ਪਿਛਲੇ ਸਾਲ ਮੋਹਿਨੀ ਰਸੀਲਾ ਸਦੀਵੀ ਵਿਛੋੜਾ ਦੇ ਗਈ ਸੀ। ਉਸ ਦੀ ਯਾਦ ਵਿੱਚ ਅੱਜ ਉਸ ਦੇ ਪਰਿਵਾਰ ਵੱਲੋਂ ਕਲਾਨੌਰ ਨੇੜੇ ਪਿੰਡ ਖੁਸ਼ੀਪੁਰ(ਗੁਰਦਾਸਪੁਰ) ਵਿੱਚ ਪਹਿਲਾ ਮੋਹਿਨੀ ਰਸੀਲਾ ਯਾਦਗਾਰੀ ਮੇਲਾ ਲਾਇਆ ਗਿਆ। ਇਸ ਵਿੱਚ ਮਾਝੇ ਦੇ ਲਗਪਗ ਸਭ ਸਿਰਕੱਢ ਗਾਇਕ ਸ਼ਾਮਲ ਹੋਏ। ਮੋਹਿਨੀ ਰਸੀਲਾ ਬਾਰੇ ਰਾਜਪਾਲ ਸਿੰਘ ਬਾਠ ਵੱਲੋਂ ਸੰਪਾਦਿਤ ਕਿਤਾਬ “ਸੁਰਾਂ ਦੀ ਨਜ਼ਮ “ ਇਸ ਮੌਕੇ ਗੁਰਮੀਤ ਸਿੰਘ ਬਾਜਵਾ ਨੇ ਪਤਵੰਤੇ ਸੱਜਣਾਂ ਤੋਂ ਲੋਕ ਅਰਪਨ ਕਰਵਾਈ। ਮੁਬਾਰਕ ਕਦਮ ਹੈ। ਯਾਦ ਰੱਖਣ ਲਈ ਕਿਤਾਬ ਤੋਂ ਵੱਡਾ ਹੋਰ ਕੋਈ ਸਾਧਨ ਨਹੀਂ। ਰਛਪਾਲ ਰਸੀਲਾ ਇਸ ਉੱਦਮ ਲਈ ਮੁਬਾਰਕ ਦਾ ਹੱਕਦਾਰ ਹੈ।
ਹੁਣ ਮੈਥੋਂ ਪੁੱਛੋ ਮੋਹਿਨੀ ਰਸੀਲਾ ਕੌਣ ਸੀ?
ਰਾਵੀ ਦਰਿਆ ਦੇ ਉਰਵਾਰ ਪਾਰ ਸ਼ਬਦ ਸੁਰ ਸੰਗੀਤ ਤੇ ਲਿਆਕਤ ਦੀ ਭਰਪੂਰ ਫ਼ਸਲ ਉੁੱਗਦੀ ਹੈ। 1947 ਤੋਂ ਪਹਿਲਾਂ ਜਦ ਵਤਨ ਇੱਕ ਹੀ ਸੀ ਤਾਂ ਦਰਿਆਉਂ ਆਰ ਪਾਰ ਗਵੱਈਏ ਅਕਸਰ ਆਉਂਦੇ ਜਾਂਦੇ। ਬਹੁਤੇ ਗਾਇਕ ਮਰਦ ਹੁੰਦੇ। ਔਰਤਾਂ ਗਾਉਂਦੀਆਂ ਸਨ ਪਰ ਘਰ ਦੀ ਚਾਰਦੀਵਾਰੀ ਦੇ ਅੰਦਰ ਅੰਦਰ ਹੀ। ਤ੍ਰਿੰਝਣ ਵਿੱਚ ਚਰਖੇ ਕੱਤਣ ਵੇਲੇ ਜਾਂ ਵਿਆਹ ਸ਼ਾਦੀਆਂ ਵਿੱਚ ਗਾਉਣ ਬਿਠਾਉਣ ਵੇਲੇ। ਲੰਮੀ ਹੇਕ ਦੇ ਗੀਤ ਸਰਦਾਰੀ ਕਰਦੇ। ਨਿੱਕੇ ਹੁੰਦਿਆਂ ਮੈਂ ਆਪਣੀਆਂ ਤਾਇਆ ਜੀ ਦੀਆਂ ਧੀਆਂ ਭੈਣ ਜੀਤੋ ਤੇ ਭੈਣ ਵੀਰੋ ਨੂੰ ਸਿਰ ਜੋੜ ਕੇ ਗਾਉਂਦੀਆਂ ਸੁਣਿਆ ਹੋਇਆ ਹੈ। ਭੈਣ ਵੀਰੋ ਦੀ ਵਜਾਈ ਪਿੱਤਲ ਦੀ ਗਾਗਰ ਹੁਣ ਵੀ ਬਹੁਤ ਵਾਰ ਸੁਪਨਿਆਂ ਵਿੱਚ ਵੱਜਦੀ ਸੁਣਾਈ ਦਿੰਦੀ ਹੈ।
ਘੜਾ ਵੱਜਦਾ ਘੜੋਲੀ ਵੱਜਦੀ
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ
ਹੁਣ ਗਾਗਰ ਕਿਤੇ ਨਹੀਂ ਸੁਣਦੀ। ਇਹ ਘਰ ਦੇ ਭਾਂਡਿਆਂ ਵਿੱਚੋਂ ਵੀ ਗੈਰਹਾਜ਼ਰ ਹੋ ਗਈ ਹੈ ਤੇ ਸਾਜ਼ਾਂ ਵਿੱਚੋਂ ਵੀ। ਕਿੰਨਾ ਸੋਨਾ ਰੇਤ ਵਿੱਚ ਰਲ਼ ਕੇ ਮਿੱਟੀ ਹੋ ਗਿਆ, ਲਗਾਤਾਰ ਲੋਕ ਸਾਜ਼ ਵੀ ਅਲੋਪ ਹੋ ਰਹੇ ਹਨ।
ਏਦਾਂ ਹੀ ਲੋਕ ਰੰਗ ਗਾਉਣ ਤੇ ਲਿਖਣ ਵਾਲੇ ਮਰ ਮੁੱਕ ਰਹੇ ਨੇ। ਸੋਨੇ ਦੀਆਂ ਡਲ਼ੀਆਂ ਵਰਗੇ ਗਵੱਈਏ। ਢਾਡੀ ਸੋਹਣ ਸਿੰਘ ਸੀਤਲ, ਜਸਵੰਤ ਸਿੰਘ ਚਾੜ੍ਹ ਭੱਟੀ, ਗੁਰਚਰਨ ਸਿੰਘ ਗੋਹਲਵੜ, ਮੂਲਾ ਸਿੰਘ ਪਾਖਰਪੁਰੀ, ਕਵੀਸ਼ਰ ਜੋਗਾ ਸਿੰਘ ਜੋਗੀ, ਕੁਲਵੰਤ ਸਿੰਘ ਬੀ ਏ, ਬਲਦੇਵ ਸਿੰਘ ਬੈਂਕਾ ਤੇ ਕਿੰਨੇ ਹੋਰ। ਲੋਕ ਗਾਇਕ ਦੇਵਿੰਦਰ ਸਿੰਘ ਨਬੀਪੁਰ , ਅਮਰਜੀਤ ਗੁਰਦਾਸਪੁਰੀ, ਸਾਡੇ ਪਿੰਡ ਬਸੰਤਕੋਟ ਵਾਲਾ ਹਰਦੇਵ ਸਿੰਘ ਖੁਸ਼ਦਿਲ, ਜਸਬੀਰ ਖੁਸ਼ਦਿਲ ਖੇਲਿਆਂ ਵਾਲਾ, ਗਿਆਨ ਸਿੰਘ ਕੰਵਲ, ਜਾਗੀਰ ਸਿੰਘ ਤਾਲਿਬ,ਅਮਰੀਕ ਸਿੰਘ ਹਰਗੋਬਿੰਦਪੁਰੀ, ਲਖਬੀਰ ਸਿੰਘ ਲੱਖਾ ਭਰਥ ਕਿੱਥੋ ਲੱਭਣੇ ਨੇ ਲਾਲ ਗੁਆਚੇ।
ਮਾਝੇ ਦੀਆਂ ਸੁਰੀਲੀਆਂ ਧੀਆਂ ਵਿੱਚ ਜੋਗਿੰਦਰ ਅਰੋੜਾ, ਗੁਰਮੀਤ ਬਾਵਾ, ਪ੍ਰੀਤੀ ਬਾਲਾ ਤੇ ਮੋਹਿਨੀ ਰਸੀਲਾ ਵੀ ਦੂਰ ਦੇਸ਼ ਚਲੀਆਂ ਗਈਆਂ, ਜਿੱਥੋਂ ਜਾ ਕੇ ਕੋਈ ਨਹੀਂ ਪਰਤਿਆ।
ਅਮਰਜੀਤ ਗੁਰਦਾਪੁਰੀ ਅਕਸਰ ਕਹਿੰਦੇ ਹੁੰਦੇ ਸਨ ਕਿ ਮਾਝੇ ਦੀ ਗਾਇਕੀ ਦਾ ਰੰਗ ਢੰਗ ਮਰਦਾਵਾਂ ਤੇ ਸੁਰੀਲਾ ਹੋਣ ਦਾ ਕਾਰਨ ਰਾਵੀ ਦਾ ਪਾਣੀ ਪੀਣਾ ਹੈ।
ਰਾਵੀ ਨਦੀ ਧਰਤੀ ਦੀ ਸੁਰੀਲੀ ਧੀ ਹੈ। ਤੁਰਦੀ ਦਾ ਲੱਕ ਵੀ ਹਚਕੋਲੇ ਤੇ ਹੁਲਾਰੇ ਖਾਂਦਾ ਹੈ। ਕਾਨੇ ਤਾਰੀਆਂ ਦੇ ਬੁੰਬਲ ਵੀ ਇਸ ਦੇ ਕੰਢੇ ਵਗਦੀ ਹਵਾ ਨਾਲ ਅਲਾਪ ਲੈਂਦੇ ਹਨ।
ਇਨ੍ਹਾਂ ਵਿੱਚੋਂ ਹੀ ਰਾਵੀ ਦੀ ਧੀ ਸੋਨੇ ਦੀ ਕਣੀ ਵਰਗੀ ਮਾਝੇ ਦੀ ਜਾਈ ਸੀ ਮੋਹਿਨੀ ਰਸੀਲਾ।
ਕਿਸੇ “ਹੈ”ਨੂੰ “ਸੀ “ ਕਹਿਣਾ ਸਭ ਤੋਂ ਔਖਾ ਕਾਰਜ ਹੈ।
ਸਿਰਮੌਰ ਗੀਤਕਾਰ ਬਾਬੂ ਸਿੰਘ ਮਾਨ ਜੀ ਦਾ ਲਿਖਿਆ ਤੇ ਨਰਿੰਦਰ ਬੀਬਾ ਜੀ ਦਾ ਗਾਇਆ ਗੀਤ ਹਮੇਸ਼ਾਂ ਮੇਰੇ ਚੇਤਿਆਂ ਵਿੱਚ ਵੱਸਦਾ ਹੈ।
ਹੱਥੀਂ ਤੋਰੇ ਸੱਜਣਾਂ ਨੂੰ,
ਨਾਲੇ ਯਾਦ ਕਰਾਂ ਨਾਲੇ ਰੋਵਾਂ।
ਗਲ ਵਿੱਚ ਪੈਣ ਮੀਢੀਆਂ ,
ਕਿੱਲੀ ਟੰਗਿਆ ਏ ਲਾਲ ਪਰਾਂਦਾ।
ਵੇਖ ਕੇ ਚੌਬਾਰਾ ਸੱਖਣਾ,
ਰੁੱਗ ਭਰਿਆ ਕਲੇਜੇ ਵਿਚੋਂ ਜਾਂਦਾ।
ਲੋਕਾਂ ਭਾਣੇ ਰੋਣ ਅੱਖੀਆਂ,
ਗਹਿਰੇ ਦਾਗ ਮੈਂ ਹਿਜਰ ਦੇ ਧੋਵਾਂ।
ਕਾਲਜੇ ਚੋਂ ਹੌਲ ਉੱਠਦੇ,ਗੱਲਾਂ ਗੁੱਝੀਆਂ ਦਿਲਾਂ ਤੇ ਜਰੀਆਂ ।
ਥੰਮ੍ਹੀਆਂ ਦੇ ਗਲ ਲੱਗ ਕੇ,ਰਾਤੀਂ ਉੱਠ ਕੇ ਸਿਸਕੀਆਂ ਭਰੀਆਂ ।
ਪੱਥਰਾਂ ਨੇ ਪਾਏ ਕੀਰਨੇ,
ਵੱਡੇ ਤੜਕੇ ਚੱਕੀ ਜਾਂ ਝੋਵਾਂ।
ਮਿੱਠਾ ਗਮ ਦਿਲਬਰ ਦਾ ,
ਝੱਟ-ਬਿੰਦ ਦਾ ਪ੍ਰਾਹੁਣਾ ਰਹਿੰਦਾ।
ਝਾਕਦੀ ਦੀ ਅੱਖ ਥੱਕ ਗਈ , ਉਹਦਾ ਕਿਧਰੇ ਭੁਲੇਖਾ ਵੀ ਨਾ ਪੈਂਦਾ।
ਮਿਲੇ ਨਾ ਗੁਆਚੇ ਸੁਪਨੇ ,
ਬੂਹੇ ਲੱਖ ਪਲਕਾਂ ਦੇ ਢੋਵਾਂ।
ਅੱਖਾਂ 'ਚ ਉਡੀਕ ਜਾਗਦੀ,
ਜਿੰਦ ਮੌਤ ਦੀ ਬੁੱਕਲ ਵਿੱਚ ਊਂਘੇ।
ਅੱਖੀਆਂ ਚੋਂ ਰੱਤ ਸਿੰਮਦੀ,
ਪੱਛ ਲਾ ਗਿਆ ਜਿਗਰ ਤੇ ਡੂੰਘੇ।
ਧਰਤੀ ਦਾ ਕੜ ਪਾਟ ਜੂ, ਭੁੰਜੇ ਅੱਥਰੂ ਤਦੇ ਨਾ ਚੋਵਾਂ।
ਉਸ ਦੇ ਜੀਵਨ ਸਾਥੀ ਤੇ ਮੇਰੇ ਪਿਆਰੇ ਨਿੱਕੇ ਵੀਰ ਰਛਪਾਲ ਰਸੀਲਾ ਦੇ ਮਨ ਦੀ ਹਾਲਤ ਵੀ ਲਗਪਗ ਇਹੋ ਜਹੀ ਹੀ ਹੈ।
ਉਸ ਦੱਸਿਆ ਕਿ ਮੇਹਿਨੀ ਰਸੀਲਾ ਦੀ ਯਾਦ ਵਿੱਚ ਉਹ ਇੱਕ ਕਿਤਾਬ ਤਿਆਰ ਕਰਵਾ ਰਿਹੈ। ਸ਼ਬਦਾਂ ਦੇ ਤਾਜਮਹਿਲ ਉਸਾਰਨੇ ਚੰਗੇ ਲੋਕਾਂ ਦੀ ਸੋਚ ਦਾ ਹੀ ਹਿੱਸਾ ਬਣਦਾ ਹੈ ਹਮੇਸ਼ਾਂ।
ਰਛਪਾਲ ਦਾ ਪਿੰਡ ਮੇਰੇ ਪਿੰਡ ਬਸੰਤਕੋਟ (ਗੁਰਦਾਸਪੁਰ) ਤੋਂ ਮਸੀਂ ਦਸ ਕਿਲੋਮੀਟਰ ਦੂਰ ਖੁਸ਼ੀਪੁਰ ਹੈ ਤੇ ਮੋਹਿਨੀ ਦਾ ਮੀਏਂਕੋਟ। ਇਹ ਦੋਵੇਂ ਪਿੰਡ ਮੇਰੇ ਨਾਨਕੇ ਅਮੀਪੁਰ ਨੂੰ ਸਾਈਕਲ ਤੇ ਜਾਂਦਿਆਂ ਰਾਹ ਵਿੱਚ ਆਉਂਦੇ ਹੁੰਦੇ ਸਨ ਕਦੇ। ਹੁਣ ਤਾਂ ਨਵੀਆਂ ਨਵੀਆਂ ਸੜਕਾਂ ਬਣ ਗਈਆਂ। ਚੇਤਿਆਂ ਦੀ ਗਹਿਰ ਵਿੱਚੋਂ ਰਾਹ ਲੱਭਣੇ ਪੈਂਦੇ ਨੇ।
ਮੇਰੇ ਲੇਖਕ ਮਿੱਤਰ ਰਾਜਪਾਲ ਸਿੰਘ ਬਾਠ ਦੇ ਦੱਸਣ ਮੁਤਾਬਕ ਮੋਹਿਨੀ ਰਸੀਲਾ ਦਾ ਜਨਮ ਮਾਤਾ ਜਸਵੰਤ ਕੌਰ ਦੀ ਕੁੱਖੋਂ ਪਿਤਾ ਸਰਦਾਰ ਰਜਿੰਦਰ ਸਿੰਘ ਦੇ ਘਰ ਪਿੰਡ ਮੀਆਂ ਕੋਟ (ਨਜਦੀਕ ਕਲਾਨੌਰ ) ਜ਼ਿਲ੍ਹਾ ਗੁਰਦਾਸਪੁਰ ਵਿੱਚ 28 ਮਈ 1961 ਨੂੰ ਹੋਇਆ।
ਮੁਢਲੀ ਪ੍ਰਾਇਮਰੀ ਦੀ ਪੜ੍ਹਾਈ ਉਸਨੇ ਆਪਣੇ ਪਿੰਡ ਮੀਆਂ ਕੋਟ ਤੋਂ ਪ੍ਰਾਪਤ ਕੀਤੀ ਜਦਕਿ ਮੈਟਰਿਕ ਸਰਕਾਰੀ ਹਾਈ ਸਕੂਲ ਕਲਾਨੌਰ ਅਤੇ ਬੀ.ਏ. ਆਰ ਆਰ ਡੀ ਏ ਵੀ ਕਾਲਜ ਬਟਾਲਾ ਤੋਂ ਪਾਸ ਕੀਤੀ।
ਵਿੱਦਿਅਕ ਪ੍ਰਮਾਣ ਪੱਤਰਾਂ ਉੱਪਰ ਮੋਹਿਨੀ ਰਸੀਲਾ ਦਾ ਮਾਪਿਆਂ ਵੱਲੋਂ ਰੱਖਿਆ ਨਾਂ ਕਮਲਜੀਤ ਕੌਰ ਹੀ ਅੰਕਿਤ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇੰਟਰ -ਕਾਲਜ ਯੂਥ ਫੈਸਟੀਵਲ ਵਿੱਚ ਦੋ ਵਾਰ ਉਸ ਨੇ ਕਾਲਜ ਦੀ ਸੰਗੀਤਕ ਟੀਮ ਦੀ ਅਗਵਾਈ ਕੀਤੀ। ਉਸ ਦੀ ਅਗਵਾਈ ਵਿੱਚ ਕਾਲਜ ਦੀ ਟੀਮ ਇੱਕ ਵਾਰ ਜੇਤੂ ਅਤੇ ਦੂਜੀ ਵਾਰ ਦੂਜੇ ਨੰਬਰ ਤੇ ਰਹੀ।
ਮੋਹਿਨੀ ਰਸੀਲਾ ਦਾ ਵਿਆਹ ਫਰਵਰੀ 1980 ਵਿੱਚ ਪੰਜਾਬੀ ਲੋਕ ਗਾਇਕ ਰਛਪਾਲ ਰਸੀਲਾ ਨਾਲ ਹੋਇਆ।
ਉਸ ਦਾ ਇਕਲੌਤਾ ਬੇਟਾ ਰੁਪਿੰਦਰ ਸਿੰਘ ਆਸਟੇਲੀਆ ਵਿੱਚ ਪਰਿਵਾਰ ਸਮੇਤ ਵੱਸਦਾ ਹੈ। ਰੁਪਿੰਦਰ ਦੀ ਜੀਵਨ ਸਾਥਣ ਚਾਰਟਰਡ ਅਕਾਉਂਟੈਟ ਹੈ ਤੇ ਧੀ ਸਕੂਲ ਸਿੱਖਿਆ ਹਾਸਲ ਕਰ ਰਹੀ ਹੈ।
ਗਾਇਕੀ ਵਿੱਚ ਮੋਹਿਨੀ ਰਸੀਲਾ ਆਪਣਾ ਉਸਤਾਦ ਸ਼੍ਰੀ ਲਾਲ ਚੰਦ ਯਮਲਾ ਜੱਟ ਜੀ ਨੂੰ ਮੰਨਦੀ ਸੀ। ਅਸਲ ਵਿੱਚ ਪੂਰਾ ਮਾਝਾ ਹੀ ਉਸਤਾਦ ਯਮਲਾ ਜੱਟ ਜੀ ਦਾ ਸੰਗੀਤ ਪੱਖੋਂ ਦੇਣਦਾਰ ਹੈ।
ਮੋਹਿਨੀ ਰਸੀਲਾ ਦੀ ਸਾਨੂੰ ਪ੍ਰਾਪਤ ਰਿਕਾਰਡਿੰਗ ਵਿੱਚ ਦੋਗਾਣੇ ,ਸੋਲੋ ਗੀਤ, ਲੋਕ ਗਾਥਾਵਾਂ, ਲੋਕ ਗੀਤ ਤੇ ਧਾਰਮਿਕ ਗੀਤ ਵੀ ਸ਼ਾਮਿਲ ਹਨ। ਉਸ ਦੀ ਆਵਾਜ਼ ਵਿੱਚ ਧਾਰਮਿਕ ਦੋਗਾਣੇ ਵੀ ਰਿਕਾਰਡ ਹੋਏ।
ਮੋਹਿਨੀ ਰਸੀਲਾ ਤੇ ਰਛਪਾਲ ਰਸੀਲਾ ਦੀ ਮਹਿਮਾ ਜਦ ਪੂਰੇ ਪੰਜਾਬੀ ਜਗਤ ਵਿੱਚ ਫ਼ੈਲੀ ਤਾਂ ਬਦੇਸ਼ਾਂ ਵਿੱਚੋਂ ਵੀ ਬੁਲਾਵੇ ਆਉਣ ਲੱਗੇ। ਇੰਗਲੈਂਡ, ਕੈਨੇਡਾ, ਆਸਟਰੇਲੀਆ, ਮਲੇਸ਼ੀਆ, ਸਿੰਗਾਪੁਰ ਆਦਿ ਦੇਸ਼ਾਂ ਦਾ ਇਸ ਜੋੜੀ ਨੇ ਕਈ ਵਾਰ ਸੰਗੀਤਕ-ਦੌਰਾ ਕੀਤਾ ਤੇ ਪੰਜਾਬੀ ਧੀਆਂ ਪੁੱਤਰਾਂ ਦਾ ਮਨ ਜਿੱਤਿਆ।
ਇਸ ਜੋੜੀ ਨੂੰ ਵੱਖ ਵੱਖ ਰਿਕਾਰਡਿੰਗ ਕੰਪਨੀਆਂ ਐਚ ਐਸ ਵੀ ਸੋਨੋਟੋਨ , ਇਨਰਿਕੋ, ਸੀ.ਟੀ.ਸੀ. ਹੋਰ ਕਈ ਕੰਪਨੀਆਂ ਨੇ ਰੀਕਾਰਡ ਕੀਤਾ।
ਆਲ ਇੰਡੀਆ ਰੇਡੀਓ ਜਲੰਧਰ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੀ ਵੀ ਮੋਹਿਨੀ ਰਸੀਲਾ ਮਾਨਤਾ ਪ੍ਰਾਪਤ ਕਲਾਕਾਰ ਸੀ।
ਭਾਵੇਂ ਸਰਕਾਰੀ ਤੰਤਰ ਨੇੜਉਸ ਦੇ ਕੀਤੇ ਸੰਗੀਤਕ ਕਾਰਜਾਂ ਨੂੰ ਸਨਮਾਨ ਪੱਖੋਂ ਅਣਗੌਲਿਆ ਕੀਤਾ ਪਰ ਲੋਕ ਪ੍ਰਤੀਨਿਧ ਸੰਸਥਾਵਾਂ ਨੇ ਉਸ ਨੂੰ ਰੱਜਵਾਂ ਮਾਣ ਦਿੱਤਾ। ਮੋਹਿਨੀ ਰਸੀਲਾ ਨੂੰ ਢਾਡੀ ਅਮਰ ਸਿੰਘ ਸ਼ੌਂਕੀ ਮੇਲਾ ਪੁਰਸਕਾਰ , ਹਾਸ਼ਿਮ ਸ਼ਾਹ ਯਾਦਗਾਰੀ ਮੇਲਾ ਪੁਰਸਕਾਰ ਜਗਦੇਵ ਕਲਾਂ (ਅੰਮ੍ਰਿਤਸਰ) ਉਸਤਾਦ ਲਾਲ ਚੰਦ ਯਮਲਾ ਜੱਟ ਸਨਮਾਨ ਪਿੰਡ ਲੋਹਾਰਾ ( ਮੋਗਾ ) ਪ੍ਰਮੁੱਖ ਹਨ।
ਸਭ ਤੋਂ ਵੱਡਾ ਪੁਰਸਕਾਰ ਇਸ ਜੋੜੀ ਨੂੰ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਜੀ ਨੇ ਹਮੇਸ਼ਾਂ ਇਹ ਕਹਿ ਕੇ ਦਿੱਤਾ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਇਹ ਗਾਇਕ ਜੋੜੀ ਦੇਸੀ ਘਿਉ ਵਰਗੀ ਸ਼ਕਤੀਸ਼ਾਲੀ ਹੈ ਕਿ ਇਸ ਵਿੱਚ ਕੋਈ ਖੋਟ ਨਹੀਂ। ਨਾ ਸੁਰ ਪੱਖੋਂ, ਨਾ ਗੀਤਾਂ ਦੀ ਚੋਣ ਪੱਖੋਂ। ਉਹ ਹੋਰ ਆਖਦੇ ਕਿ ਅਸੀਂ ਗੁਰਦਾਸਪੁਰ ਵਿੱਚ ਬੇਸੁਰਾ ਗਾਇਕ/ਗਾਇਕਾ ਜੰਮਣ ਹੀ ਨਹੀਂ ਦਿੰਦੇ। ਜੇ ਕਿਤੇ ਕੋਈ ਬੇਸੁਰਾ ਮਿਲ ਜਾਵੇ ਤਾਂ ਸਮਝ ਲੈਣਾ ਕਿ ਰਿਸ਼ਤੇਦਾਰੀ ਵਿੱਚ ਮਿਲਣ ਆਇਆ ਏਥੇ ਪੱਕਾ ਰਹਿ ਪਿਆ ਹੋਵੇਗਾ।
Majha-s-Melodious-Daughter-Mohini-Rasila-Gurbhajan-Singh-Gill-Chairman-Punjabi-Lok-Virasat-Academy
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)