*ਮੈਨੂੰ ਮਾਣ ਹੈ ਕਿ ਹਜ਼ਾਰਾਂ ਨੌਜਵਾਨ ਪੰਜਾਬ ਪੁਲਿਸ ਦੀ ਫਰੰਟਲਾਈਨ ਫੋਰਸ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਸੂਬੇ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਨ: ਡੀਜੀਪੀ ਗੌਰਵ ਯਾਦਵ*
*ਪੰਜਾਬ ਪੁਲਿਸ ਹਰ ਹਾਲਤ ਵਿੱਚ ਅਪਰਾਧੀਆਂ ਨਾਲ ਨਜਿੱਠਣ ਦੇ ਸਮਰੱਥ ਅਤੇ ਸਾਡੇ ਨੌਜਵਾਨ ਪੁਲਿਸ ਮੁਲਾਜ਼ਮ ਹਰ ਰੋਜ਼ ਇਸ ਸਮਰੱਥਾ ਨੂੰ ਕਰ ਰਹੇ ਹਨ ਹੋਰ ਮਜ਼ਬੂਤ : ਡੀਜੀਪੀ ਗੌਰਵ ਯਾਦਵ*
*29 ਸਾਲ ਤੋਂ ਘੱਟ ਉਮਰ ਦੇ 8,200 ਤੋਂ ਵੱਧ ਪੁਲਿਸ ਮੁਲਾਜ਼ਮ, ਪੰਜਾਬ ਪੁਲਿਸ ਵਿੱਚ ਨੌਜਵਾਨੀ ਅਤੇ ਤਜਰਬੇ ਦਾ ਵਿਲੱਖਣ ਸੁਮੇਲ*
*ਪੰਜਾਬ ਪੁਲਿਸ ਦੀ ਚੱਲ ਰਹੀ ਭਰਤੀ ਮੁਹਿੰਮ ਸੂਬੇ ਭਰ ਵਿੱਚ ਫਰੰਟਲਾਈਨ ਪੁਲਿਸਿੰਗ ਨੂੰ ਕਰੇਗੀ ਹੋਰ ਮਜ਼ਬੂਤ*
ਪੰਜਾਬ ਪੁਲਿਸ ਦੀ ਸਫਲਤਾ ਸਿਰਫ਼ ਤਜਰਬੇਕਾਰ ਸੀਨੀਅਰ ਅਧਿਕਾਰੀਆਂ ਦੇ ਮੋਢਿਆਂ ’ਤੇ ਹੀ ਨਿਰਭਰ ਨਹੀਂ , ਸਗੋਂ ਉਹਨਾਂ ਨੌਜਵਾਨ ਅਧਿਕਾਰੀਆਂ ਦੀ ਦ੍ਰਿੜਤਾ ਤੇ ਤਨਦੇਹੀ ਦਾ ਵੀ ਭਰਪੂਰ ਯੋਗਦਾਨ ਹੈ,ਜੋ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਪੁਲਿਸ ਫੋਰਸ ਦੇ ਭਵਿੱਖ ਨੂੰ ਮਜ਼ਬੂਤ ਬਣਾ ਰਹੇ ਹਨ।
ਸੂਬੇ ਦੀ ਪੁਲਿਸ ਵਿੱਚ ਕਾਂਸਟੇਬਲ ਤੋਂ ਲੈ ਕੇ ਡੀਐਸਪੀ (ਡਿਪਟੀ ਸੁਪਰਿੰਟੈਂਡੈਂਟ ਆਫ ਪੁਲਿਸ) ਤੱਕ ਵੱਖ-ਵੱਖ ਅਹੁਦਿਆਂ ’ਤੇ ਨੌਜਵਾਨ ਅਧਿਕਾਰੀ ਤਾਇਨਾਤ ਹਨ, ਜੋ ਆਧੁਨਿਕ ਤਕਨਾਲੋਜੀ ਅਤੇ ਨਿਡਰ ਸੋਚ ਦੇ ਨਾਲ ਅਪਰਾਧ ਅਤੇ ਗੈਂਗ ਗਤੀਵਿਧੀਆਂ ’ਤੇ ਨਕੇਲ ਕੱਸਣ ਵਿੱਚ ਵੱਡਮੁਲੀ ਭੂਮਿਕਾ ਨਿਭਾ ਰਹੇ ਹਨ। ਪੁਲਿਸ ਬਲ ਵਿੱਚ 27 ਤੋਂ 29 ਸਾਲ ਦੀ ਉਮਰ ਵਰਗ ਦੇ 4,253 ਕਰਮਚਾਰੀ ਹਨ, ਜਦਕਿ 3,978 ਕਰਮਚਾਰੀ 27 ਸਾਲ ਤੋਂ ਘੱਟ ਉਮਰ ਦੇ ਹਨ। ਇਸ ਨਾਲ ਸਰਹੱਦੀ ਸੂਬੇ ਪੰਜਾਬ ਵਿੱਚ ਹਰ ਤਰ੍ਹਾਂ ਦੇ ਅਪਰਾਧਾਂ ਨਾਲ ਨਜਿੱਠਣ ਲਈ ਨੌਜਵਾਨੀ ਅਤੇ ਤਜਰਬੇ ਦਾ ਸੰਤੁਲਿਤ ਸੁਮੇਲ ਮੌਜੂਦ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ, ਡੀਜੀਪੀ ਗੌਰਵ ਯਾਦਵ ਦੀ ਦੇਖ-ਰੇਖ ਹੇਠ ਕੀਤੀਆਂ ਗਈਆਂ ਤਾਜ਼ਾ ਭਰਤੀਆਂ ਨੇ ਅਜਿਹੀ ਪੁਲਿਸ ਫੋਰਸ ਤਿਆਰ ਕਰਨ ਵਿੱਚ ਯੋਗਦਾਨ ਪਾਇਆ ਹੈ ਜੋ ਸੂਬੇ ਦੇ ਲੋਕਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਦੇ ਸਮਰੱਥ ਹੈ।
ਰਿਕਾਰਡਾਂ ਅਨੁਸਾਰ, ਪੰਜਾਬ ਪੁਲਿਸ ਵਿੱਚ 29 ਸਾਲ ਤੋਂ ਘੱਟ ਉਮਰ ਦੇ 6,666 ਕਾਂਸਟੇਬਲ, 973 ਸੀਨੀਅਰ ਕਾਂਸਟੇਬਲ, 347 ਸਬ-ਇੰਸਪੈਕਟਰ ਅਤੇ 186 ਹੈੱਡ ਕਾਂਸਟੇਬਲ ਸੇਵਾ ਨਿਭਾ ਰਹੇ ਹਨ। ਇਹਨਾਂ 6,666 ਕਾਂਸਟੇਬਲਾਂ ਵਿੱਚੋਂ 3,855 ਦੀ ਉਮਰ 20 ਤੋਂ 26 ਸਾਲ ਦੇ ਵਿਚਕਾਰ ਹੈ, ਜਦਕਿ 1,198 ਦੀ ਉਮਰ 29 ਸਾਲ, 1,125 ਦੀ 28 ਸਾਲ ਅਤੇ 488 ਦੀ ਉਮਰ 27 ਸਾਲ ਹੈ।
ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਪੰਜਾਬ ਪੁਲਿਸ ਹਰ ਕਿਸਮ ਦੀ ਸਥਿਤੀ ਨੂੰ ਸੰਭਾਲਣ ਅਤੇ ਹਰ ਹਾਲਤ ਵਿੱਚ ਅਪਰਾਧੀਆਂ ਨਾਲ ਨਜਿੱਠਣ ਦੇ ਸਮਰੱਥ ਹੈ। ਵੱਖ-ਵੱਖ ਭਰਤੀ ਮੁਹਿੰਮਾਂ ਰਾਹੀਂ ਫੋਰਸ ਵਿੱਚ 29 ਸਾਲ ਤੋਂ ਘੱਟ ਉਮਰ ਦੇ 8,231 ਕਰਮਚਾਰੀ ਭਰਤੀ ਹੋਏ ਹਨ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹਨਾਂ ਵਿੱਚੋਂ ਬਹੁਤੇ ਨੌਜਵਾਨ ਫਰੰਟਲਾਈਨ ਅਧਿਕਾਰੀ ਅਤੇ ਥਾਣਾ ਸਟਾਫ ਵਜੋਂ ਕੰਮ ਕਰ ਰਹੇ ਹਨ, ਜੋ ਸਿੱਧੇ ਤੌਰ ’ਤੇ ਕਾਨੂੰਨ-ਵਿਵਸਥਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਮੌਜੂਦਗੀ ਪੁਲਿਸ ਫੋਰਸ ਨੂੰ ਵਿਲੱਖਣ ਬਣਾਉਂਣ ਅਤੇ ਸਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਦਦ ਕਰਦੀ ਹੈ।”
ਇਹ ਨਵੀ ਉਮਰ ਦੇ ਅਧਿਕਾਰੀ /ਕਰਮਚਾਰੀ ਨਾ ਸਿਰਫ ਪੰਜਾਬ ਪੁਲਿਸ ਦੀ ਬਦਲਦੀ ਤਸਵੀਰ ਪੇਸ਼ ਕਰ ਰਹੇ ਹਨ,ਸਗੋਂ ਇਸ ਨਾਲ ਪੁਲਿਸ ਦੀ ਸੰਸਥਾਗਤ ਮਜ਼ਬੂਤੀ
ਵੀ ਸਾਹਮਣੇ ਆਈ ਹੈ।
ਸੂਬੇ ਦੇ ਸਾਰੇ ਪੁਲਿਸ ਥਾਣਿਆਂ ਵਿੱਚ ਮਹਿਲਾ ਹੈਲਪ ਡੈਸਕਾਂ ਦੀ ਸਥਾਪਨਾ ਕੀਤੀ ਗਈ ਹੈ, ਇਸ ਦੇ ਨਾਲ ਹੀ ਰਾਜ ਦੇ ਸਿਟੀਜ਼ਨ ਪੋਰਟਲ ਦੀਆਂ ਸੇਵਾਵਾਂ ਵਿੱਚ ਵੀ ਸੁਧਾਰ ਹੋਇਆ ਹੈ।
ਨੌਜਵਾਨਾਂ ਨੂੰ ਫੋਰਸ ਵਿੱਚ ਸ਼ਾਮਲ ਕਰਨ ਦੀ ਮੁਹਿੰਮ ਅਜੇ ਜਾਰੀ ਹੈ। ਪੰਜਾਬ ਪੁਲਿਸ ਨੇ 3,298 ਅਸਾਮੀਆਂ ਲਈ ਵੱਡੀ ਕਾਂਸਟੇਬਲ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਲਈ ਕੰਪਿਊਟਰ ਅਧਾਰਿਤ ਪ੍ਰੀਖਿਆ (ਸੀ. ਬੀ. ਟੀ. ) 1 ਜੁਲਾਈ ਤੋਂ ਸ਼ੁਰੂ ਹੋਵੇਗੀ। ਨਵੇਂ ਭਰਤੀ ਹੋਣ ਵਾਲੇ ਕਰਮਚਾਰੀਆਂ ਨਾਲ ਫਰੰਟਲਾਈਨ ਪੁਲਿਸ ਦੀ ਮੌਜੂਦਗੀ ਹੋਰ ਵਧੇਗੀ ਅਤੇ ਹਰ ਉਮਰ ਵਰਗ ਦੇ ਨਾਗਰਿਕਾਂ ਨਾਲ ਬਿਹਤਰ ਤਾਲਮੇਲ ਬਣਾਉਣ ਵਿੱਚ ਮਦਦ ਮਿਲੇਗੀ।
-young-Personnel-Are-Strengthening-Punjab-Police-s-Frontline-Response-Crime-fighting-Capabilities-
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)