June 18, 2026 15:32:13

*ਬੈਂਕ ਪੀ.ਓ. ਅਤੇ ਐਲ.ਆਈ.ਸੀ./ਜੀ.ਆਈ.ਸੀ. ਪ੍ਰੀਖਿਆਵਾਂ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੋਚਿੰਗ ਦਾ ਐਲਾਨ; ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 30 ਜੂਨ*

Jun17,2026 | Meenu Galhotra | Chandigarh

*ਡਾ. ਬਲਜੀਤ ਕੌਰ ਨੇ ਕਿਹਾ, ਐਸ.ਸੀ., ਓ.ਬੀ.ਸੀ. ਅਤੇ ਘੱਟ ਗਿਣਤੀ ਵਰਗਾਂ ਦੇ ਨੌਜਵਾਨਾਂ ਨੂੰ ਬੈਂਕਿੰਗ ਅਤੇ ਬੀਮਾ ਖੇਤਰ ਵਿੱਚ ਕਰੀਅਰ ਬਣਾਉਣ ਦਾ ਮਿਲੇਗਾ ਮੌਕਾ*


ਅਨੁਸੂਚਿਤ ਜਾਤੀਆਂ (ਐਸ.ਸੀ.), ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਨੌਜਵਾਨਾਂ ਲਈ ਕਰੀਅਰ ਦੇ ਮੌਕਿਆਂ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਪ੍ਰੋਬੇਸ਼ਨਰੀ ਅਫ਼ਸਰ (ਬੈਂਕ) ਅਤੇ ਅਸਿਸਟੈਂਟ ਐਡਮਿਨਿਸਟ੍ਰੇਟਿਵ ਅਫ਼ਸਰ (ਐਲ.ਆਈ.ਸੀ./ਜੀ.ਆਈ.ਸੀ.) ਪ੍ਰੀਖਿਆ-2026 ਲਈ ਮੁਫ਼ਤ ਕੋਚਿੰਗ ਦੇਣ ਦਾ ਐਲਾਨ ਕੀਤਾ ਹੈ। ਇਸ ਪਹਿਲ ਨਾਲ ਯੋਗ ਉਮੀਦਵਾਰ ਮਹਿੰਗੀਆਂ ਕੋਚਿੰਗ ਫ਼ੀਸਾਂ ਦੇ ਬੋਝ ਤੋਂ ਬਿਨਾਂ ਪ੍ਰਮੁੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਹੋਣਹਾਰ ਨੌਜਵਾਨਾਂ ਨੂੰ ਗੁਣਵੱਤਾ ਭਰਪੂਰ ਕੋਚਿੰਗ, ਮਾਹਿਰ ਮਾਰਗਦਰਸ਼ਨ ਅਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਬੈਂਕਿੰਗ ਅਤੇ ਬੀਮਾ ਖੇਤਰ ਵਿੱਚ ਆਪਣਾ ਸਫ਼ਲ ਕਰੀਅਰ ਬਣਾ ਸਕਣ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੋਈ ਵੀ ਪ੍ਰਤਿਭਾਸ਼ਾਲੀ ਨੌਜਵਾਨ ਆਰਥਿਕ ਤੰਗੀ ਕਾਰਨ ਮੌਕਿਆਂ ਤੋਂ ਵਾਂਝਾ ਨਾ ਰਹੇ ਅਤੇ ਉਸ ਨੂੰ ਆਪਣੀ ਸਮਰੱਥਾ ਸਾਬਤ ਕਰਨ ਲਈ ਲੋੜੀਂਦਾ ਸਹਿਯੋਗ ਮਿਲੇ।
ਡਾ. ਬਲਜੀਤ ਕੌਰ ਨੇ ਕਿਹਾ, “ਪ੍ਰਤਿਭਾ ਨੂੰ ਕਦੇ ਵੀ ਆਰਥਿਕ ਕਮਜ਼ੋਰੀ ਕਾਰਨ ਪਿੱਛੇ ਨਹੀਂ ਰਹਿਣਾ ਚਾਹੀਦਾ। ਸਾਡੀ ਸਰਕਾਰ ਯੋਗ ਨੌਜਵਾਨਾਂ ਨੂੰ ਉਹ ਮਾਰਗਦਰਸ਼ਨ, ਸਾਧਨ ਅਤੇ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜਿਨ੍ਹਾਂ ਦੀ ਮਦਦ ਨਾਲ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫ਼ਲ ਹੋ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ।”
ਉਨ੍ਹਾਂ ਦੱਸਿਆ ਕਿ ਇਹ ਕੋਚਿੰਗ ਅੰਬੇਦਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਿਜ਼, ਫੇਜ਼-3ਬੀ2, ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਕਰਵਾਈ ਜਾਵੇਗੀ। ਪੰਜਾਬ ਦੇ ਪੱਕੇ ਵਸਨੀਕ ਅਤੇ ਐਸ.ਸੀ., ਓ.ਬੀ.ਸੀ. ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਗ੍ਰੈਜੂਏਟ ਉਮੀਦਵਾਰ ਇਸ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹਨ। ਬਿਨੈਕਾਰ ਦੇ ਪਰਿਵਾਰ ਦੀ ਕੁੱਲ ਸਾਲਾਨਾ ਆਮਦਨ ਸਾਰੇ ਸਰੋਤਾਂ ਤੋਂ 3 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਜਨਰਲ ਇੰਗਲਿਸ਼, ਕੁਆਂਟੀਟੇਟਿਵ ਐਪਟੀਚਿਊਡ, ਰੀਜ਼ਨਿੰਗ ਅਤੇ ਕਰੰਟ ਇਵੈਂਟਸ ਵਿਸ਼ਿਆਂ ਦੇ ਆਬਜੈਕਟਿਵ ਟਾਈਪ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਇਹ ਟੈਸਟ 3 ਜੁਲਾਈ 2026 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਅੰਬੇਦਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਿਜ਼, ਫੇਜ-3 ਬੀ 2, ਮੋਹਾਲੀ ਵਿਖੇ ਕਰਵਾਇਆ ਜਾਵੇਗਾ।
ਇੱਛੁਕ ਉਮੀਦਵਾਰ ਆਪਣੀਆਂ ਅਰਜ਼ੀਆਂ ਸਾਰੇ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਵੈ-ਪ੍ਰਮਾਣਿਤ ਕਾਪੀਆਂ ਸਮੇਤ 30 ਜੂਨ 2026 ਤੱਕ ਪ੍ਰਿੰਸੀਪਲ, ਅੰਬੇਦਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਿਜ਼, ਮੋਹਾਲੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਹਨ ਜਾਂ ambedkarinstitute013@gmail.com 'ਤੇ ਈ-ਮੇਲ ਰਾਹੀਂ ਭੇਜ ਸਕਦੇ ਹਨ।
ਯੋਗ ਨੌਜਵਾਨਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪਹਿਲ ਨੌਜਵਾਨਾਂ ਨੂੰ ਸਿੱਖਿਆ, ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਯੋਗਤਾ, ਦਾਖ਼ਲਾ ਪ੍ਰਕਿਰਿਆ ਅਤੇ ਹੋਰ ਜਾਣਕਾਰੀ ਲਈ ਉਮੀਦਵਾਰ www.welfare.punjab.gov.in ਵੈੱਬਸਾਈਟ 'ਤੇ ਵਿਜ਼ਿਟ ਕਰ ਸਕਦੇ ਹਨ।

-punjab-Government-Announces-Free-Coaching-For-Bank-Po-And-Lic-gic-Examinations-Last-Date-To-Apply-Is-June-30-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead