ਸਗੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਵਰਗੇ ਅਨਮੋਲ ਹੀਰਿਆਂ ਦੀਆਂ ਮਹਾਨ ਕੁਰਬਾਨੀਆਂ ਰਾਹੀਂ ਹਾਸਲ ਕੀਤੀ ਗਈ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ "ਸ਼ੁਕਰਾਨਾ ਯਾਤਰਾ" ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਸ਼ਰਧਾਲੂਆਂ ਨੇ ਫੁੱਲਾਂ ਅਤੇ ਸਿਰੋਪਾਓ ਨਾਲ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਸ਼ੁਕਰਾਨੇ ਦਾ ਹੱਕਦਾਰ ਕੋਈ ਵਿਅਕਤੀ ਵਿਸ਼ੇਸ਼ ਨਹੀਂ, ਸਗੋਂ ਉਹ ਪ੍ਰਮਾਤਮਾ ਹੈ, ਜਿਸ ਨੇ ਪੰਜਾਬ ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ।

"ਸਰਬਸ਼ਕਤੀਮਾਨ ਪ੍ਰਮਾਤਮਾ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਲਿਆਉਣ ਅਤੇ ਲਾਗੂ ਕਰਨ ਦਾ ਬਲ ਬਖਸ਼ਿਆ ਹੈ ਅਤੇ ਅਸੀਂ ਪ੍ਰਮਾਤਮਾ ਵੱਲੋਂ ਸਾਨੂੰ ਦਿੱਤੀ ਇਸ ਜ਼ਿੰਮੇਵਾਰੀ ਲਈ ਸ਼ੁਕਰਾਨਾ ਕਰਨ ਵਾਸਤੇ ਇਸ ਯਾਤਰਾ ‘ਤੇ ਚੱਲੇ ਹਾਂ।
ਲੋਕਾਂ, ਖਾਸ ਕਰਕੇ ਮਾਵਾਂ ਤੇ ਭੈਣਾਂ ਦਾ ਧੰਨਵਾਦ ਕਰਦਿਆਂ ਜੋ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਹੁੰਚੀਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੇਅਦਬੀ ਦੀ ਹਰ ਘਟਨਾ ਨੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਹਮੇਸ਼ਾ ਉਮੀਦ ਕਰਦੇ ਸਨ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ, ਉੱਥੇ ਕਾਨੂੰਨੀ ਖਾਮੀਆਂ ਦਾ ਫਾਇਦਾ ਉਠਾਉਂਦਿਆਂ ਦੋਸ਼ੀ ਮਾਨਸਿਕ ਸਥਿਤੀ ਦਾ ਬਹਾਨਾ ਬਣਾ ਕੇ ਅਕਸਰ ਸਜ਼ਾ ਤੋਂ ਬਚਦੇ ਰਹੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ “ਜ਼ਿਆਦਾਤਰ ਮਾਮਲਿਆਂ ਵਿੱਚ ਦੋਸ਼ੀ ਇਹ ਕਹਿ ਕੇ ਸਜ਼ਾ ਤੋਂ ਬਚ ਜਾਂਦੇ ਸਨ ਕਿ ਉਨ੍ਹਾਂ ਦਾ ਮਨ ਪਰੇਸ਼ਾਨ ਹੈ ਜਾਂ ਉਹ ਮਾਨਸਿਕ ਤੌਰ 'ਤੇ ਅਸਥਿਰ ਹਨ। ਪਰ ਜੇਕਰ ਕੋਈ ਸੱਚਮੁੱਚ ਮਾਨਸਿਕ ਤੌਰ 'ਤੇ ਅਸਥਿਰ ਹੈ ਤਾਂ ਉਹ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦਾ ਹੈ? ਉਹ ਰੇਲਗੱਡੀ ਦੇ ਇੰਜਣ ਨਾਲ ਨਹੀਂ ਟਕਰਾਉਂਦਾ ਜਾਂ ਬਿਜਲੀ ਦੀਆਂ ਤਾਰਾਂ ਨੂੰ ਕਿਉਂ ਨਹੀਂ ਛੂੰਹਦਾ? ਉਨ੍ਹਾਂ ਕਿਹਾ ਕਿ ਦਰਅਸਲ ਸੱਚਾਈ ਇਹ ਹੈ ਕਿ ਜ਼ਿਆਦਾਤਰ ਘਟਨਾਵਾਂ ਜਾਣਬੁੱਝ ਕੇ ਅਤੇ ਯੋਜਨਾਬੱਧ ਢੰਗ ਨਾਲ ਕੀਤੀਆਂ ਗਈਆਂ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਖਾਮੀਆਂ ਦਾ ਫਾਇਦਾ ਉਠਾ ਕੇ ਦੋਸ਼ੀਆਂ ਨੂੰ ਬਚ ਕੇ ਨਿਕਲਣ ਤੋਂ ਰੋਕਣ ਲਈ, ਪੰਜਾਬ ਸਰਕਾਰ ਨੇ ਕਾਨੂੰਨ ਵਿੱਚ ਸਖ਼ਤ ਉਪਬੰਧ ਕੀਤੇ ਹਨ ਜਿਸ ਤਹਿਤ ਜੇਕਰ ਕਿਸੇ ਦੋਸ਼ੀ ਨੂੰ ਮੈਡੀਕਲੀ ਮਾਨਸਿਕ ਤੌਰ 'ਤੇ ਅਸਥਿਰ ਐਲਾਨਿਆ ਜਾਂਦਾ ਹੈ, ਤਾਂ ਵੀ ਉਸ ਵਿਅਕਤੀ ਦੇ ਮਾਪਿਆਂ, ਸਰਪ੍ਰਸਤਾਂ ਜਾਂ ਦੇਖਭਾਲ ਕਰਨ ਵਾਲਿਆਂ ਨੂੰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਕਾਨੂੰਨ ਤਹਿਤ ਘੱਟੋ-ਘੱਟ 10 ਸਾਲ ਲਈ ਕੋਈ ਜ਼ਮਾਨਤ ਨਹੀਂ ਹੋਵੇਗੀ ਅਤੇ ਗੰਭੀਰ ਮਾਮਲਿਆਂ ਵਿੱਚ ਸਜ਼ਾ ਉਮਰ ਕੈਦ ਤੱਕ ਵਧ ਸਕਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਾਨੂੰਨ ਕਾਨੂੰਨੀ ਮਾਹਿਰਾਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ਵਿੱਚ ਕੋਈ ਵੀ ਕਮੀ ਜਾਂ ਸੋਧ ਇਸਨੂੰ ਕਮਜ਼ੋਰ ਨਾ ਕਰੇ।
ਉਨ੍ਹਾਂ ਅੱਗੇ ਕਿਹਾ ਕਿ "ਸਰਬਸ਼ਕਤੀਮਾਨ ਪ੍ਰਮਾਤਮਾ ਨੇ ਸਾਨੂੰ ਇਹ ਕਾਨੂੰਨ ਲਿਆਉਣ ਲਈ ਸੋਝੀ ਅਤੇ ਬਲ ਬਖਸ਼ਿਆ ਹੈ। ਅਸੀਂ ਇਸ ਨੂੰ ਧਿਆਨ ਨਾਲ ਤਿਆਰ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਕੋਈ ਇਸਨੂੰ ਕਮਜ਼ੋਰ ਨਾ ਕਰ ਸਕੇ।
ਅਕਾਲੀ ਲੀਡਰਸ਼ਿਪ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਕਦੇ ਵੀ ਅਜਿਹੇ ਕਾਨੂੰਨ ਦਾ ਸਮਰਥਨ ਨਹੀਂ ਕਰੇਗਾ ਕਿਉਂਕਿ ਉਨ੍ਹਾਂ ਦੇ ਆਪਣੇ ਨਾਮ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਦਾ ਸਾਥ ਇਹ ਮੰਨ ਕੇ ਦਿੱਤਾ ਕਿ ਉਹ ਬਾਬਾ ਨਾਨਕ ਦੀ ਵਿਰਾਸਤ ਦਾ ਪਾਸਾਰ ਕਰਦੇ ਹਨ, ਪਰ ਉਨ੍ਹਾਂ ਦੇ ਹੀ ਕਾਰਜਕਾਲ ਦੌਰਾਨ ਸੜਕਾਂ 'ਤੇ ਬਾਬੇ ਨਾਨਕ ਦੀ ਬਾਣੀ ਰੋਲੀ ਗਈ। ਉਨ੍ਹਾਂ ਨੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸ਼ਰਧਾਲੂਆਂ 'ਤੇ ਪਾਣੀ ਦੀਆਂ ਤੋਪਾਂ ਅਤੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਲੋਕਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ? ਜਦੋਂ ਤੋਂ ਇਹ ਕਾਨੂੰਨ ਪਾਸ ਹੋਇਆ ਹੈ, ਪੰਜਾਬ ਵਿੱਚ ਅਕਾਲੀ ਦਲ ਦਾ ਇੱਕ ਵੀ ਨੇਤਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਨਾਮ ਸਾਹਮਣੇ ਆ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬੇਈਮਾਨ ਲੋਕਾਂ ’ਤੇ ਕਦੇ ਵੀ ਸਦਾ ਲਈ ਪਰਮਾਤਮਾ ਦੀ ਨਜ਼ਰ ਸਵੱਲੀ ਨਹੀਂ ਰਹਿੰਦੀ। ਅਕਾਲੀ ਆਗੂਆਂ ਦੇ ਪਿਛਲੇ ਰਾਜਨੀਤਿਕ ਦਾਅਵਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਦੇ 25 ਸਾਲ ਪੰਜਾਬ ’ਤੇ ਰਾਜ ਕਰਨ ਦਾ ਦਾਅਵਾ ਕਰਦੇ ਸਨ, ਉਨ੍ਹਾਂ ਨੂੰ ਅੱਜ ਚੋਣਾਂ ਲੜਨ ਲਈ 25 ਉਮੀਦਵਾਰ ਵੀ ਨਹੀਂ ਲੱਭ ਰਹੇ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਰਾਜਨੀਤਿਕ ਤੌਰ ’ਤੇ ਨਕਾਰ ਦਿੱਤਾ ਹੈ।
ਇਸ ਤੋਂ ਪਹਿਲਾਂ, ਬਲਾਚੌਰ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਹ ਦੇਖ ਕੇ ਬਹੁਤ ਖੁਸ਼ ਹਨ ਕਿ ਯਾਤਰਾ ਜਿੱਥੇ-ਜਿੱਥੇ ਵੀ ਪਹੁੰਚ ਰਹੀ ਹੈ, ਉੱਥੇ-ਉੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਭਾਗੀਦਾਰੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 2022 ਵਿੱਚ ਲੋਕਾਂ ਵੱਲੋਂ ਸੌਂਪੀ ਗਈ ਹਰ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾ ਰਹੀ ਹੈ ਅਤੇ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ।
ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਭਰ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜੋ ਲੋਕਾਂ ਨੂੰ ਮੁਫ਼ਤ ਇਲਾਜ ਪ੍ਰਦਾਨ ਕਰ ਰਹੇ ਹਨ, ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, 90% ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, ਸੀਵਰੇਜ ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਹਸਪਤਾਲਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ ਅਤੇ ਪੰਜਾਬ ਦਾ ਹਰ ਪਰਿਵਾਰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਪ੍ਰਾਪਤ ਕਰਨ ਦੇ ਯੋਗ ਬਣਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਦਿਨ ਵੇਲੇ ਮੁਫ਼ਤ ਬਿਜਲੀ ਮਿਲ ਰਹੀ ਹੈ, ਲਗਭਗ 14000 ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ ਅਤੇ ਨਹਿਰਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਦਾ ਪਾਣੀ ਹਰ ਖੇਤ ਤੱਕ ਪਹੁੰਚੇ।
ਅਕਾਲੀਆਂ ’ਤੇ ਫਿਰ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਅਕਾਲੀ ਸੱਤਾ ਵਿੱਚ ਸਨ ਤਾਂ ਉਹ ਕਦੇ ਵੀ ਅਜਿਹਾ ਕਾਨੂੰਨ ਬਣਾਉਣ ਵਿੱਚ ਸੁਹਿਰਦਤਾ ਨਹੀਂ ਦਿਖਾਈ ਕਿਉਂਕਿ ਉਨ੍ਹਾਂ ਦੇ ਇਰਾਦੇ ਰਾਜਨੀਤਿਕ ਸਰੋਕਾਰਾਂ ਤੱਕ ਸੀਮਤ ਸਨ। ਉਨ੍ਹਾਂ ਕਿਹਾ ਕਿ ਰਾਜਨੀਤਿਕ ਲਾਭ ਲੈਣ ਲਈ ਬੇਅਦਬੀ ਦੀਆਂ ਘਟਨਾਵਾਂ ਨੂੰ ਜਾਣ-ਬੁੱਝ ਕੇ ਹੋਣ ਦਿੱਤਾ ਗਿਆ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਗਲਤੀਆਂ ਮੰਨਣ ਦੇ ਬਾਵਜੂਦ ਉਹ ਬਾਅਦ ਵਿੱਚ ਜਨਤਕ ਤੌਰ ’ਤੇ ਉਨ੍ਹਾਂ ਤੋਂ ਮੁਨਕਰ ਹੋ ਗਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੇਤਾਵਨੀ ਦਿੰਦਿਆਂ ਕਿਹਾ, ‘‘ਜੋ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਝੂਠ ਬੋਲ ਸਕਦੇ ਹਨ ਉਹ ਕਦੇ ਵੀ ਕਿਸੇ ਦੇ ਵਫ਼ਾਦਾਰ ਨਹੀਂ ਰਹਿ ਸਕਦੇ। ਪੰਜਾਬ ਦੇ ਲੋਕਾਂ ਨੂੰ ਅਜਿਹੇ ਆਗੂਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।’’

Divisive-Politics-Attempts-To-Create-Conflict-Among-Communities-Are-Dangerous-For-Democracy-Against-The-Ideals-Of-Our-Martyrs-Cm-Bhagwant-Singh-Mann


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead