August 26, 2026 10:52:14

ਭਗਵੰਤ ਮਾਨ ਸਰਕਾਰ ਦੀਆਂ ਹਾਰਮ-ਰਿਡਕਸ਼ਨ ਸਰਵਿਸਿਜ਼ ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਦੇ ਰਹੀਆਂ ਹਨ ਹੋਰ ਮਜ਼ਬੂਤੀ

Aug25,2026 | Meenu Galhotra | Chandigarh

*ਪੰਜਾਬ ਭਰ ਵਿੱਚ 547 ਆਊਟਪੇਸ਼ੈਂਟ ਓਪਿਓਇਡ ਅਸਿਸਟਡ ਟ੍ਰੀਟਮੈਂਟ ਅਤੇ 47 ਓਪਿਓਇਡ ਸਬਸਟੀਟਿਊਸ਼ਨ ਥੈਰੇਪੀ ਕੇਂਦਰਾਂ ਵਿੱਚ ਇਲਾਜ ਅਤੇ ਹਾਰਮ-ਰਿਡਕਸ਼ਨ ਸਰਵਿਸਿਜ਼ ਉਪਲੱਬਧ*

* ਹਾਰਮ-ਰਿਡਕਸ਼ਨ ਪਹੁੰਚ ਤਹਿਤ ਸੰਵੇਦਨਸ਼ੀਲਤਾ, ਇਲਾਜ ਅਤੇ ਮੁੜ ਵਸੇਬੇ ਨੂੰ ਦਿੱਤੀ ਜਾ ਰਹੀ ਹੈ ਤਰਜ਼ੀਹ : ਡਾ. ਬਲਬੀਰ ਸਿੰਘ*


ਭਗਵੰਤ ਮਾਨ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਾਰਮ-ਰਿਡਕਸ਼ਨ ਸਰਵਿਸਿਜ਼ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਨਸ਼ਿਆਂ ਦੀ ਸਮੱਸਿਆ ਖ਼ਿਲਾਫ਼ ਸੂਬੇ ਦੀ ਲੜਾਈ ਵਿੱਚ ਅਹਿਮ ਥੰਮ੍ਹ ਵਜੋਂ ਉੱਭਰ ਰਹੀਆਂ ਹਨ।
ਸਬਸਟੈਂਸ ਯੂਜ਼ ਡਿਸਆਰਡਰ (ਐਸਯੂਡੀ) ਤੋਂ ਪੀੜਤ ਲੋਕ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ 547 ਆਊਟਪੇਸ਼ੈਂਟ ਓਪਿਓਇਡ ਅਸਿਸਟਡ ਟ੍ਰੀਟਮੈਂਟ (ਓਓਏਟੀ) ਕੇਂਦਰਾਂ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਚਲਾਏ ਜਾ ਰਹੇ 47 ਓਪਿਓਇਡ ਸਬਸਟੀਟਿਊਸ਼ਨ ਥੈਰੇਪੀ (ਓਐਸਟੀ) ਕੇਂਦਰਾਂ ਦੇ ਨਾਲ-ਨਾਲ ਟਾਰਗੇਟਿਡ ਇੰਟਰਵੈਂਸ਼ਨ ਸੇਵਾਵਾਂ ਰਾਹੀਂ ਹਾਰਮ-ਰਿਡਕਸ਼ਨ ਸਰਵਿਸਿਜ਼ ਦਾ ਲਾਭ ਲੈ ਸਕਦੇ ਹਨ।
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, ਹਾਰਮ-ਰਿਡਕਸ਼ਨ ਸਰਵਿਸਿਜ਼ ਵਿੱਚ ਅਜਿਹੇ ਕਈ ਉਪਾਅ ਸ਼ਾਮਲ ਹਨ, ਜਿਨ੍ਹਾਂ ਦਾ ਉਦੇਸ਼ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੇ ਸਿਹਤ ਅਤੇ ਸਮਾਜਿਕ ਨੁਕਸਾਨਾਂ ਨੂੰ ਘਟਾਉਣਾ ਹੈ, ਜਿਸ ਵਿੱਚ ਐੱਚਆਈਵੀ ਦੀ ਲਾਗ ਵੀ ਸ਼ਾਮਲ ਹੈ। ਸਿਰਫ਼ ਨਸ਼ਿਆਂ ਦੀ ਵਰਤੋਂ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਹਾਰਮ-ਰਿਡਕਸ਼ਨ ਸਰਵਿਸਿਜ਼ ਦੀ ਪਹੁੰਚ ਇਸ ਨਾਲ ਜੁੜੇ ਵੱਖ-ਵੱਖ ਜ਼ੋਖ਼ਮ ਕਾਰਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਦੂਰ ਕਰਨ ਦਾ ਯਤਨ ਕਰਦੀ ਹੈ, ਤਾਂ ਜੋ ਸੰਭਾਵਿਤ ਨੁਕਸਾਨ ਨੂੰ ਘਟਾਇਆ ਜਾ ਸਕੇ। ਪ੍ਰਮਾਣਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਹਾਰਮ-ਰਿਡਕਸ਼ਨ ਸਰਵਿਸਿਜ਼ ਦੇ ਉਪਾਅ ਲੋੜੀਂਦੇ ਪੱਧਰ ਅਤੇ ਵਿਆਪਕ ਕਵਰੇਜ ਨਾਲ ਲਾਗੂ ਕੀਤੇ ਜਾਂਦੇ ਹਨ, ਤਾਂ ਇਹ ਟੀਕੇ ਰਾਹੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਐੱਚਆਈਵੀ ਮਹਾਮਾਰੀ ਨੂੰ ਰੋਕਣ, ਇਸ ਦੀ ਰਫ਼ਤਾਰ ਨੂੰ ਘਟਾਉਣ ਅਤੇ ਇੱਥੋਂ ਤੱਕ ਕਿ ਇਸ ਨੂੰ ਖ਼ਤਮ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ। ਇਨ੍ਹਾਂ ਸੇਵਾਵਾਂ ਨਾਲ ਹੈਪੇਟਾਈਟਸ ਬੀ ਅਤੇ ਸੀ ਵਰਗੀਆਂ ਹੋਰ ਖ਼ੂਨ ਰਾਹੀਂ ਫੈਲਣ ਵਾਲੀਆਂ ਲਾਗਾਂ ਦੀ ਰੋਕਥਾਮ, ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਕਮੀ, ਅਪਰਾਧ ਦੀ ਦਰ ਨੂੰ ਘਟਾਉਣ ਅਤੇ ਸਮਾਜਿਕ ਬਹਿਸ਼ਕਾਰੀ ਨੂੰ ਦੂਰ ਕਰਨ ਵਿੱਚ ਵੀ ਮਦਦ ਮਿਲਦੀ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਨੁਕਸਾਨ ਘਟਾਉਣ ਨੂੰ ਨਸ਼ਿਆਂ ਦੀ ਸਮੱਸਿਆ ਪ੍ਰਤੀ ਸਰਕਾਰ ਦੀ ਵਿਆਪਕ ਰਣਨੀਤੀ ਦਾ ਇੱਕ ਅਹਿਮ ਹਿੱਸਾ ਦੱਸਿਆ ਹੈ। ਡਾ. ਬਲਬੀਰ ਸਿੰਘ ਨੇ ਕਿਹਾ, “ਸਾਨੂੰ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਸ਼ੀਲ ਪਹੁੰਚ ਅਪਣਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਲਾਜ ਦੇ ਨਾਲ-ਨਾਲ ਸਨਮਾਨਜਨਕ ਪੁਨਰ-ਏਕੀਰਨ ਲਈ ਲੋੜੀਂਦੇ ਹੁਨਰ ਵੀ ਮੁਹੱਈਆ ਕਰਵਾਉਣੇ ਚਾਹੀਦੇ ਹਨ।” ਉਨ੍ਹਾਂ ਨੇ ਸਰਕਾਰ ਦੀ ਇਸ ਪਹੁੰਚ ਨੂੰ ਸਪੱਸ਼ਟ ਕੀਤਾ, ਜਿਸ ਤਹਿਤ ਪ੍ਰਭਾਵਿਤ ਲੋਕਾਂ ਨੂੰ ਇਲਾਜ ਤੋਂ ਦੂਰ ਰਹਿਣ ਦੀ ਬਜਾਏ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਸੂਬੇ ਵਿੱਚ ਹਾਰਮ-ਰਿਡਕਸ਼ਨ ਸਰਵਿਸਿਜ਼ ਸਬੰਧੀ ਸਭ ਤੋਂ ਵੱਡਾ ਪ੍ਰੋਗਰਾਮ 500 ਤੋਂ ਵੱਧ ਓਓਏਟ ਕੇਂਦਰਾਂ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ, ਜਿੱਥੇ ਮਰੀਜ਼ ਸਰਕਾਰੀ ਮਨੋਚਿਕਿਤਸਕ ਵੱਲੋਂ ਜਾਰੀ ਕੀਤੇ ਨੁਸਖ਼ੇ ਦੇ ਆਧਾਰ ’ਤੇ ਸਲਾਹ-ਮਸ਼ਵਰੇ ਦੇ ਨਾਲ-ਨਾਲ ਓਪਿਓਇਡ ਵਰਤੋਂ ਸਬੰਧੀ ਵਿਗਾੜ ਦੇ ਇਲਾਜ ਅਤੇ ਗੰਭੀਰ ਜਾਂ ਲੰਬੇ ਸਮੇਂ ਦੇ ਦਰਦ ਦੇ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਪ੍ਰਾਪਤ ਕਰ ਸਕਦੇ ਹਨ। ਇਸ ਆਊਟਪੇਸ਼ੈਂਟ ਇਲਾਜ ਰਣਨੀਤੀ ਤਹਿਤ ਬਿਊਪ੍ਰੇਨੋਰਫਿਨ (ਬੀਪੀਐਨ) ਜਾਂ ਬਿਊਪ੍ਰੇਨੋਰਫਿਨ ਅਤੇ ਨੈਲੋਕਸੋਨ ਦੇ ਸੁਮੇਲ ਵਾਲੀ ਦਵਾਈ ਦਿੱਤੀ ਜਾਂਦੀ ਹੈ। ਇਹ ਦਵਾਈ ਲਤ ਪੈਦਾ ਕਰਨ ਵਾਲੇ ਓਪਿਓਇਡ ਪਦਾਰਥਾਂ ਵਾਂਗ ਪ੍ਰਭਾਵ ਪਾਉਂਦੀ ਹੈ, ਪਰ ਲੰਬੇ ਸਮੇਂ ਤੱਕ ਵਰਤੋਂ ਲਈ ਵੀ ਤੁਲਨਾਤਮਕ ਤੌਰ ’ਤੇ ਵਧੇਰੇ ਸੁਰੱਖਿਅਤ ਹੈ।
ਮਰੀਜ਼ ਨਿਰਧਾਰਤ ਖੁਰਾਕ ਲੈਣ ਲਈ ਰੋਜ਼ਾਨਾ ਓਓਏਟੀ ਕੇਂਦਰਾਂ ਵਿੱਚ ਆਉਂਦੇ ਹਨ। ਨਿਰਧਾਰਤ ਮਾਪਦੰਡ ਪੂਰੇ ਕਰਨ ਵਾਲੇ ਮਰੀਜ਼ਾਂ ਨੂੰ ਕੁਝ ਨਿਰਧਾਰਤ ਦਿਨਾਂ ਲਈ ਘਰ ਲਿਜਾਣ ਵਾਸਤੇ ਦਵਾਈ ਦੀ ਖੁਰਾਕ ਵੀ ਦਿੱਤੀ ਜਾਂਦੀ ਹੈ। ਏਮਸ ਦਿੱਲੀ ਦੇ ਨੈਸ਼ਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ (ਐਨਡੀਡੀਟੀਸੀ) ਦੇ ਪ੍ਰੋਫੈਸਰ ਡਾ. ਅਤੁਲ ਅੰਬੇਕਰ ਦੇ ਅਨੁਸਾਰ, “ਓਪਿਓਇਡ ਸਬਸਟੀਟਿਊਸ਼ਨ ਟ੍ਰੀਟਮੈਂਟ (ਓਐਸਟੀ) ਜਾਂ ਓਪਿਓਇਡ ਐਗੋਨਿਸਟ ਟ੍ਰੀਟਮੈਂਟ ਵਜੋਂ ਜਾਣਿਆ ਜਾਣ ਵਾਲਾ ਇਹ ਇਲਾਜ ਓਪਿਓਇਡ ਨਿਰਭਰਤਾ ਦੇ ਲੰਬੇ ਸਮੇਂ ਦੇ ਇਲਾਜ ਲਈ ਪਹਿਲੀ ਪਸੰਦ ਮੰਨਿਆ ਜਾਂਦਾ ਹੈ।”
ਇਲਾਜ ਦੀ ਪ੍ਰਕਿਰਤੀ ਬਾਰੇ ਦੱਸਦਿਆਂ ਡਾ. ਅਤੁਲ ਅੰਬੇਕਰ ਨੇ ਸਪੱਸ਼ਟ ਕੀਤਾ ਕਿ, “ਇਸ ਇਲਾਜ ਵਿੱਚ ਦਿੱਤੀ ਜਾਣ ਵਾਲੀ ਦਵਾਈ ਵੀ ਲਤ ਪੈਦਾ ਕਰਨ ਵਾਲੀ ਹੋ ਸਕਦੀ ਹੈ, ਇਸ ਲਈ ਅਕਸਰ ਇਹ ਗਲਤ ਧਾਰਨਾ ਬਣ ਜਾਂਦੀ ਹੈ ਕਿ ਇਸ ਵਿੱਚ ਇੱਕ ਨਸ਼ੇ ਦੀ ਥਾਂ ਦੂਜਾ ਨਸ਼ਾ ਲਿਆ ਜਾ ਰਿਹਾ ਹੈ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਈ ਸਿਹਤ ਸਮੱਸਿਆਵਾਂ ਵਿੱਚ ਲੰਬੇ ਸਮੇਂ ਤੱਕ (ਕਈ ਸਾਲਾਂ ਤੱਕ ਅਤੇ ਸੰਭਵ ਤੌਰ ’ਤੇ ਜ਼ਿੰਦਗੀ ਭਰ) ਰੋਜ਼ਾਨਾ ਦਵਾਈ ਲੈਣੀ ਪੈ ਸਕਦੀ ਹੈ। ਸਿਰਫ਼ ਰੋਜ਼ਾਨਾ ਇੱਕ ਗੋਲੀ ਲੈਣ ਨਾਲ ਕੋਈ ਵਿਅਕਤੀ ‘ਨਸ਼ੇ ਦਾ ਆਦੀ’ ਨਹੀਂ ਬਣ ਜਾਂਦਾ।”
ਇਸ ਪ੍ਰੋਗਰਾਮ ਤਹਿਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਇਸ ਨਾਲ ਜੁੜੇ ਸਿਹਤ ਜੋਖ਼ਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਜੋ ਲੋਕ ਅਜੇ ਵੀ ਟੀਕੇ ਰਾਹੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਸਿਹਤ ਟੀਮਾਂ ਸੁਰੱਖਿਅਤ ਢੰਗ ਨਾਲ ਟੀਕਾ ਲਗਾਉਣ ਬਾਰੇ ਸਲਾਹ ਦਿੰਦੀਆਂ ਹਨ। ਇਸ ਵਿੱਚ ਕਿਸੇ ਹੋਰ ਵਿਅਕਤੀ ਵੱਲੋਂ ਵਰਤੀ ਜਾ ਚੁੱਕੀ ਸਰਿੰਜ ਨੂੰ ਦੁਬਾਰਾ ਨਾ ਵਰਤਣ ਅਤੇ ਐੱਚਆਈਵੀ ਤੇ ਹੈਪੇਟਾਈਟਸ ਵਰਗੀਆਂ ਲਾਗਾਂ ਦੇ ਖ਼ਤਰੇ ਨੂੰ ਘਟਾਉਣ ਵਾਲੀਆਂ ਸੁਰੱਖਿਅਤ ਟੀਕਾਕਰਨ ਪ੍ਰਕਿਰਿਆਵਾਂ ਅਪਣਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ।
ਸੂਬੇ ਨੇ ਇਲਾਜ ਦੇ ਵਿਕਲਪਾਂ ਦਾ ਵੀ ਵਿਸਥਾਰ ਕੀਤਾ ਹੈ, ਜਿਸ ਵਿੱਚ ਖ਼ਾਸ ਤੌਰ ’ਤੇ ਤਰਲ ਮੈਥਾਡੋਨ ਰਾਹੀਂ ਓਰਲ ਸਬਸਟੀਟਿਊਸ਼ਨ ਥੈਰੇਪੀ ਸ਼ਾਮਲ ਹੈ। ਬਿਊਪ੍ਰੇਨੋਰਫਿਨ ਦੇ ਵਿਕਲਪ ਵਜੋਂ ਛੇ ਸਮਰਪਿਤ ਮੈਥਾਡੋਨ ਕਲੀਨਿਕ ਹੁਣ ਫ਼ਰੀਦਕੋਟ, ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਮੋਹਾਲੀ ਅਤੇ ਜਲੰਧਰ ਵਿੱਚ ਚੱਲ ਰਹੇ ਹਨ। ਸੂਬਾ ਛੇ ਹੋਰ ਮੈਥਾਡੋਨ ਮੇਨਟੇਨੈਂਸ ਟ੍ਰੀਟਮੈਂਟ ਕੇਂਦਰ ਸਥਾਪਤ ਕਰ ਰਿਹਾ ਹੈ, ਜਿਸ ਨਾਲ ਅਜਿਹੇ ਸਮਰਪਿਤ ਕੇਂਦਰਾਂ ਦੀ ਕੁੱਲ ਗਿਣਤੀ 12 ਹੋ ਜਾਵੇਗੀ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਅਤੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਐਨਏਸੀਓ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਗੂ ਕੀਤੀ ਜਾ ਰਹੀ ਮੈਥਾਡੋਨ ਮੇਨਟੇਨੈਂਸ ਥੈਰੇਪੀ ਲੰਬੇ ਸਮੇਂ ਤੋਂ ਓਪਿਓਇਡ ਨਿਰਭਰਤਾ ਨਾਲ ਜੂਝ ਰਹੇ ਲੋਕਾਂ ਲਈ ਇੱਕ ਪ੍ਰਭਾਵਸ਼ਾਲੀ ਇਲਾਜ ਵਿਕਲਪ ਮੁਹੱਈਆ ਕਰਵਾਉਂਦੀ ਹੈ। ਇਹ ਵਿਆਪਕ ਪਹੁੰਚ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਅਤੇ ਮਰੀਜ਼ਾਂ ਨੂੰ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਸਫ਼ਲਤਾਪੂਰਵਕ ਮੁੜ ਸ਼ਾਮਲ ਹੋਣ ਵਿੱਚ ਮਦਦ ਕਰੇਗੀ।”
------------

Bhagwant-Mann-Govt-s-Harm-reduction-Services-Strengthen-Punjab-s-yudh-Nashean-Virudh-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead