July 8, 2026 00:56:37

ਪਾਕਿਸਤਾਨ ਵੱਸਦੇ ਕਵੀ ਬਾਬਾ ਨਜਮੀ ਦੀ ਸਮੁੱਚੀ ਕਾਵਿ ਰਚਨਾ “ਮੈਂ ਇਕਬਾਲ ਪੰਜਾਬੀ ਦਾ”ਪੰਜਵਾਂ ਸੰਸਕਰਨ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ

Jul6,2026 | Meenu Galhotra | Ludhiana



ਪਾਕਿਸਤਾਨ ਵੱਸਦੇ ਇਨਕਲਾਬੀ ਕਵੀ ਅਤੇ ਜੱਦੀ ਤੌਰ ਤੇ ਹਾਸ਼ਮ ਸ਼ਾਹ ਦੇ ਪਿੰਡ ਜਗਦੇਵ ਕਲਾਂ(ਅੰਮ੍ਰਿਤਸਰ) ਤੋਂ ਗਏ ਬਾਬਾ ਨਜਮੀ ਦੀ ਸਮੂਲਚੀ ਸ਼ਾਇਰੀ ਦਾ ਸੰਗ੍ਰਹਿ “ ਮੈਂ ਇਕਬਾਲ ਪੰਜਾਬੀ ਦਾ” ਚੇਤਨਾ ਪ੍ਰਕਾਸ਼ਨ ਵੱਲੋਂ ਪੰਜਵੀਂ ਵਾਰ ਛਪ ਕੇ ਆਉਣ ਤੇ ਇਸ ਦਾ ਲੋਕ ਅਰਪਣ ਨਿਰਉਚੇਚ ਪਰ ਪ੍ਰਭਾਵਸ਼ਾਲੀ ਰਸਮ ਨਾਲ ਲੋਕ ਅਰਪਨ ਕੀਤਾ ਗਿਆ।
ਇਸ ਦੇ ਪ੍ਰਕਾਸ਼ਕ ਤੇ ਪੰਜਾਬੀ ਕਵੀ ਸਤੀਸ਼ ਗੁਲਾਟੀ ਨੇ ਸੁਆਗਤੀ ਸ਼ਬਦਾਂ ਵੇਲੇ ਕਿਹਾ ਕਿ ਬਾਬਾ ਨਜਮੀ ਅਤੇ ਮੇਰੀ ਇਹ ਇੱਛਾ ਸੀ ਕਿ ਇਸ ਦੇ ਲੋਕ ਅਰਪਣ ਲਈ ਪੰਜ ਪਹਿਲੇ ਹੱਥ ਉਹ ਹੋਣ ਜੋ ਜਾਂ ਤਾਂ ਕਵਿਤਾ ਲਿਖਦੇ ਹੋਣ ਜਾਂ ਲੋਕ ਸ਼ਾਇਰੀ ਦੀ ਰਮਜ਼ ਸਮਝਦੇ ਹੋਣ।
ਬੀਤੀ ਸ਼ਾਮ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਮੀਟਿੰਗ ਉਪਰੰਤ ਉਨ੍ਹਾਂ ਪੰਜਾਂ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ, ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ , ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੂੰ ਇਹ ਕਾਰਜ ਕਰਨ ਦਾ ਸੁਭਾਗ ਮਿਲਿਆ।
ਪੰਜਵਾਂ ਸੰਸਕਰਨ ਚੇਤਨਾ ਪ੍ਰਕਾਸ਼ਨ ਦੇ ਦਫਤਰ ਵਿੱਚ ਦੇ ਦਫ਼ਤਰ ਵਿੱਚ ਸਭਨਾਂ ਨੇ ਬਾਬਾ ਨਜਮੀ ਨੂੰ ਮੁਬਾਰਕ ਦਿੱਤੀ। ਇਹ ਵੀ ਮਹੱਤਵਪੂਰਨ ਹੈ ਕਿ ਕਿਤਾਬ ਦੇ ਮੁੱਖ ਪੰਨੇ ਤੇ ਗੁਰਪ੍ਰੀਤ ਬਠਿੰਡਾ ਦੀ ਉੁਹ ਪੇਂਟਿੰਗ ਪ੍ਰਕਾਸ਼ਿਤ ਹੈ ਜੋ ਗੁਰਪ੍ਰੀਤ ਨੇ ਲਾਹੌਰ (ਪਾਕਿਸਤਾਨ) ਜਾ ਕੇ ਬਾਬਾ ਨਜਮੀ ਨੂੰ 2024 ਵਿੱਚ ਆਪ ਭੇਂਟ ਕੀਤੀ ਸੀ। ਇਸ ਸੰਗ੍ਰਹਿ ਨੂੰ ਫੀਰੋਜ਼ਪੁਰ ਵਾਸੀ ਕਵੀ ਪ੍ਰੋ. ਜਸਪਾਲ ਘਈ ਨੇ ਗੁਰਮੁਖੀ ਅੱਖਰਾਂ ਵਿੱਚ ਢਾਲ਼ਿਆ ਹੈ।
ਇਸ ਮੌਕੇ ਬੋਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ
ਬਾਬਾ ਨਜਮੀ ਦੱਖਣੀ ਏਸ਼ੀਆ ਦੇ ਕੱਦਾਵਰ ਆਦਮ ਖਾਣੇ ਜੰਗ ਪੱਖੀ ਦੈਂਤ ਨਾਲ ਲੜਨ ਲਈ ਕਲਮੀ ਸੂਰਮਿਆਂ ਦੀ ਲੰਮੀ ਕਤਾਰ ਵਿੱਚੋਂ ਫ਼ੈਜ਼ ਅਹਿਮਦ ਫ਼ੈਜ਼, ਸ਼ਰੀਫ਼ ਕੁੰਜਾਹੀ, ਅਹਿਮਦ ਰਾਹੀ, ਹਬੀਬ ਜਾਲਿਬ ਤੇ ਕਿੰਨੇ ਹੀ ਹੋਰ ਕਲਮ ਦੇ ਸਿਪਾਹੀਆਂ ਨਾਲ ਬਰ ਮੇਚਦਾ ਹੈ।
ਪੂਰੀ ਉਮਰ ਅਮਨ ਦੀ ਲੋੜ ਤੇ ਮੁਹੱਬਤ ਦੀ ਬਾਤ ਪਾਉਂਦਾ ਇਹ ਕਵੀ ਰਾਵੀ ਦੇ ਉਰਵਾਰ ਪਾਰ ਬਲਦੀਆਂ ਸਰਹੱਦਾਂ ਦਾ ਸੇਕ ਸਹਿੰਦਿਆਂ ਹੁਣ 78 ਸਾਲ ਦਾ ਹੋ ਗਿਆ ਹੈ ਪਰ ਹਥਿਆਰਾਂ ’ਤੇ ਲੱਗਦੇ ਸਰਮਾਏ ਨਾਲ ਸਕੂਲ, ਕਾਲਜ, ਹਸਪਤਾਲ ਤੇ ਆਵਾਜਾਈ ਦੇ ਰਾਹ ਖਹਿੜੇ ਪੱਕੇ ਪਕੇਰੇ ਕਰਨ ਤੇ ਜਿਉਣਯੋਗ ਹਾਲਾਤ ਸਿਰਜਣ ਦਾ ਹੋਕਾ ਅੱਜ ਵੀ ਦੇ ਰਿਹਾ ਹੈ।

ਬਾਬਾ ਨਜਮੀ ਦੇ ਇਸ ਕਾਵਿ ਸੰਗ੍ਰਹਿ ਦੇ ਪਹਿਲੇ ਸੰਸਕਰਨ ਵਿੱਚ ਹੀ ਮੁੱਠਲੇ ਸ਼ਬਦ ਲਿਖਦਿਆਂ ਕਿਹਾ ਸੀ ਕਿ ਬਾਬਾ ਨਜਮੀ ਜਾਣਦਾ ਹੈ ਕਿ ਮਨੁੱਖ ਲਈ ਜਿਉਣਯੋਗ ਹਾਲਾਤ ਉਦੋਂ ਬਣਨਗੇ ਜਦੋਂ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਬੰਦ ਹੋਵੇਗੀ।ਉੱਚੇ ਨੀਵੇਂ ਦਾ ਭੇਦ-ਭਾਵ ਮਿਟਾਉਂਦੀ ਉਸਦੀ ਨਾਬਰ ਸ਼ਾਇਰੀ ਸਾਨੂੰ ਨਵੇਂ ਅਨੁਭਵ ਦੇ ਰੂਬਰੂ ਖੜਾ ਕਰਦੀ ਹੈ।

1947 ਵਿੱਚ ਜਦੋਂ ਦੇਸ਼ ਦੋ ਟੋਟੇ ਹੋ ਗਿਆ, ਉਸਦੇ ਅੱਬਾ ਹਜ਼ੂਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਤੋਂ ਲਾਹੌਰ ਜਾ ਵੱਸੇ। ਵੰਡ ਤੋਂ ਅਗਲੇ ਸਾਲ ਹੀ ਲਾਹੌਰ ਦੇ ਘੁਮਿਆਰਪੁਰਾ ਇਲਾਕੇ 'ਚ ਵੱਸ ਗਏ ਜਿੱਥੇ ਬਾਬਾ ਨਜਮੀ ਦਾ 6 ਸਤੰਬਰ 1948 ਨੂੰ ਜਨਮ ਹੋਇਆ।

ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਬਾਬਾ ਨਜਮੀ ਦੀ ਸ਼ਾਇਰੀ ਤਾਂ ਸਿੱਧੀ ਦਿਲ ਦੀ ਜ਼ਬਾਨ 'ਚੋਂ ਨਿਕਲਦੀ ਪ੍ਰਤੀਤ ਹੁੰਦੀ ਹੈ। ਲੋਕ ਪੀੜਾਂ ਦੇ ਹਾਣ ਦੀ ਸ਼ਾਇਰੀ ਸਿਰਜਣ ਵਾਲੇ ਬਾਬਾ ਨਜਮੀ ਨੂੰ ਤ੍ਰੈਕਾਲਦਰਸ਼ੀ ਨਜ਼ਰ ਤੇ ਨਜ਼ਰੀਆ ਨਸੀਬ ਹੈ। ਉਹ ਆਪਣਿਆਂ ਪੁਰਖਿਆਂ ਦੀ ਵਿਰਾਸਤ ਦਾ ਅੰਦਰੋਂ ਭੇਤੀ ਹੋਣ ਕਾਰਨ ਵਰਤਮਾਨ ਲਈ ਕੀ ਲੋੜੀਂਦਾ ਹੈ, ਇਹ ਗੱਲ ਭਲੀ-ਭਾਂਤ ਜਾਣਦਾ ਹੈ। ਵਰਤਮਾਨ ਦੇ ਆਸਰੇ ਹੋਵੇ ਤਾਂ ਕਲਮ ਕੁਰਾਹੇ ਨਹੀਂ ਪੈਂਦੀ। ਥੁੜਾਂ ਮਾਰੇ ਲੋਕਾਂ ਦੀ ਬਹੁਗਿਣਤੀ ਲਈ ਉਨ੍ਹਾਂ ਦੀ ਆਵਾਜ਼ ਬਹੁਤ ਬੁਲੰਦ ਹੈ।


ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਬਾਬਾ ਨਜਮੀ ਸ਼ਬਦਾਂ ਨੂੰ ਅਗਨ ਬਾਣ ਵਾਂਗ ਦਾਗਦਾ ਹੈ। ਉਹ ਜਾਗਦੀ ਜ਼ਮੀਰ ਵਾਲਾ ਕਰਮੱਠ ਕਲਮੀ ਕਾਮਾ ਤੇ ਸੁੱਤੀ ਜ਼ਮੀਰ ਨੂੰ ਜਗਾਉਣ ਵਾਲਾ ਪਹਿਰੇਦਾਰ ਸ਼ਾਇਰ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤੇ ਸੁਰੀਲੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕਿਹਾ ਕਿ
ਬਾਬਾ ਨਜਮੀ ਆਪਣੇ ਮੁਆਸ਼ਰੇ ਦੀ ਹਰ ਪੀੜ ਨੂੰ ਭਲੀ ਭਾਂਤ ਜਾਣਦਾ, ਪਛਾਣਦਾ, ਵੇਖਦਾ, ਪਰਖ਼ਦਾ, ਜਾਂਚਦਾ ਤੇ ਵਿਸ਼ਲੇਸ਼ਣ ਕਰਦਾ ਹੈ। ਪਾਕਿਸਤਾਨ ਹੋਵੇ ਜਾਂ ਭਾਰਤ, ਧੀਆਂ ਦੇ ਲੇਖ ਇੱਕੋ ਜਹੇ ਨੇ। ਉਹ ਧੀਆਂ ਦੇ ਦਰਦ ਦੀ ਬਾਤ ਪਾਉਂਦਾ ਹੈ।

ਮਨਜਿੰਦਰ ਧਨੋਆ ਨੇ ਕਿਹਾ ਕਿ ਪੰਜ ਛੇ ਸਾਲ ਪਹਿਲਾਂ ਲਾਹੌਰ ਵਿੱਚ ਅਫਜ਼ਲ ਸਾਹਿਰ ਤੇ ਬਾਬਾ ਨਜਮੀ ਜੀ ਨਾਲ ਗੁਜ਼ਾਰੇ ਕੁਝ ਦਿਨ ਮੇਰੀ ਉਮਰ ਭਰ ਦੀ ਪੂੰਜੀ ਹਨ। ਉਨ੍ਹਾਂ ਦਾ ਕਲਾਮ ਲਗਾਤਾਰ ਜਗਾ ਕੇ ਰੱਖਦਾ ਹੈ। ਬਾਬਾ ਨਜਮੀ ਆਪਣੇ ਤੋਂ ਪਹਿਲਾਂ ਹੋਏ ਕਵੀਆਂ ਲਈ ਸਤਿਕਾਰ ਰੱਖਦਾ ਹੈ ਤੇ ਨਿੱਕਿਆਂ ਤੋਂ ਆਸਵੰਦ ਹੈ। ਬਾਬਾ ਨਜਮੀ ਦੀ ਇਹ ਕਿਤਾਬ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਹੀ ਪੰਜਵੀਂ ਵਾਰ ਪ੍ਰਕਾਸ਼ਿਤ ਕੀਤੀ ਹੈ।

The-Fifth-Edition-Of-The-Complete-Poetic-Works-Of-Pakistan-based-Poet-Baba-Najmi-Titled-main-Iqbal-Punjabi-Da-Was-Released-At-Punjabi-Bhawan-Ludhiana-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead