< ">  <" />
July 19, 2026 04:08:00

‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਪੂਰੀ ਤਰ੍ਹਾਂ ਗੈਂਗਸਟਰ ਮੁਕਤ ਨਹੀਂ ਹੋ ਜਾਂਦਾ: ਡੀਜੀਪੀ ਗੌਰਵ ਯਾਦਵ

Jul18,2026 | Meenu Galhotra | Chandigarh



*ਆਪਰੇਸ਼ਨ ਪ੍ਰਹਾਰ-3.0 ਨੇ ਪੰਜਾਬ ਭਰ ਵਿੱਚ ਸੰਗਠਿਤ ਅਪਰਾਧ ਅਤੇ ਡਰੱਗ-ਗੈਂਗਸਟਰ ਗਠਜੋੜ ਨੂੰ ਕਰਾਰਾ ਝਟਕਾ ਦਿੱਤਾ: ਡੀਜੀਪੀ ਗੌਰਵ ਯਾਦਵ*

*ਪੰਜਾਬ ਪੁਲਿਸ ਨੇ 16 ਦਿਨਾਂ ਦੀ ਖੁਫੀਆ ਜਾਣਕਾਰੀ ਅਧਾਰਤ ਕਾਰਵਾਈ ਦੌਰਾਨ 5,448 ਛਾਪੇ ਮਾਰੇ, 3,949 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ: ਡੀਜੀਪੀ ਗੌਰਵ ਯਾਦਵ*

*ਪੁਲਿਸ ਨੇ ਇਸ ਆਪਰੇਸ਼ਨ ਦੌਰਾਨ 42 ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ, 1,201 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ: ਸਪੈਸ਼ਲ ਡੀਜੀਪੀ ਪ੍ਰਵੀਨ ਸਿਨਹਾ*

*ਲੋਕ ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 'ਤੇ ਗੁਪਤ ਰੂਪ ਵਿੱਚ ਗੈਂਗਸਟਰਾਂ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ*


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਵਿੱਢੀ 'ਗੈਂਗਸਟਰਾਂ ‘ਤੇ ਵਾਰ' ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ 16 ਦਿਨਾਂ ਦੀ ਸੂਬਾ ਪੱਧਰੀ ਖੁਫੀਆ ਜਾਣਕਾਰੀ ਅਧਾਰਤ ਇਨਫੋਰਸਮੈਂਟ ਮੁਹਿੰਮ, ਆਪਰੇਸ਼ਨ ਪ੍ਰਹਾਰ-3.0 ਚਲਾਈ, ਜਿਸ ਦੌਰਾਨ ਸੰਗਠਿਤ ਅਪਰਾਧ ਅਤੇ ਡਰੱਗ-ਗੈਂਗਸਟਰ ਗਠਜੋੜ ਨੂੰ ਵੱਡੇ ਪੱਧਰ ‘ਤੇ ਠੱਲ ਪਾਈ ਗਈ। ਇਸ ਆਪਰੇਸ਼ਨ ਦੌਰਾਨ, ਪੁਲਿਸ ਟੀਮਾਂ ਨੇ ਸੂਬੇ ਦੇ ਸਾਰੀਆਂ ਪੁਲਿਸ ਰੇਂਜਾਂ ਅਤੇ ਕਮਿਸ਼ਨਰੇਟਾਂ ਵਿੱਚ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ, ਡਰੱਗ ਤਸਕਰਾਂ ਅਤੇ ਲੋੜੀਂਦੇ ਅਪਰਾਧੀਆਂ ਨਾਲ ਜੁੜੇ 5,448 ਸਥਾਨਾਂ 'ਤੇ ਛਾਪੇਮਾਰੀ ਕੀਤੀ।
ਇਸ ਸਬੰਧੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ, "ਆਪਰੇਸ਼ਨ ਪ੍ਰਹਾਰ-3.0 ਲੋਕਾਂ ਦਾ ਵਿਸ਼ਵਾਸ ਮਜ਼ਬੂਤ ਕਰਨ, ਪੁਲਿਸ ਦੀ ਮੌਜੂਦਗੀ ਨੂੰ ਵਧਾਉਣ ਅਤੇ ਰਾਜ ਵਿੱਚ ਚੱਲ ਰਹੇ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਹੋਰ ਅਪਰਾਧਿਕ ਨੈੱਟਵਰਕਾਂ ਨੂੰ ਕਰਾਰਾ ਝਟਕਾ ਦੇਣ ਲਈ ਸ਼ੁਰੂ ਕੀਤਾ ਗਿਆ ਸੀ।"
ਉਨ੍ਹਾਂ ਕਿਹਾ, "ਇਹ ਆਪਰੇਸ਼ਨ 16 ਦਿਨਾਂ ਲਈ ਕ੍ਰਮਬੱਧ ਢੰਗ ਨਾਲ ਚਲਾਇਆ ਗਿਆ ਸੀ, ਜਿਸ ਵਿੱਚ ਹਰ ਰੋਜ਼ ਇੱਕ ਵਿਸ਼ੇਸ਼ ਪੁਲਿਸ ਰੇਂਜ ਜਾਂ ਕਮਿਸ਼ਨਰੇਟ ਵਿੱਚ ਮੁਹਿੰਮ ਚਲਾਈ ਜਾਂਦੀ ਸੀ। ਇਸ ਯੋਜਨਾਬੱਧ ਪਹੁੰਚ ਨਾਲ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਅਪਰਾਧਿਕ ਨੈਟਵਰਕਾਂ ਨੂੰ ਕਰਾਰਾ ਝਟਕਾ ਦਿੱਤਾ ਅਤੇ ਸਾਰੀਆਂ ਫੀਲਡ ਯੂਨਿਟਾਂ ਦੇ ਆਪਸੀ ਤਾਲਮੇਲ ਨਾਲ ਆਪਰੇਸ਼ਨ ਨੂੰ ਨੇਪਰੇ ਚਾੜਿਆ।"
ਡੀਜੀਪੀ ਨੇ ਕਿਹਾ, “ਇਸ ਮੁਹਿੰਮ ਦਾ ਉਦੇਸ਼ ਗੈਂਗਸਟਰ-ਡਰੱਗ ਗੱਠਜੋੜ ਨੂੰ ਤੋੜਨਾ, ਭਗੌੜੇ ਅਤੇ ਲੋੜੀਂਦੇ ਅਪਰਾਧੀਆਂ ਨੂੰ ਫੜਨਾ, ਸੂਚੀਬੱਧ ਅਤੇ ਗੈਰ-ਸੂਚੀਬੱਧ ਨਸ਼ਾ ਤਸਕਰਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ, ਆਦਤਨ ਅਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਰੋਕਥਾਮ ਕਾਰਵਾਈ ਕਰਨਾ ਅਤੇ ਗੈਰ-ਕਾਨੂੰਨੀ ਹਥਿਆਰ, ਨਸ਼ੀਲੇ ਪਦਾਰਥ, ਗੈਰ-ਕਾਨੂੰਨੀ ਸ਼ਰਾਬ, ਚੋਰੀ ਹੋਈ ਸੰਪਤੀ ਅਤੇ ਅਪਰਾਧ ਨਾਲ ਜੁੜੇ ਵਾਹਨ ਬਰਾਮਦ ਕਰਨਾ ਸੀ। ਇਸ ਤੋਂ ਇਲਾਵਾ ਅੰਤਰ-ਜ਼ਿਲ੍ਹਾ ਤਾਲਮੇਲ ਨੂੰ ਮਜ਼ਬੂਤ ਕਰਨ, ਖੇਤਰੀ ਪੱਧਰ 'ਤੇ ਪੁਲਿਸਿੰਗ ਨੂੰ ਬਿਹਤਰ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਅਤੇ ਪੰਜਾਬ ਪੁਲਿਸ ਦੀਆਂ ਤਿਆਰੀਆਂ ਅਤੇ ਕਾਰਜਸ਼ੀਲ ਪਹੁੰਚ ਨੂੰ ਮਜ਼ਬੂਤ ਕੀਤਾ ਗਿਆ।”
ਉਨ੍ਹਾਂ ਕਿਹਾ, “ਇਸ ਮੁਹਿੰਮ ਦੌਰਾਨ, ਪੰਜਾਬ ਪੁਲਿਸ ਨੇ 10,401 ਕਰਮਚਾਰੀ ਤਾਇਨਾਤ ਕੀਤੇ ਅਤੇ ਸੂਬੇ ਭਰ ਵਿੱਚ 5,448 ਛਾਪੇ ਮਾਰੇ। ਕੁੱਲ 958 ਐਫਆਈਆਰ ਦਰਜ ਕੀਤੀਆਂ ਗਈਆਂ, 1,520 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਅਤੇ 262 ਵਾਹਨ ਜ਼ਬਤ ਕੀਤੇ ਗਏ।”
ਸੰਗਠਿਤ ਅਪਰਾਧਾਂ ਵਿਰੁੱਧ ਪੰਜਾਬ ਪੁਲਿਸ ਦੇ ਦ੍ਰਿੜ ਸੰਕਲਪ ਨੂੰ ਦੁਹਰਾਉਂਦਿਆਂ, ਡੀਜੀਪੀ ਗੌਰਵ ਯਾਦਵ ਨੇ ਕਿਹਾ, “ਗੈਂਗਸਟਰਾਂ ‘ਤੇ ਵਾਰ” ਇੱਕ ਨਿਰੰਤਰ ਮੁਹਿੰਮ ਹੈ ਜੋ ਪੂਰੀ ਤਾਕਤ ਨਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਵਿੱਚੋਂ ਗੈਂਗਸਟਰਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਨਹੀਂ ਕਰ ਦਿੱਤਾ ਜਾਂਦਾ।”
ਇਸ ਆਪਰੇਸ਼ਨ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ, ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ (ਕਾਨੂੰਨ ਅਤੇ ਵਿਵਸਥਾ) ਪ੍ਰਵੀਨ ਸਿਨਹਾ ਨੇ ਕਿਹਾ, “ਆਪਰੇਸ਼ਨ ਪ੍ਰਹਾਰ-3.0 ਦੌਰਾਨ ਕੁੱਲ 3,949 ਵਿਅਕਤੀਆਂ, ਜਿਨ੍ਹਾਂ ਵਿੱਚ 42 ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ, 1,201 ਨਸ਼ਾ ਤਸਕਰ, 119 ਭਗੌੜੇ ਅਪਰਾਧੀ ਅਤੇ 2,587 ਲੋੜੀਂਦੇ ਮੁਲਜ਼ਮ ਸ਼ਾਮਲ ਹਨ, ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ 1,520 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ 12 ਹਥਿਆਰ, 10.47 ਕਿਲੋ ਹੈਰੋਇਨ, 1.50 ਕਿਲੋ ਅਫੀਮ, 30 ਕਿਲੋ ਗਾਂਜਾ, 259 ਕਿਲੋ ਭੁੱਕੀ, 21,746 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ, 646.25 ਲੀਟਰ ਲਾਹਣ, 1,243.5 ਲੀਟਰ ਨਜ਼ਾਇਜ ਸ਼ਰਾਬ ਅਤੇ 4.03 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਕਾਰਵਾਈ ਦੌਰਾਨ ਗੈਰ-ਕਾਨੂੰਨੀ ਹਥਿਆਰ, ਗੋਲਾ-ਸਿੱਕਾ, ਚੋਰੀ ਹੋਏ ਵਾਹਨ, ਮੋਬਾਈਲ ਫੋਨ ਅਤੇ ਹੋਰ ਅਪਰਾਧਕ ਸਮੱਗਰੀ ਵੀ ਬਰਾਮਦ ਕੀਤੀ ਗਈ।
ਸਪੈਸ਼ਲ ਡੀਜੀਪੀ ਨੇ ਕਿਹਾ, "ਅਪਰੇਸ਼ਨ ਦੌਰਾਨ ਸੰਗਠਿਤ ਅਪਰਾਧ ਦਾ ਸਮਰਥਨ ਕਰਨ ਵਾਲੇ ਵਿਆਪਕ ਨੈਟਵਰਕਾਂ ਨੂੰ ਕਰਾਰਾ ਝਟਕਾ ਦਿੰਦਿਆਂ ਜਬਰਨ ਵਸੂਲੀ, ਵਾਹਨ ਚੋਰੀ, ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ, ਫਾਰਮਾਸਿਊਟੀਕਲ ਦਵਾਈਆਂ ਦੀ ਗੈਰਕਾਨੂੰਨੀ ਵਿਕਰੀ ਅਤੇ ਨਕਲੀ ਸ਼ਰਾਬ ਦੀ ਤਸਕਰੀ ਵਿੱਚ ਸ਼ਾਮਲ ਕਈ ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ।"
ਉਨ੍ਹਾਂ ਕਿਹਾ, "ਪੁਲਿਸ ਕਮਿਸ਼ਨਰਾਂ ਅਤੇ ਪੁਲਿਸ ਦੇ ਸੀਨੀਅਰ ਸੁਪਰਡੈਂਟਾਂ ਨੇ ਨਿੱਜੀ ਤੌਰ 'ਤੇ ਆਪਰੇਸ਼ਨ ਦੀ ਨਿਗਰਾਨੀ ਕੀਤੀ। ਇਸ ਸੂਬਾ ਪੱਧਰੀ ਆਪਰੇਸ਼ਨ ਵਿੱਚ 10,000 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 2,000 ਤੋਂ ਵੱਧ ਪੁਲਿਸ ਟੀਮਾਂ ਨੇ ਪ੍ਰਭਾਵੀ ਅਮਲ ਨੂੰ ਯਕੀਨੀ ਬਣਾਉਣ ਅਤੇ ਲਾਗੂਕਰਨ ਗਤੀਵਿਧੀਆਂ ਦੀ ਨੇੜਿਓਂ ਨਿਗਰਾਨੀ ਨੂੰ ਯਕੀਨੀ ਬਣਾਇਆ।"
ਉਨ੍ਹਾਂ ਅੱਗੇ ਕਿਹਾ, "ਆਪਰੇਸ਼ਨ ਪ੍ਰਹਾਰ-3.0 ਨੇ ਅਪਰਾਧਿਕ ਅਤੇ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਕਰਾਰਾ ਝਟਕਾ ਦਿੱਤਾ, ਖੁਫੀਆ-ਅਧਾਰਤ ਪੁਲਿਸਿੰਗ ਨੂੰ ਮਜ਼ਬੂਤ ਕੀਤਾ, ਪੁਲਿਸ ਦੀ ਮੌਜੂਦਗੀ ਨੂੰ ਵਧਾਇਆ ਅਤੇ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਗੈਂਗਸਟਰਵਾਦ, ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਸ ਅਪਰੇਸ਼ਨ ਨੇ ਪੰਜਾਬ ਭਰ ਵਿੱਚ ਕਾਨੂੰਨ ਦੇ ਰਾਜ ਨੂੰ ਮਜ਼ਬੂਤ ਕਰਨ, ਲੋਕਾਂ ਦਾ ਵਿਸ਼ਵਾਸ਼ ਬਹਾਲ ਕਰਨ ਅਤੇ ਸੁਰੱਖਿਅਤ ਮਾਹੌਲ ਸਿਰਜਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।"
ਇਸ ਦੌਰਾਨ ਪੰਜਾਬ ਪੁਲਿਸ ਨੇ ਲੋਕਾਂ ਨੂੰ ਐਂਟੀ ਗੈਂਗਸਟਰ ਹੈਲਪਲਾਈਨ 93946-93946 ਰਾਹੀਂ ਲੋੜੀਂਦੇ ਅਪਰਾਧੀਆਂ, ਗੈਂਗਸਟਰਾਂ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਕੇ ਚੱਲ ਰਹੀ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਨਾਗਰਿਕ ਗੁਪਤ ਰੂਪ ਵਿੱਚ ਜਾਣਕਾਰੀ ਸਾਂਝੀ ਕਰ ਸਕਦੇ ਹਨ ਅਤੇ ਸੂਚਨਾ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
*ਡੀਜੀਪੀ ਨੇ ਬਿਹਤਰ ਕਾਰਗੁਜ਼ਾਰੀ ਕਰਨ ਵਾਲੀਆਂ ਪੁਲਿਸ ਯੂਨਿਟਾਂ ਦੀ ਕੀਤੀ ਸ਼ਲਾਘਾ, ਹੋਰਨਾਂ ਯੂਨਿਟਾਂ ਨੂੰ ਬਿਹਤਰ ਲਾਮਬੰਦੀ ਅਤੇ ਲਾਗੂਕਰਨ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ*
ਡੀਜੀਪੀ ਗੌਰਵ ਯਾਦਵ ਨੇ ਕਿਹਾ, “ਮੈਂ ਆਪਰੇਸ਼ਨ ਪ੍ਰਹਾਰ-3.0 ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਾਰੇ ਕਮਿਸ਼ਨਰੇਟ ਅਤੇ ਜ਼ਿਲ੍ਹਾ ਪੁਲਿਸ ਯੂਨਿਟਾਂ ਦੀ ਸ਼ਲਾਘਾ ਕਰਦਾ ਹਾਂ। ਮੈਂ ਜ਼ਿਲ੍ਹਾ ਖੰਨਾ, ਜ਼ਿਲ੍ਹਾ ਬਠਿੰਡਾ, ਕਮਿਸ਼ਨਰੇਟ ਜਲੰਧਰ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਮਾਨਸਾ ਦੀ ਗ੍ਰਿਫਤਾਰੀ ਦੇ ਮਾਮਲੇ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕਰਨਾ ਚਾਹਾਂਗਾ। ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ, ਜ਼ਿਲ੍ਹਾ ਅੰਮ੍ਰਿਤਸਰ, ਕਮਿਸ਼ਨਰੇਟ ਜਲੰਧਰ, ਜ਼ਿਲ੍ਹਾ ਤਰਨ ਤਾਰਨ ਅਤੇ ਜ਼ਿਲ੍ਹਾ ਮੋਗਾ ਐਨਡੀਪੀਐਸ ਐਕਟ ਤਹਿਤ ਉਨ੍ਹਾਂ ਦੀ ਅਹਿਮ ਰਿਕਵਰੀ ਲਈ ਵਿਸ਼ੇਸ਼ ਪ੍ਰਸ਼ੰਸਾ ਦੇ ਹੱਕਦਾਰ ਹਨ। ਉਨ੍ਹਾਂ ਦੀ ਪੇਸ਼ੇਵਰਤਾ, ਵਚਨਬੱਧਤਾ ਅਤੇ ਖੁਫੀਆ ਅਗਵਾਈ ਵਾਲੀ ਪੁਲਿਸ ਨੇ ਪੂਰੀ ਫੋਰਸ ਲਈ ਇੱਕ ਮਾਪਦੰਡ ਸਥਾਪਤ ਕੀਤਾ ਹੈ। ਮੈਂ ਉਨ੍ਹਾਂ ਨੂੰ 'ਗੈਂਗਸਟਰਾਂ ‘ਤੇ ਵਾਰ' ਮੁਹਿੰਮ ਵਿੱਚ ਇਸੇ ਪ੍ਰਕਾਰ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹਾਂ।”
ਡੀਜੀਪੀ ਨੇ ਕਿਹਾ, “ਹਰੇਕ ਕਮਿਸ਼ਨਰੇਟ ਅਤੇ ਜ਼ਿਲ੍ਹਾ ਪੁਲਿਸ ਯੂਨਿਟ ਨੇ ਆਪਰੇਸ਼ਨ ਪ੍ਰਹਾਰ-3.0 ਦੀ ਸਫਲਤਾ ਵਿੱਚ ਅਹਿਮ ਯੋਗਦਾਨ ਪਾਇਆ ਹੈ। ਜਦੋਂ ਕਿ ਇਸ ਪੜਾਅ ਵਿੱਚ ਕੁਝ ਯੂਨਿਟਾਂ ਨੇ ਸਭ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ, ਮੈਨੂੰ ਭਰੋਸਾ ਹੈ ਕਿ ਬਾਕੀ ਜ਼ਿਲ੍ਹੇ ਆਉਣ ਵਾਲੇ ਪੜਾਵਾਂ ਵਿੱਚ ਆਪਣੇ ਯਤਨਾਂ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਹੋਰ ਵੀ ਬਿਹਤਰ ਨਤੀਜੇ ਲਿਆਉਣਗੇ। ਖੁਫੀਆ ਜਾਣਕਾਰੀ ਅਧਾਰਤ ਪੁਲਿਸਿੰਗ ਅਤੇ ਤਾਲਮੇਲ ਵਾਲੀ ਕਾਰਵਾਈ ਨਾਲ ਹਰ ਯੂਨਿਟ ਪੰਜਾਬ ਨੂੰ ਸੰਗਠਿਤ ਅਪਰਾਧ, ਗੈਂਗਸਟਰਵਾਦ ਅਤੇ ਨਸ਼ਿਆਂ ਦੇ ਖਤਰੇ ਤੋਂ ਪੂਰੀ ਤਰ੍ਹਾਂ ਮੁਕਤ ਬਣਾਉਣ ਸਬੰਧੀ ਸਾਡੇ ਸਮੂਹਿਕ ਮਿਸ਼ਨ ਅਹਿਮ ਯੋਗਦਾਨ ਪਾਵੇਗੀ।

----------

-gangstran-Te-Vaar-Campaign-Will-Continue-Until-Punjab-Becomes-Completely-Gangster-free-Dgp-Gaurav-Yadav


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead