*ਪ੍ਰੀ ਐਸ.ਆਈ.ਆਰ. ਦੌਰਾਨ ਹੋਈ 84.62 ਫੀਸਦ ਮੈਪਿੰਗ*
*ਮੈਪ ਨਾ ਹੋਏ ਵੋਟਰਾਂ ਦੀ ਸੂਚੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਕੀਤੀ ਸਾਂਝੀ ਤਾਂ ਜੋ ਮੈਪਡ ਵੋਟਾਂ ਦੀ ਪ੍ਰਤੀਸ਼ਤ ਵਿੱਚ ਹੋਵੇ ਸੁਧਾਰ: ਅਨਿੰਦਿਤਾ ਮਿਤਰਾ, ਸੀ.ਈ.ਓ. ਪੰਜਾਬ*
*ਵੱਧ ਤੋਂ ਵੱਧ ਵੋਟਰਾਂ ਨੂੰ ਮੈਪ ਕਰਨ ਲਈ 7 ਜੂਨ 2026 ਨੂੰ ਸਾਰੇ ਪੋਲਿੰਗ ਬੂਥਾਂ ’ਤੇ ਲਗਾਇਆ ਜਾਵੇਗਾ ਇੱਕ ਰੋਜ਼ਾ ਵਿਸ਼ੇਸ਼ ਕੈਂਪ*
ਪੰਜਾਬ ਰਾਜ ਵਿੱਚ ਭਾਰਤੀ ਚੋਣ ਕਮਿਸ਼ਨ ਵਲੋਂ ਕਰਵਾਏ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਅਧੀਨ ਅੱਜ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਵਲੋਂ ਪੰਜਾਬ ਰਾਜ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਹਨਾਂ ਨੇ ਪੰਜਾਬ ਰਾਜ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪ੍ਰੀਮੈਪਿੰਗ ਦੌਰਾਨ ਜਿਨ੍ਹਾਂ ਵੋਟਰਾਂ ਦੇ ਰਿਕਾਰਡ ਦਾ ਮਿਲਾਨ ਨਹੀਂ ਹੋਇਆ ਹੈ ਉਸ ਸਬੰਧੀ ਸੂਚੀ ਸੌਂਪੀ। ਉਹਨਾਂ ਵੱਲੋਂ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਅੱਜ ਜੋ ਸੂਚੀ ਸੌਂਪੀ ਗਈ ਹੈ, ਉਹ 27 ਮਈ 2026 ਤੱਕ ਪ੍ਰੀਮੈਪਿੰਗ ਦੌਰਾਨ ਮੈਪ ਨਾ ਹੋਏ ਵੋਟਰਾਂ ਸਬੰਧੀ ਹੈ ਅਤੇ ਜਿਨਾਂ ਵਿਚੋਂ ਕੁਝ ਵੋਟਰਾਂ ਦੀ ਮੈਪਿੰਗ ਹੋਈ ਹੋਣ ਦੀ ਵੀ ਸੰਭਾਵਨਾ ਹੈ।
ਸ੍ਰੀਮਤੀ ਮਿਤਰਾ ਵੱਲੋਂ ਐਸ.ਆਈ.ਆਰ. ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਰਾਜਨੀਤਿਕ ਪਾਰਟੀਆਂ ਨੂੰ ਸਰਗਰਮੀ ਨਾਲ ਭਾਗ ਲੈਣ ਦੀ ਅਪੀਲ ਕੀਤੀ ਗਈ। ਉਹਨਾਂ ਕਿਹਾ ਕਿ ਘਰੋ-ਘਰੀ ਗਣਨਾ ਸ਼ੁਰੂ ਹੋਣ ਤੋਂ ਪਹਿਲਾਂ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਕਰਨ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐਸ.ਆਈ.ਆਰ. ਦੀ ਪ੍ਰਕਿਰਿਆ ਸਬੰਧੀ ਚਿੰਤਾਵਾਂ ਨੂੰ ਦੂਰ ਕਰਦਿਆਂ ਸੀਈਓ ਨੇ ਦੱਸਿਆ ਕਿ ਜੇਕਰ ਕੋਈ ਵੋਟਰ ਪ੍ਰੀ-ਐਸਆਈਆਰ ਮੁਹਿੰਮ ਦੌਰਾਨ ਮੈਪਿੰਗ ਤੋਂ ਰਹਿ ਜਾਂਦਾ ਹੈ ਤਾਂ ਵੀ ਵੋਟਰ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਸ ਸਥਿਤੀ ਵਿੱਚ, ਚੋਣ ਅਧਿਕਾਰੀ ਵੋਟਰ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਕੁਝ ਦਸਤਾਵੇਜ਼ਾਂ ਦੀ ਮੰਗ ਕੀਤੀ ਜਾਵੇਗੀ।
ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਪ੍ਰੀ-ਮੈਪਿੰਗ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ ਦੇ ਮਕਸਦ ਨਾਲ 7 ਜੂਨ 2026 ਨੂੰ ਪੰਜਾਬ ਰਾਜ ਦੇ ਸਾਰੇ ਪੋਲਿੰਗ ਸਟੇਸ਼ਨਾ ਉਂੱਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੀ.ਐਲ.ਓਜ਼. ਵੱਲੋਂ ਪ੍ਰੀ-ਮੈਪਿੰਗ ਦੇ ਕਾਰਜ ਵਿੱਚ ਵੋਟਰਾਂ ਦੀ ਸਹਾਇਤਾ ਕੀਤੀ ਜਾਵੇਗੀ।
ਉਹਨਾਂ ਨੁਮਾਇੰਦਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਬੀ.ਐਲ.ਏ.-2 ਦੀ ਨਿਯੁਕਤੀ ਦੇ ਕਾਰਜ ਵਿੱਚ ਤੇਜੀ ਲਿਆਉਣ ਕਿਉਂਕਿ ਐਸ.ਆਈ.ਆਰ. ਦੌਰਾਨ ਬੀ.ਐਲ.ਏ.-2 ਦੀ ਭੂਮਿਕਾ ਬਹੁਤ ਅਹਿਮ ਹੈ, ਇਸ ਲਈ ਸਮੁੱਚੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਇਹ ਨਿਯੁਕਤੀਆਂ ਜਲਦ ਤੋਂ ਜਲਦ ਕਰਨ।
ਮੁੱਖ ਚੋਣ ਅਫ਼ਸਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਕਮਿਸ਼ਨ ਦੀ ਵੈੱਬਸਾਈਟ https://voters.eci.gov.in/ ਉੱਤੇ ਜਾ ਕੇ ਵੋਟ ਮੈੰਪ ਕਰਨ ਦੀ ਵਿਧੀ ਤੋਂ ਵੀ ਜਾਣੂ ਕਰਵਾਇਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਪਹਿਲਾਂ ਐਲਾਨੇ ਗਏ ਪ੍ਰੋਗਰਾਮ ਵਿੱਚ ਅੰਸ਼ਿਕ ਸੋਧ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਵੋਟਰ ਸੂਚੀਆਂ ਦਾ ਖਰੜਾ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ ਪੇਸ਼ ਕਰਨ ਦਾ ਸਮਾਂ 03-08-2026 ਤੋਂ 02-09- 2026 ਕਰ ਦਿੱਤਾ ਗਿਆ ਹੈ । ਨੋਟਿਸ ਫੇਜ/ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 03-08-2026 ਤੋਂ 28-09- 2026 ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਮਿਸ਼ਨ ਵਲੋਂ ਬਾਕੀ ਸਮਾਂ ਸਾਰਣੀ 14 ਮਈ 2026 ਵਾਲੀ ਹੀ ਰੱਖੀ ਗਈ ਹੈ।
ਮੀਟਿੰਗ ਦੌਰਾਨ , ਐਡੀਸ਼ਨ ਸੀ.ਈ.ਓ. ਸ੍ਰੀ ਅਮਨਦੀਪ ਗਰਗ , ਜੁਆਇੰਟ ਸੀ.ਈ.ਓ. ਸ੍ਰੀਮਤੀ ਨਵਨੀਤ ਕੌਰ ਬੱਲ, ਜੁਆਇੰਟ ਸੀ.ਈ.ਓ. ਗੁਰਿੰਦਰ ਸਿੰਘ ਸੋਢੀ ਤੋਂ ਇਲਾਵਾ ਮਾਨਤਾ ਪ੍ਰਾਪਤ ਪਾਰਟੀਆਂ ਵਿੱਚੋਂ ਆਮ ਆਦਮੀ ਪਾਰਟੀ ਤੋਂ ਫੈਰੀ ਸੋਫ਼ਤ, ਬਹੁਜਨ ਸਮਾਜ ਪਾਰਟੀ ਤੋਂ ਜਸਵੰਤ ਰਾਏ ਅਤੇ ਅਜੀਤ ਸਿੰਘ ਭੈਣੀ, ਭਾਰਤੀ ਜਨਤਾ ਪਾਰਟੀ ਤੋਂ ਐਨ.ਕੇ. ਵਰਮਾ, ਕਮਿਊਨਿਸਟ ਪਾਰਟੀ ਆਫ਼ ਇੰਡੀਆਂ (ਮਾਰਕਸਵਾਦੀ) ਸੁਨੀਲ ਕੁਮਾਰ , ਇੰਡੀਅਨ ਨੈਸ਼ਨਲ ਕਾਂਗਰਸ ਤੋਂ ਕੈਪਟਨ ਸੰਦੀਪ ਸੰਧੂ ਅਤੇ ਹਰਦੀਪ ਸਿੰਘ ਕਿੰਗਰਾ, ਸ਼੍ਰੋਮਣੀ ਅਕਾਲੀ ਦਲ ਤੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਹਾਜ਼ਰ ਸਨ।
House-To-House-Enumeration-Under-Special-Intensive-Revision-sir-In-Punjab-To-Start-On-25th-June-2026
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)