July 4, 2026 23:37:31

ਪੰਜਾਬ ਸਰਕਾਰ ਨੇ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਲਈ ਵਿੱਢੀ ‘‘ਸ਼ੁੱਧ ਦੁੱਧ’’ ਮੁਹਿੰਮ

Jul4,2026 | Meenu Galhotra | Chandigarh


*•ਟੋਲ ਫਰੀ ਹੈਲਪਲਾਈਨ, ਦੁੱਧ ਦੀ ਗੁਣਵੱਤਾ ਪਰਖਣ ਲਈ ਮੋਬਾਈਲ ਵੈਨਾਂ ਅਤੇ ਪੋਰਟੇਬਲ ਕਿੱਟਾਂ ਜਾਰੀ*

*• 1 ਅਪ੍ਰੈਲ ਤੋਂ ਹੁਣ ਤੱਕ 160 ਕੈਂਪਾਂ ਵਿੱਚ ਦੁੱਧ ਦੇ 6000 ਨਮੂਨਿਆਂ ਦੀ ਕੀਤੀ ਜਾਂਚ: ਗੁਰਮੀਤ ਸਿੰਘ ਖੁੱਡੀਆਂ*

*• ਜ਼ਿਲ੍ਹਾ ਡੇਅਰੀ ਵਿਕਾਸ ਦਫ਼ਤਰਾਂ ਵਿੱਚ 9 ਤੋਂ 5 ਵਜੇ ਤੱਕ ਕਰਵਾਈ ਜਾ ਸਕਦੀ ਹੈ ਦੁੱਧ ਦੀ ਮੁਫ਼ਤ ਜਾਂਚ: ਖੁੱਡੀਆਂ*


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਸ਼ੁੱਧ ਦੁੱਧ, ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਮਰਪਿਤ ਟੋਲ-ਫਰੀ ਹੈਲਪਲਾਈਨ 1800-180-2202 ਸਥਾਪਿਤ ਕੀਤੀ ਹੈ ਅਤੇ ਇੱਕ ਨੋਡਲ ਅਫਸਰ ਤਾਇਨਾਤ ਕੀਤਾ ਹੈ।
ਇਸ ਮੁਹਿੰਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਨੇ 1 ਅਪ੍ਰੈਲ 2026 ਤੋਂ ਹੁਣ ਤੱਕ 160 ਕੈਂਪਾਂ ਵਿੱਚ 6000 ਦੁੱਧ ਦੇ ਨਮੂਨਿਆਂ ਦੀ ਜਾਂਚ ਕੀਤੀ ਹੈ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਘਰੋ-ਘਰੀਂ ਜਾ ਕੇ ਟੈਸਟਿੰਗ ਕਰਨ ਲਈ, 4 ਮੋਬਾਈਲ ਲੈਬਾਰਟਰੀ ਵੈਨਾਂ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ 5 ਹੋਰ ਅਜਿਹੀਆਂ ਵੈਨਾਂ ਵਿਭਾਗ ਵਿੱਚ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਜ਼ਿਲ੍ਹਾ ਡਿਪਟੀ ਡਾਇਰੈਕਟਰ ਦਫ਼ਤਰਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੁਟੀਨ ਟੈਸਟਿੰਗ ਵੀ ਕੀਤੀ ਜਾਂਦੀ ਹੈ।
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸਹਿਯੋਗ ਨਾਲ, ਵਿਭਾਗ ਵੱਲੋਂ ਜ਼ਿਲ੍ਹਾ ਡੇਅਰੀ ਵਿਕਾਸ ਦਫ਼ਤਰਾਂ ਲਈ ਦੁੱਧ ’ਚ ਮਿਲਾਵਟ ਦੀ ਜਾਂਚ ਕਰਨ ਵਾਲੀਆਂ 5000 ਪੋਰਟੇਬਲ ਕਿੱਟਾਂ, ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਪੌਲੀਕਲੀਨਿਕਾਂ ਅਤੇ ਜਾਗਰੂਕਤਾ ਕੈਂਪ ਸਾਈਟਾਂ ਲਈ 500 ਕਿੱਟਾਂ ਖ਼ਰੀਦੀਆਂ ਅਤੇ ਵੰਡੀਆਂ ਗਈਆਂ ਹਨ। ਇਨ੍ਹਾਂ ਕਿੱਟਾਂ ਰਾਹੀਂ ਫੈਟ, ਐਸ.ਐਨ.ਐਫ., ਪ੍ਰੋਟੀਨ ਦੇ ਨਾਲ-ਨਾਲ ਯੂਰੀਆ, ਸਟਾਰਚ ਅਤੇ ਹਾਈਡ੍ਰੋਜਨ ਪਰਆਕਸਾਈਡ ਵਰਗੇ ਮਿਲਾਵਟੀ ਪਦਾਰਥਾਂ ਦੀ ਮੌਕੇ ’ਤੇ ਹੀ ਜਾਂਚ ਕੀਤੀ ਜਾ ਸਕਦੀ ਹੈ ਤਾਂ ਜੋ ਕੈਂਪਾਂ ਅਤੇ ਦੌਰਿਆਂ ਦੌਰਾਨ ਅਧਿਕਾਰੀ ਅਤੇ ਕਿਸਾਨ ਤੁਰੰਤ ਦੁੱਧ ਦੀ ਗੁਣਵੱਤਾ ਦੀ ਪਰਖ ਕਰ ਸਕਣ। ਇਸ ਨਾਲ ਨਾ ਸਿਰਫ਼ ਕੇਂਦਰੀ ਲੈਬਾਂ ’ਤੇ ਨਿਰਭਰਤਾ ਘਟਦੀ ਹੈ ਸਗੋਂ ਮਿਲਾਵਟਖੋਰਾਂ ਵਿਰੁੱਧ ਕਾਰਵਾਈ ਵਿੱਚ ਵੀ ਤੇਜ਼ੀ ਆਉਂਦੀ ਹੈ।
ਸ. ਖੁੱਡੀਆਂ ਨੇ ਜ਼ੋਰ ਦਿੰਦਿਆਂ ਕਿਹਾ, “ਮਿਲਾਵਟੀ ਦੁੱਧ ਖਪਤਕਾਰਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੈ ਅਤੇ ਇਸ ਨਾਲ ਡੇਅਰੀ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਦੀ ਆਮਦਨ ਵੀ ਪ੍ਰਭਾਵਿਤ ਹੁੰਦੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਅਸੀਂ ਮੋਬਾਈਲ ਲੈਬਾਂ ਤਾਇਨਾਤ ਕੀਤੀਆਂ ਹਨ, ਟੈਸਟਿੰਗ ਕਿੱਟਾਂ ਵੰਡੀਆਂ ਹਨ ਅਤੇ ਸਿੱਧੇ ਜਨਤਕ ਫੀਡਬੈਕ ਲਈ ਇੱਕ ਟੋਲ-ਫਰੀ ਨੰਬਰ ਵੀ ਸ਼ੁਰੂ ਕੀਤਾ ਹੈ ਤਾਂ ਜੋ ਹਰ ਪੜਾਅ ’ਤੇ ਗੁਣਵੱਤਾ ਦੀ ਰਾਖੀ ਕੀਤੀ ਜਾ ਸਕੇ।’’
ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਕਿਹਾ ਕਿ ਨਾਗਰਿਕ ਹੁਣ ਸਾਰੇ ਜ਼ਿਲ੍ਹਾ ਡਿਪਟੀ ਡਾਇਰੈਕਟਰਾਂ ਦੇ ਦਫ਼ਤਰਾਂ ਵਿੱਚ ਦੁੱਧ ਦੇ ਨਮੂਨਿਆਂ ਦੀ ਮੁਫਤ ਜਾਂਚ ਕਰਵਾ ਸਕਦੇ ਹਨ। ਇਸ ਮੁਹਿੰਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਟੇਟ ਨੋਡਲ ਅਫਸਰ ਸ੍ਰੀ ਮਨਦੀਪ ਸਿੰਘ ਨਾਲ 98784-41386 ਅਤੇ 0172-5027285 ਉਤੇ ਸੰਪਰਕ ਕੀਤਾ ਦਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਸ਼ੁੱਧ ਦੁੱਧ ਦੇ ਉਨ੍ਹਾਂ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਅਤੇ ਮਿਲਾਵਟਖੋਰੀ ਨੂੰ ਰੋਕਣ ਲਈ ਸੂਬੇ ਭਰ ਵਿੱਚ ਵੱਡੇ ਪੱਧਰ ਉਤੇ ’ਸ਼ੁੱਧ ਦੁੱਧ, ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਹੈ।

-shudh-Dudh-Push-Punjab-Launches-Toll-free-Helpline-Mobile-Vans-Portable-Kits-To-Check-Milk-Quality


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead