ਗੁਰਭਜਨ ਗਿੱਲ
ਨਵੀਂ ਦਿੱਲੀ ਦੇ ਬਾਰਾਂਖੰਭਾ ਰੋਡ ਤੇ ਪਹਿਲੀ ਵਾਰ ਸ. ਪਿਆਰਾ ਸਿੰਘ ਸਹਿਰਾਈ ਤੇ ਸ. ਗੁਰਬਚਨ ਸਿੰਘ ਭੁੱਲਰ ਜੀ ਦੇ ਮੂੰਹੋ ਪਹਿਲੀ ਵਾਰ “ਚੰਨ ਜੀ” ਸ਼ਬਦ ਸੁਣਿਆ। ਨਾਲ ਹੀ ਦਰਸ਼ਨ ਕੀਤੇ। ਦਰਸ਼ਨੀ ਚਿਹਰਾ ਵੇਖ ਕੇ ਪੁੱਛਿਆ ਕਿ ਇਹ ਕੌਣ ਨੇ?
ਸਹਿਰਾਈ ਜੀ ਨੇ ਦੱਸਿਆ ਕਿ ਇਹ ਪੰਜਾਬ ਵਿੱਚ ਵਿਸ਼ਵ ਅਮਨ ਲਹਿਰ ਦੇ ਨਾਇਕ ਤੇਰਾ ਸਿੰਘ ਚੰਨ ਹਨ, ਇਪਟਾ ਲਹਿਰ ਦੇ ਆਗੂ। ਮੇਰੀ ਇਹ ਮੁਲਾਕਾਤ 1975-76 ਦੀ ਹੈ। ਜਾਗੀਰ ਸਿੰਘ ਕਾਹਲੋਂ ਤੇ ਮੈਂ ਇਕੱਠੇ ਗਏ ਸਾਂ ਸਹਿਰਾਈ ਜੀ ਤੇ ਭੁੱਲਰ ਸਾਹਿਬ ਨੂੰ ਮਿਲਣ। ਉਹ ਉਦੋਂ 4, ਅਸ਼ੋਕਾ ਰੋਡ ਤੇ ਏ ਕੇ ਗੋਪਾਲਨ ਜੀ ਦੀ ਕੋਠੀ ਵਿੱਚ ਰਹਿ ਕੇ ਪੀਜੈਟ ਐਂਡ ਲੇਬਰ ਮੈਗਜ਼ੀਨ ਲਈ ਕੰਮ ਕਰਦਾ ਹੁੰਦਾ ਸੀ। ਬਾਲ ਸਖਾ ਸਾਥੀ ਹੋਣ ਕਾਰਨ ਜਾਗੀਰ ਸਾਡੀ ਸਰਬ ਸਾਂਝੀ ਜਾਗੀਰ ਸੀ।
ਬਚਪਨ ਵਿੱਚ ਅਮਰਜੀਤ ਗੁਰਦਾਸਪੁਰੀ ਜੀ ਦੇ ਕੰਠ ਤੋਂ ਅਸੀਂ ਚੰਨ ਜੀ ਦਾ ਗੀਤ” ਕਾਂਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ “ ਅਕਸਰ ਸੁਣਦੇ ਸਾਂ। “ਹੇ ਪਿਆਰੀ ਭਾਰਤ ਮਾਂ” ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਵਾਂਗ ਗਾਉਂਦੇ ਸਾਂ।
ਯੁਵਕ ਕੇਂਦਰ ਦੀ ਪ੍ਰਕਾਸ਼ਨਾ “ ਬੋਲ ਸ਼ਹੀਦਾਂ ਦੇ” ਵਿੱਚ ਸ਼ਹੀਦ ਭਗਤ ਸਿੰਘ ਦੀ ਵਾਰ
ਅਜੇ ਕੱਲ੍ਹ ਦੀ ਗੱਲ ਹੈ ਸਾਥੀਓ, ਕੋਈ ਨਹੀਂ ਪੁਰਾਣੀ।
ਜਦ ਜਕੜੀ ਸੀ ਪਰਦੇਸੀਆਂ ਇਹ ਹਿੰਦ ਨਿਮਾਣੀ।
ਤੇ ਘਰ ਘਰ ਗੋਰੇ ਜ਼ੁਲਮ ਦੀ ਤੁਰ ਪਈ ਕਹਾਣੀ।
ਉਦੋਂ ਉੱਠਿਆਂ ਸ਼ੇਰ ਪੰਜਾਬ ਦਾ ਸੰਗ ਲੈ ਕੇ ਹਾਣੀ।
ਵੀ ਤੇਰਾ ਸਿੰਘ ਚੰਨ ਜੀ ਦੀ ਹੀ ਅਮਰ ਰਚਨਾ ਸੀ।
ਉਨ੍ਹਾਂ ਬਾਰੇ ਹੋਰ ਜਾਨਣ ਦੀ ਭੁੱਖ ਜਾਗੀ ਤਾਂ ਪਤਾ ਲੱਗਾ ਕਿ ਗਿਆਨੀ ਹੀਰਾ ਸਿੰਘ ਦਰਦ, ਬਾਬਾ ਗੁਰਬਖ਼ਸ਼ ਸਿੰਘ ਬੰਨੋਆਣਾ ਦੇ ਨਾਲ 1954 ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸੰਗਠਨ ਕਰਨ ਵਾਲਿਆਂ ਵਿੱਚ ਉਹ ਵੀ ਆਗੂ ਵਜੋਂ ਸ਼ਾਮਲ ਸਨ। ਉਦੋਂ ਉਹ ਜਲੰਧਰ ਰਹਿੰਦੇ ਸਨ।
1986 ਵਿੱਚ ਇਪਟਾ ਲਹਿਰ ਦੀ ਗੋਲਡਨ ਜੁਬਲੀ ਵੇਲੇ ਪੰਜਾਬੀ ਭਵਨ ਲੁਧਿਆਣਾ ਦੇ ਬਲਰਾਜ ਸਾਹਨੀ ਓਪਨ ਏਅਰ ਥੀਏਟਰ ਵਿੱਚ ਤੇਰਾ ਸਿੰਘ ਚੰਨ ਤੇ ਅਮਰਜੀਤ ਗੁਰਦਾਸਪੁਰੀ ਜੀ ਦੇ ਇਕੱਠਿਆਂ ਦਰਸ਼ਨ ਕੀਤੇ। ਮਨ ਧੰਨ ਧੰਨ ਹੋ ਗਿਆ।
ਚੰਨ ਜੀ ਕੌਣ ਤੇ ਕਿੱਥੋਂ ਸਨ, ਵਿਕੀਪੀਡੀਆ ਮੂੰਹੋਂ ਸੁਣੋ।
ਤੇਰਾ ਸਿੰਘ ਚੰਨ' ਜੀ ਦਾ ਜਨਮ 6 ਜਨਵਰੀ 1921 ਨੂੰ ਹੋਇਆ ਤੇ 9 ਜੁਲਾਈ 2009 ਨੂੰ ਆਖਰੀ ਫਤਹਿ ਬੁਲਾ ਗਏ।
ਉਹ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੇਖਕ,ਅਨੁਵਾਦਕ ਅਤੇ ਕਮਿਊਨਿਸਟ ਕਾਰਕੁਨ ਸਨ। ਉਹ ਲੋਕ ਲਹਿਰਾਂ ਵਿੱਚ ਹਰਮਨਪਿਆਰੇ ਹੋਏ ਕਈ ਅਮਰ ਗੀਤਾਂ ਦੇ ਲੇਖਕ ਸਨ।
ਤੇਰਾ ਸਿੰਘ ਚੰਨ ਦਾ ਪਿੰਡ
ਬਿਲਾਵਲ, ਤਹਿਸੀਲ ਫਤਿਹ ਜੰਗ, ਜ਼ਿਲ੍ਹਾ ਕੈਂਬਲਪੁਰ (ਹੁਣ ਪਾਕਿਸਤਾਨ) ਸੀ।
ਉਨ੍ਹਾਂ ਦਾ ਜਨਮ ਸਥਾਨ ਵਾਲਾ
ਪਿੰਡ ਬਿਲਾਵਲ ਤਿੰਨ ਪਾਸਿਓਂ ਸੁਹਾਂ ਨਦੀ ਦੇ ਕਲ-ਕਲ ਕਰਦੇ ਸ਼ੀਤਲ ਜਲ ਨਾਲ ਘਿਰਿਆ ਕੁਦਰਤੀ ਖੂਬਸੂਰਤੀ ਨਾਲ ਲਬਰੇਜ਼ ਸੀ।
ਇਸੇ ਸੁਹਾਂ ਬਾਰੇ ਹੀ ਤਾਂ ਪ੍ਰੋ. ਮੇਹਨ ਸਿੰਘ ਲਿਖਦੇ ਹਨ, ਸੀਸ ਨੂੰ ਕਦੇ ਮੁਹੰਮਦ ਸਦੀਕ ਨੇ ਗਾਇਆ ਸੀ
ਬੈਠ ਸੁਹਾਂ ਦੀ ਉੱਚੀ ਕੰਧੀ
ਹੋਸ਼ ਨਾ ਰਹਿੰਦੀ ਦੁਨੀਆਂ ਸੰਦੀ
ਮੁੜ ਮੁੜ ਯਾਦਾਂ ਆਵਣ
ਪਿਆਰੀ ਤੇਰੀਆਂ।
ਚੰਨ ਜੀ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਬੱਚਾ ਬਚਦਾ ਨਹੀਂ ਸੀ।
ਇਸ ਲਈ ਮਾਂ ਬਾਪ ਨੇ ਸਤਿਗੁਰ ਦੇ ਸ਼ੁਕਰਾਨੇ ਵਜੋਂ ਉਹਨਾਂ ਦਾ ਨਾਂ ‘ਤੇਰਾ’ ਭਾਵ ਸਤਿਗੁਰ ਦਾ ਕਹਿ ਕੇ ਹੀ ਤੇਰਾ ਸਿੰਘ ਰੱਖਿਆ। ਬਚਪਨ ਤੋਂ ਹੀ ਸੁੰਦਰ ਦਿੱਖ ਦਾ ਮਾਲਕ ਹੋਣ ਕਾਰਨ ਵੀ ਮਾਂ ਉਹਨਾਂ ਨੂੰ ‘ਚੰਨ ਪੁੱਤ’ ਕਹਿ ਕੇ ਬੁਲਾਉਂਦੀ ਸੀ ਤੇ ਮਾਂ ਦਾ ਸੁਘੜ ਸਿਆਣਾ ਪੁੱਤ ਝੱਟ ਪੱਟ ਮਾਂ ਦੀ ਤਾਬਿਆ ਵਿੱਚ ਹਾਜ਼ਰ ਹੋ ਜਾਂਦਾ ਸੀ। ਇੰਜ ਬਚਪਨ ਵਿੱਚ ਹੀ ਮਾਂ ਵੱਲੋਂ ਉਹਨਾਂ ਨੂੰ ਚੰਨ ਕਹਿਣ ਤੇ ਉਹਨਾਂ ਦੇ ਨਾਂ ਨਾਲ ‘ਚੰਨ’ ਜੁੜ ਗਿਆ ਪਰ ਮਾਂ ਦਾ ਸੁੱਖ ਚੰਨ ਜੀ ਦੇ ਹਿੱਸੇ ਜ਼ਿਆਦਾ ਦੇਰ ਨਾ ਰਿਹਾ ਤੇ ਉਹਨਾਂ ਦੀ ਮਾਤਾ ਉਹਨਾਂ ਨੂੰ ਬਿਲਾਵਲ ਵਿੱਚ ਹੀ ਬਚਪਨ ਦੀ ਅਣਭੋਲ ਉਮਰੇ ਵਿਲਕਦੇ ਛੱਡ ਅਕਾਲ ਚਲਾਣਾ ਕਰ ਗਈ।
ਤੇਰਾ ਸਿੰਘ ਚੰਨ ਦੇ ਬਾਬਾ ਜੀ ਤੇ ਪਿਤਾ ਜੀ ਪਹਿਲਾਂ ਚੂਹੜਕਾਣਾ ਨੇੜੇ ਸੱਚਾ ਸੌਦਾ ਗੁਰਦੁਆਰਾ ਸਾਹਿਬ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਰਹਿੰਦੇ ਸਨ ,ਜਿਥੇ ਚੰਨ ਜੀ ਨੇ ਮੁੱਢਲੀ ਸਕੂਲੀ ਵਿਦਿਆ ਪਾਈ। ਫੇਰ ਉਹ ਅੰਮ੍ਰਿਤਸਰ ਆ ਕੇ ਫੁੱਫੜ ਸਰਦਾਰ ਸਰੂਪ ਸਿੰਘ ਕੋਲ ਰਹਿਣ ਲੱਗੇ ਤੇ ਉਹਨਾਂ ਨੂੰ ਸੁਘੜ ਸਿਆਣੀ ਭੂਆ ਭਾਗਵੰਤੀ ਤੋਂ ਮਾਂ ਵਰਗਾ ਪਿਆਰ ਮਿਲਿਆ। ਉਹਨਾਂ ਦੇ ਪਿਤਾ ਪਿੰਡਾਂ ਵਿੱਚ ਭਾਂਡੇ ਤੇ ਕੱਪੜੇ ਵੇਚਣ ਜਾਂਦੇ ਤਾਂ ਬਹੁਤ ਦਿਨਾਂ ਪਿੱਛੋਂ ਘਰ ਪਰਤਦੇ।
ਉਹਨਾਂ ਦੇ ਫੁੱਫੜ ਅਕਾਲੀ ਨੇਤਾ ਕਰਮ ਸਿੰਘ ਗੰਗਵਾਲ ਤੇ ਥੇਦਾਰ ਤੇਜਾ ਸਿੰਘ ਚੂਹੜਕਾਣਾ ਦੀ ਅਗਵਾਈ ਵਿੱਚ ਅੰਗਰੇਜ਼ ਸਰਕਾਰ ਖ਼ਿਲਾਫ ਜੰਗ-ਏ-ਆਜ਼ਾਦੀ ਲੜ ਰਹੇ ਸੀ। ਅੰਗਰੇਜ਼ੀ ਕੱਪੜਿਆਂ ਦਾ ਤਿਆਗ ਕਰਨਾ, ਕੱਪੜੇ ਸਾੜਨਾ ਸ਼ਾਮਲ ਸੀ।
1919 ਵਿਸਾਖੀ ਵੇਲੇ ਵਾਪਰਿਆ ਜਲ੍ਹਿਆਂਵਾਲੇ ਬਾਗ ਦਾ ਸਾਕਾ ਭਾਵੇਂ ਜਨਮ ਤੋਂ ਪਹਿਲਾਂ ਵਾਪਰ ਚੁੱਕਾ ਸੀ ਪਰ ਬਚਪਨ ਵਿੱਚ ਇਸ ਬਾਰੇ ਸੁਣਿਆ ਵੇਰਵਾ ਚੰਨ ਜੀ ਦੇ ਸੰਵੇਦਨਸ਼ੀਲ ਤੇ ਕੋਮਲ ਹਿਰਦੇ ਉੱਤੇ ਬਹੁਤ ਗਹਿਰਾ ਅਸਰ ਕਰ ਗਿਆ ਤੇ ਉਹ ਵੀ ਜੰਗ-ਏ-ਆਜ਼ਾਦੀ ਵਿੱਚ ਸ਼ਾਮਲ ਹੋ ਗਏ।
ਚੰਨ ਜੀ ਨੇ ਬਚਪਨ ਵਿੱਚ ਵੇਖਿਆ ਸੀ ਕਿ ਪਿੰਡ ਬਿਲਾਵਲ ਵਿੱਚ ਸੁਹਾਂ ਸੁਹਾਂ ਕੰਢੇ ਰੇਤ ਦੇ ਟਿੱਬਿਆਂ ਉਤੇ-ਢੱਕੀ ਉੱਤੇ ਖੇਡਾਂ ਹੁੰਦੀਆਂ। ਨਾਚ, ਗਾਣੇ ਅਤੇ ਨਾਟ ਹੁੰਦੇ। ਸੱਸੀ ਪੁਨੂੰ, ਹੀਰ ਰਾਂਝਾ ਅਤੇ ਹੋਰਨਾਂ ਲੋਕ ਗਾਥਾਵਾਂ ਉੱਤੇ ਅਧਾਰਤ ਨਾਟਕ ਜਾਂ ਕਾਵਿ ਓਪੇਰੇ ਖੇਡੇ ਜਾਂਦੇ। ਪੁੰਨੂ ਦੇ ਰੋਲ ਵਾਲਾ ਕਲਾਕਾਰ ਊਠ ਉੱਤੇ ਬੈਠ ਕੇ ਹੀ ਅਦਾਕਾਰੀ ਕਰਦਾ ਉਚੀ ਹੇਕ ਲਾ ਕੇ ਗੀਤ ਗਾਉਂਦਾ। ਕਲਾਕਾਰ ਹੀਰ ਗਾਉਂਦਾ ਜੋ ਦੂਰ ਦੂਰ ਤੱਕ ਸੁਣਾਈ ਦਿੰਦੀ। ਇਨ੍ਹਾਂ ਲੋਕ ਗੀਤਾਂ, ਨਾਟਕਾਂ, ਸਾਂਗਾਂ ਤੇ ਨਾਚਾਂ ਨੇ ਉਹਨਾਂ ਦੇ ਮਨ ਵਿੱਚ ਘਰ ਕਰ ਲਿਆ ਤੇ ਉਹ ਵੀ ਸਾਹਿਤ ਵੱਲ ਪ੍ਰੇਰਿਤ ਹੋਏ। ਉਹਨਾਂ ਕਵਿਤਾ ਦੀ ਐਸੀ ਬਾਂਹ ਫੜੀ ਕਿ ਸਾਹਿਤ ਖੇਤਰ ਵਿੱਚ ਅਮਿੱਟ ਛਾਪ ਛੱਡਦੇ ਹੋਏ ਸਦੀਵੀ ਗੌਲਣਯੋਗ ਤੇ ਮਹੱਤਵਪੂਰਨ ਕਵਿਤਾਵਾਂ, ਗ਼ਜ਼ਲਾਂ, ਓਪੇਰੇ, ਨਾਟਕ ਗੀਤ ਤੇ ਨਾਟਕ ਲਿਖੇ ਤੇ ਸਾਹਿਤਕ ਖੇਤਰ ਵਿੱਚ ਨਿੱਗਰ ਹਾਜ਼ਰੀ ਲਵਾਈ।
ਉਹਨਾਂ ਦੀਆਂ ਕਾਵਿ ਰਚਨਾਵਾਂ ਵਿੱਚ ਸਿਸਕੀਆਂ (1943, ਦੇਵ ਦੀਪਕ ਮੰਡਲ ਨੇ ਹਮਦਰਦ ਸਟੀਮ ਪ੍ਰੈਸ ਰਾਵਲਪਿੰਡੀ ਤੈਂ ਛਪਵਾਈ। ਜੈ ਹਿੰਦ 1945 ਵਿੱਚ ਤੇ ਸਮੇਂ ਸਮੇਂ ਦੀਆਂ ਗੱਲਾਂ 1954 ਵਿੱਚ ਮੀਤ ਪ੍ਰਿੰਟਿੰਗ ਪ੍ਰੈਸ, ਅੰਮ੍ਰਿਤਸਰ ਨੇ ਛਾਪੀ।
ਕਾਗ ਸਮੇਂ ਦਾ ਬੋਲਿਆ 1995, ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਅੰਮ੍ਰਿਤਸਰ ਵੱਲੋਂ ਸ, ਗੁਰਸ਼ਰਨ ਸਿੰਘ ਦੀ ਨੇ ਛਾਪੀ। ਇਸ ਨੂੰ ਉਨ੍ਹਾਂ ਦੇ ਦਾਮਾਦ ਡਾ. ਰਘਬੀਰ ਸਿੰਘ ਸਿਰਜਣਾ ਨੇ ਸੰਪਾਦਿਤ ਕੀਤਾ। ਉਨ੍ਹਾਂ ਦੀਆਂ
ਨਾਟ ਰਚਨਾਵਾਂ ਵਿੱਚ
ਅਮਰ ਪੰਜਾਬ,ਸਾਂਝਾ ਵਿਹੜਾ
ਲੱਕੜ ਦੀ ਲੱਤ ਪ੍ਰਮੁੱਖ ਹਨ।
ਲੱਕੜ ਦੀ ਲੱਤ' ਅਜਿਹੇ ਸੈਨਿਕਾਂ ਦੇ ਦੁੱਖੜਿਆ ਬਾਰੇ ਹੈ ਜਿਹਨਾਂ ਨੇ ਜੰਗ ਦੇ ਮੁਹਾਜ਼ ਤੇ ਆਪਣੀਆਂ ਲੱਤਾਂ ਬਾਹਾਂ ਗੁਆ ਲਈਆਂ ਸਨ।
ਤੇਰਾ ਸਿੰਘ ਚੰਨ ਜੀ ਬਾਰੇ ਹੋਰ ਵਧੇਰੇ ਜਾਨਣ ਲਈ ਪੰਜਾਬੀ ਸਾਹਿੱਤ ਅਕਾਦਮੀ, ਪੰਜਾਬੀ ਭਵਨ, ਲੁਧਿਆਣਾ ਵੱਲੋਂ ਉਨ੍ਹਾਂ ਦੀ ਜਨਮ ਸ਼ਤਾਬਦੀ ਵੇਲੇ ਪ੍ਰਕਾਸ਼ਿਤ ਪੁਸਤਕ ਨੂੰ ਪੜ੍ਹ ਸਕਦੇ ਹੋ।
ਵੰਨਗੀ ਮਾਤਰ ਉਨ੍ਹਾਂ ਦੀਆਂ ਦੋ ਲਿਖਤਾਂ ਪੇਸ਼ ਹਨ।
1.
ਹੇ ਪਿਆਰੀ ਭਾਰਤ ਮਾਂ
ਹੇ ਪਿਆਰੀ ਭਾਰਤ ਮਾਂ,
ਅਸੀਂ ਤੈਨੂੰ ਸੀਸ ਨਿਵਾਂਦੇ ਹਾਂ
ਤੇਰੇ ਤੋਂ ਸਦਕੇ ਜਾਂਦੇ ਹਾਂ ।
ਸਾਨੂੰ ਲੋਰੀਆਂ ਦਿੱਤੀਆਂ ਮਾਂ,
ਤੇਰੇ ਗਿੱਧਿਆਂ ਦੀ ਬੋਲੀ ਨੇ।
ਸਾਨੂੰ ਹੱਸਣਾ ਦੱਸਿਆ ਮਾਂ,
ਤੇਰੇ ਭੰਗੜੇ ਦੀ ਟੋਲੀ ਨੇ ।
ਅਸੀਂ ਡਿੱਗ ਡਿੱਗ ਹੋਏ ਜਵਾਨ,
ਨਾ ਸਮਝੇ ਸਾਨੂੰ ਕੋਈ ਨਾਦਾਨ,
ਅਗਾਂਹ ਨੂੰ ਕਦਮ ਵਧਾਂਦੇ ਹਾਂ ।
ਸਾਨੂੰ ਟੁਰਨਾ ਦੱਸਿਆ ਮਾਂ,
ਤੇਰੇ ਵਗਦੇ ਦਰਿਆਵਾਂ ਨੇ।
ਸਾਨੂੰ ਨੱਚਣਾ ਦੱਸਿਆ ਮਾਂ, ਲਹਿਰਾਂ ਦੀਆਂ ਸ਼ੋਖ ਅਦਾਵਾਂ ਨੇ।
ਤੇਰੀ ਮਿੱਠੜੀ ਮਸਤ ਹਵਾ,
ਸਾਨੂੰ ਅਰਸ਼ੀਂ ਦਏ ਪੁਚਾ,
ਸੁਰਗ ਨੂੰ ਕੋਲ ਬੁਲਾਂਦੇ ਹਾਂ ।
ਸਾਨੂੰ ਹਿੰਮਤ ਦਿੱਤੀ ਮਾਂ,
ਤੇਰੇ ਇਸ ਉੱਚ ਹਿਮਾਲੇ ਨੇ।
ਸਾਨੂੰ ਦਿੱਤਾ ਸੱਚ ਨਿਆਂ,
ਗੰਗਾ ਦੇ ਇੱਕ ਉਛਾਲੇ ਨੇ।
ਤੇਰੇ ਹਰੇ-ਭਰੇ ਨੇ ਖੇਤ,
ਕਿ ਤੇਰੀ ਸੋਨੇ ਵਰਗੀ ਰੇਤ
ਮੱਥੇ 'ਤੇ ਧੂੜੀ ਲਾਂਦੇ ਹਾਂ ।
ਸਾਨੂੰ ਜਿਉਣਾ ਦੱਸਿਆ ਮਾਂ, ਤੇਰੀਆਂ ਮਸਤ ਬਹਾਰਾਂ ਨੇ।
ਸਾਨੂੰ ਮਰਨਾ ਦੱਸਿਆ ਮਾਂ,
ਭਗਤ ਸਿੰਘ ਜਹੇ ਸਰਦਾਰਾਂ ਨੇ।
ਸਾਨੂੰ ਬੁੱਧ ਵਰਗੇ ਭਗਵਾਨ,
ਤੇ ਸਾਡੇ ਗਾਂਧੀ ਜਹੇ ਇਨਸਾਨ
ਉਹਨਾਂ ਤੋਂ ਸਿੱਖਿਆ ਪਾਂਦੇ ਹਾਂ ।
ਅਸੀਂ ਸਹੁੰ ਖਾਂਦੇ ਹਾਂ ਮਾਂ,
ਭਗਤ ਸਿੰਘ ਦੀ ਕੁਰਬਾਨੀ ਦੀ।
ਅਸੀਂ ਸਹੁੰ ਖਾਂਦੇ ਹਾਂ ਮਾਂ,
ਤੇਰੀ ਝਾਂਸੀ ਦੀ ਰਾਣੀ ਦੀ।
ਵੱਲ ਤੇਰੇ ਜਿਹੜਾ ਤੱਕੇਗਾ,
ਉਹ ਸਾਥੋਂ ਬਚ ਨਹੀਂ ਸਕੇਗਾ,
ਅਸੀਂ ਇਹ ਕਸਮਾਂ ਖਾਂਦੇ ਹਾਂ ।
2.
ਕਾਗ ਸਮੇਂ ਦਾ ਬੋਲਿਆ
ਕਾਗ ਸਮੇਂ ਦਾ ਬੋਲਿਆ
ਅਮਨਾਂ ਦੀ ਬੋਲੀ।
ਮਾਖਿਓਂ ਵਰਗੀ ਮਸਤੀ
ਜਿਸ ਕਣ-ਕਣ ਵਿੱਚ ਘੋਲੀ।
ਸ਼ੁੱਧ ਕੁੰਦਨ ਦੇ ਵਿਚ ਨੀ ਇਹਦੀ ਚੁੰਝ ਮੜ੍ਹਾਵੋ।
ਮੋਰ ਤੇ ਤਿੱਤਰ ਇਹਦਿਆਂ ਖੰਭਾਂ 'ਤੇ ਪਾਵੋ।
ਬੰਨ੍ਹੋ ਨੀ ਇਹਦੇ ਪਹੁੰਚਿਆਂ ਵਿਚ ਕੋਈ ਰੱਤੀ ਮੌਲੀ।
ਪਾਵੋ ਨੀ ਇਹਦਿਆਂ ਨੈਣਾਂ ਵਿਚ ਕੋਈ ਸੁਰਮ ਸਲਾਈਆਂ।
ਧਰਤੀ ਉਤੇ ਏਸ ਨੇ ਮਿਹਰਾਂ ਬਰਸਾਈਆਂ।
ਜਿਵੇਂ ਫੁਲੇਰਾ ਉਲਟ ਦਏ
ਫੁੱਲਾਂ ਦੀ ਝੋਲੀ।
ਦੇਸ ਦੇਸ ਵਿਚ ਦਿੱਤਾ ਨੀ
ਇਸ ਅਮਨ ਸੁਨੇਹਾ।
ਮੂੰਹ ਲੋਕਾਂ ਦਾ ਲਿਸ਼ਕਿਆ
ਸੁਣ ਸੋਨੇ ਜੇਹਾ।
ਪਿੱਤਲ ਵਰਗੀ ਹੋ ਗਈ ਲਹੂ ਪੀਣੀ ਟੋਲੀ।
ਕੱਢ ਲਿਆਵੋ ਅੰਦਰੋਂ ਨੀ ਮੱਖਣਾਂ ਦੇ ਪੇੜੇ।
ਕੁੱਟ-ਕੁੱਟ ਪਾਵੋ ਚੂਰੀਆਂ ਨੀ ਇਹ ਪੰਧ ਨਬੇੜੇ।
ਝਬਦੇ ਲਿਆਵੋ ਧਰਤ 'ਤੇ ਸ਼ਗਨਾਂ ਦੀ ਡੋਲੀ।
ਪਾ ਲਏ ਅੰਦਰੋਂ ਕੱਢ ਕੇ ਵਿਧਵਾ ਨੇ ਗਹਿਣੇ।
ਖੁਸ਼ ਹੈ ਹੁਣ ਨਹੀਂ ਕਦੇ ਵੀ ਤਨ ਉਤੋਂ ਲਹਿਣੇ।
ਵਰੀ ਸੂਹੀ ਦੀ ਪੋਟਲੀ
ਉਸ ਵਿਹੜੇ ਵਿਚ ਖੋਲ੍ਹੀ।
ਫੜ ਲਈ ਬੁੱਢੇ ਪਿਓ ਨੇ ਹੱਥ ਫੇਰ ਡੰਗੋਰੀ।
ਹੁਣ ਨਹੀਂ ਹੋਣੀ ਕਦੇ ਵੀ ਇਹ ਪੋਰੀ ਪੋਰੀ।
ਪਿੱਪਲਾਂ ਥੱਲੇ ਨੱਚ ਪਈ ਗਿੱਧੇ ਦੀ ਬੋਲੀ।
ਪਲਕਾਂ ਨਾਲ ਜਹਾਨ ਦੀ ਇਸ ਕਾਲਖ ਚੁੱਗੀ।
ਇਸ ਦੀ ਨਜ਼ਰੋਂ ਰਹੀ ਨਾ ਇਕ ਵਿਥ ਵੀ ਲੁੱਗੀ।
ਟੁਰ ਟੁਰ ਪੱਬਾਂ ਭਾਰ ਏਸ ਹਰ ਨੁੱਕਰ ਫੋਲੀ।
ਕਾਗ ਸਮੇਂ ਦਾ ਬੋਲਿਆ
ਅਮਨਾਂ ਦੀ ਬੋਲੀ।
The-Call-For-World-Peace-Was-Borne-By-Punjabi-Writer-S-Tera-Singh-Chann-
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)