ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬੇ ਵਿੱਚ ਮਾਨਸੂਨ ਸੀਜ਼ਨ ਨੂੰ ਲੈ ਕੇ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਿਆ ਜਾ ਸਕੇ।
ਮਾਨਸੂਨ ਦੇ ਸੀਜ਼ਨ ਦੌਰਾਨ ਹੜ੍ਹ ਵਰਗੀ ਕਿਸੇ ਵੀ ਸਥਿਤੀ ਤੋਂ ਸੂਬੇ ਦੇ ਲੋਕਾਂ ਦੇ ਬਚਾਅ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਲੋਕਾਂ ਦੀ ਜਾਨ-ਮਾਲ, ਵਾਹੀਯੋਗ ਜ਼ਮੀਨ ਅਤੇ ਜਨਤਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਮਜ਼ਬੂਤ ਨਿਗਰਾਨ ਪ੍ਰਣਾਲੀ ਅਤੇ ਰੱਖਿਆ ਢਾਂਚਾ ਤਿਆਰ ਕੀਤਾ ਹੈ। ਉਨ੍ਹਾਂ ਨੇ ਪੌਂਗ ਡੈਮ ਵਿਖੇ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਡੈਮ ਵਿਖੇ ਪਾਣੀ ਦਾ ਪੱਧਰ 1322 ਫੁੱਟ ਸੀ ਜੋ ਕਿ ਪਿਛਲੇ ਸਾਲ ਇਸੇ ਦਿਨ 1328 ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਾਲੋਂ ਪਾਣੀ ਦੇ ਪੱਧਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸੂਬੇ ਵਿਚ ਮਾਨਸੂਨ ਸੀਜ਼ਨ ਨੂੰ ਲੈ ਕੇ ਪ੍ਰਬੰਧ ਪੂਰੀ ਤਰ੍ਹਾਂ ਅਮਲ ਵਿਚ ਲਿਆਂਦੇ ਗਏ ਹਨ ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋਆਬੇ ਵਿਚ ਦੋ ਦਿਨ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਤੋਂ ਇਲਾਵਾ ਮਾਨਸੂਨ ਸੀਜ਼ਨ ਲਈ ਤਿਆਰੀਆਂ ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਹੜ੍ਹ ਸੁਰੱਖਿਆ ਅਤੇ ਡਰੇਨੇਜ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕਾਰਜਾਂ ਵਿੱਚ ਡਰੇਨਾਂ ਦੀ ਸਫ਼ਾਈ, ਬੋਲਡਰ ਸਟੋਨ (ਵੱਡੇ ਪੱਥਰਾਂ ਨਾਲ) ਅਤੇ ਹਾਈਬ੍ਰਿਡ ਸੁਰੱਖਿਆ ਕਾਰਜ, ਬੰਨ੍ਹਾਂ ਨੂੰ ਉੱਚਾ ਤੇ ਮਜ਼ਬੂਤ ਕਰਨਾ, ਫਲੱਡ ਕੰਟਰੋਲ ਗੇਟਾਂ ਦੀ ਕਾਰਜਸ਼ੀਲਤਾ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਠੋਸ ਹੜ੍ਹ ਰੋਕੂ ਪ੍ਰਬੰਧ ਸ਼ਾਮਲ ਹਨ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹੜ੍ਹਾਂ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਸੰਵੇਦਨਸ਼ੀਲ ਥਾਵਾਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਅਤੇ ਦਰਿਆਵਾਂ, ਡਰੇਨਾਂ, ਬੰਨ੍ਹਾਂ ਅਤੇ ਹੜ੍ਹ ਸੁਰੱਖਿਆ ਢਾਂਚੇ ਦੀ ਨਿਰੰਤਰ ਨਿਗਰਾਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜਿੱਥੇ ਵੀ ਕੋਈ ਕਮੀ ਨਜ਼ਰ ਆਵੇ, ਉੱਥੇ ਤੁਰੰਤ ਸੁਧਾਰਾਤਮਕ ਕਦਮ ਚੁੱਕੇ ਜਾਣ ਤਾਂ ਜੋ ਮਾਨਸੂਨ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉੁਨ੍ਹਾਂ ਦੱਸਿਆ ਕਿ ਹੜ੍ਹ ਸੁਰੱਖਿਆ ਕਾਰਜਾਂ ਵਿੱਚ 101 ਬੋਲਡਰ ਸਟੋਨ ਅਤੇ ਹਾਈਬ੍ਰਿਡ ਸੁਰੱਖਿਆ ਕਾਰਜ, 17 ਬੰਨ੍ਹਾਂ ਨੂੰ ਉੱਚਾ ਚੁੱਕਣਾ, 22 ਬੰਨ੍ਹ ਮਜ਼ਬੂਤ ਕਰਨੇ, 188 ਡਰੇਨਾਂ ਦੀ ਸਫਾਈ ਅਤੇ ਪੰਜ ਹੜ੍ਹ ਕੰਟਰੋਲ ਗੇਟ ਸੰਚਾਲਨ ਕਾਰਜ ਸ਼ਾਮਲ ਹਨ, ਜਿਨ੍ਹਾਂ 'ਤੇ ਲਗਭਗ 450 ਕਰੋੜ ਰੁਪਏ ਖਰਚੇ ਗਏ ਹਨ। ਫੀਲਡ ਅਧਿਕਾਰੀਆਂ ਨੂੰ ਮਾਨਸੂਨ ਸੀਜ਼ਨ ਦੌਰਾਨ ਚੌਕਸ ਰਹਿਣ ਦਾ ਨਿਰਦੇਸ਼ ਦਿੰਦਿਆਂ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਹੜ੍ਹ ਵਾਲੀਆਂ ਸੰਵੇਦਨਸ਼ੀਲ ਥਾਵਾਂ ’ਤੇ 24 ਘੰਟੇ ਚੌਕਸੀ ਰੱਖਣ ਅਤੇ ਹਰ ਐਮਰਜੈਂਸੀ ਸਥਿਤੀ ਮੌਕੇ ਤੁਰੰਤ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਕੈਪਸ਼ਨ: ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਪੌਂਗ ਡੈਮ ਦੇ ਦੌਰੇ ਦੌਰਾਨ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ।
Preparedness-In-Place-For-Monsoon-Season-Barinder-Kumar-Goyal