ਨਵੇਂ ਰਾਸ਼ਨ ਕਾਰਡਾਂ ਲਈ ਪੋਰਟਲ 11 ਅਗਸਤ ਤੱਕ ਖੁੱਲ੍ਹਾ; 14,000 ਤੋਂ ਵੱਧ ਡਿਪੂਆਂ ਉੱਤੇ ਈਪੋਸ ਮਸ਼ੀਨਾਂ ਨਾਲ ਵੰਡੇ ਜਾਣ ਵਾਲੇ ਅਨਾਜ ਵਿੱਚ ਆਈ ਪਾਰਦਰਸ਼ਿਤਾ
ਰਾਸ਼ਨ ਡਿਪੂਆਂ ਵਿਖੇ ਪੰਜਾਬ ਸਰਕਾਰ ਦੀ ਲੋਕ ਪੱਖੀ ਪਹਿਲ 'ਮੇਰੀ ਰਸੋਈ' ਸਕੀਮ ਤਹਿਤ ਰਾਸ਼ਨ ਕਿੱਟ ਵੀ ਮੁਹੱਈਆ ਕਰਵਾਈ ਜਾ ਰਹੀ ਹੈ
ਪੰਜਾਬ ਵਿਧਾਨ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨ.ਐਫ.ਐਸ.ਏ.) 2013 ਤਹਿਤ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਪਰਿਵਾਰ ਰਾਸ਼ਨ (ਕਣਕ) ਦੀ ਪ੍ਰਾਪਤੀ ਤੋਂ ਵਾਂਝਾ ਨਾ ਰਹੇ। ਇਹ ਰਾਸ਼ਨ, ਪ੍ਰਾਇਓਰਿਟੀ ਹਾਊਸਹੋਲਡ ਸਕੀਮ ਅਤੇ ਅੰਤਿਓਦਿਆ ਅੰਨ ਯੋਜਨਾ ਤਹਿਤ ਦਿੱਤਾ ਜਾ ਰਿਹਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਨਵੇਂ ਰਾਸ਼ਨ ਕਾਰਡਾਂ ਲਈ ਅਰਜ਼ੀ ਦੇਣ ਲਈ ਪੋਰਟਲ *
https://Ercms.punjab.gov.in* 11 ਅਗਸਤ ਤੱਕ ਖੁੱਲ੍ਹਾ ਹੈ। ਇਸ ਤੋਂ ਇਲਾਵਾ ਲੋਕ ਦਫ਼ਤਰਾਂ ਵਿੱਚ ਜਾ ਕੇ ਮੈਨੂਅਲ ਤੌਰ 'ਤੇ ਵੀ ਅਰਜ਼ੀ ਦੇ ਸਕਦੇ ਹਨ। ਕਿਸੇ ਵੀ ਮੁਸ਼ਕਲ ਜਾਂ ਜਾਣਕਾਰੀ ਲਈ ਲੋਕ ਆਪਣੇ ਸਬੰਧਤ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ (ਡੀ.ਐਫ.ਐਸ.ਸੀ.) ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਭਰ ਵਿੱਚ 14,000 ਤੋਂ ਵੱਧ ਰਾਸ਼ਨ ਡਿਪੂ ਹਨ ਅਤੇ ਸਾਰੇ ਹੀ ਈ ਪੋਸ ਮਸ਼ੀਨਾਂ ਨਾਲ ਲੈਸ ਹਨ ਅਤੇ ਇਨ੍ਹਾਂ ਮਸ਼ੀਨਾਂ ਰਾਹੀਂ ਡਿਪੂਆਂ ਉੱਤੇ ਵੰਡੇ ਜਾਣ ਵਾਲੇ ਅਨਾਜ ਵਿੱਚ ਪਾਰਦਰਸ਼ਿਤਾ ਆਈ ਹੈ।
ਸ਼੍ਰੀ ਕਟਾਰੂਚੱਕ ਨੇ ਇਹ ਵੀ ਕਿਹਾ ਕਿ ਹਾਲ ਹੀ ਵਿੱਚ ਅਜਿਹੇ 2,800 ਹੋਰ ਡਿਪੂ ਵੰਡੇ ਗਏ ਹਨ।
ਇਸ ਤੋਂ ਇਲਾਵਾ ਹੁਣ ਡਿਪੂਆਂ ਵਿਖੇ ਕੌਮੀ ਖੁਰਾਕ ਸੁਰੱਖਿਆ ਐਕਟ, 2013 ਤਹਿਤ ਮਿਲਣ ਵਾਲੀ ਕਣਕ ਤੋਂ ਛੁੱਟ ਪੰਜਾਬ ਸਰਕਾਰ ਦੀ ਇੱਕ ਬੇਹੱਦ ਮਹੱਤਵਪੂਰਨ ਲੋਕ ਪੱਖੀ ਪਹਿਲ 'ਮੇਰੀ ਰਸੋਈ' ਸਕੀਮ ਤਹਿਤ ਰਾਸ਼ਨ ਕਿੱਟ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਵਿੱਚ ਪ੍ਰਤੀ ਕਿੱਟ 2 ਕਿਲੋ ਦਾਲ, 2 ਕਿਲੋ ਖੰਡ, 1 ਕਿਲੋ ਨਮਕ, 200 ਗਰਾਮ ਹਲਦੀ ਪਾਊਡਰ ਅਤੇ 1 ਲੀਟਰ ਸਰੋਂ ਦਾ ਤੇਲ ਸ਼ਾਮਿਲ ਹਨ।