August 31, 2026 10:29:30

ਪੰਜਾਬ ਦੇ 1,746 ਹੋਰ ਨੌਜਵਾਨਾਂ ਨੂੰ ਪੁਲਿਸ 'ਚ ਮਿਲੀ ਸਰਕਾਰੀ ਨੌਕਰੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੌਂਪੇ ਨਿਯੁਕਤੀ ਪੱਤਰ

Aug27,2026 | Meenu Galhotra | Jalandhar

*ਮਹਿਜ਼ ਸਾਢੇ ਚਾਰ ਸਾਲਾਂ ’ਚ ਪੁਲਿਸ ਫੋਰਸ ਵਿੱਚ 13,092 ਕਰਮਚਾਰੀ ਸ਼ਾਮਲ, 3,298 ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਜਾਰੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

* ‘ਬਿਨਾਂ ਰਿਸ਼ਵਤ, ਬਿਨਾਂ ਸਿਫ਼ਾਰਸ਼’ ਦੇ ਆਧਾਰ 'ਤੇ ਯੋਗਤਾ ਮੁਤਾਬਕ ਹੁਣ ਤੱਕ 70,840 ਨੌਜਵਾਨਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਜ਼ਿਲ੍ਹਾ ਕੇਡਰ ਵਿੱਚ ਇੰਸਪੈਕਟਰਾਂ, ਐਸ.ਆਈ. ਅਤੇ ਏ.ਐਸ.ਆਈ. ਦੀਆਂ 1,600 ਨਵੀਂਆਂ ਪੋਸਟਾਂ ਨੂੰ ਵਿਭਾਗੀ ਤਰੱਕੀਆਂ ਰਾਹੀਂ ਭਰਨ ਦੀ ਪ੍ਰਵਾਨਗੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਕੇਂਦਰ ਅਤੇ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਤਨਖਾਹਾਂ ਦਿੰਦੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਸਰਹੱਦੀ ਸੂਬੇ ਵਿੱਚ ਅਮਨ-ਸ਼ਾਂਤੀ ਦੀ ਰਾਖੀ ਲਈ ਪੰਜਾਬ ਪੁਲਿਸ ਨੇ ਹਮੇਸ਼ਾ ਸਮਰਪਣ ਭਾਵਨਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਕੁਝ ਸ਼ਕਤੀਆਂ ਪੰਜਾਬ ਨੂੰ ਅਸ਼ਾਂਤੀ ਅਤੇ ਅੱਤਵਾਦ ਦੇ ਦੌਰ ਵਿੱਚ ਧੱਕਣ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ, ਉਨ੍ਹਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਦੇਸ਼ ਦਾ ਇੱਕੋ-ਇੱਕ ਅਜਿਹਾ ਸੂਬਾ ਹੈ ਜਿੱਥੇ ਸਮਰਪਿਤ ‘ਸੜਕ ਸੁਰੱਖਿਆ ਫੋਰਸ’ ਹੈ, ਜਿਸ ਨੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ 50 ਫੀਸਦੀ ਤੱਕ ਘਟਾਇਆ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਪੁਲਿਸ ਵਿੱਚ ਭਰਤੀ ਹੋਏ 1,746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜੋ ਕਿ ਸੂਬਾ ਸਰਕਾਰ ਦੀ ਮੈਰਿਟ ਦੇ ਆਧਾਰ 'ਤੇ ਰੋਜ਼ਗਾਰ ਦੇਣ ਅਤੇ ਪੁਲਿਸ ਫੋਰਸ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਵਿੱਚ ਇੱਕ ਹੋਰ ਇਤਿਹਾਸਕ ਕਦਮ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੁਲਿਸ ਫੋਰਸ ਵਿੱਚ 13,092 ਜਵਾਨ ਸ਼ਾਮਲ ਕੀਤੇ ਗਏ ਹਨ, ਜਦੋਂ ਕਿ 3,298 ਹੋਰ ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਨਾਲ ਹੀ ‘ਬਿਨਾਂ ਰਿਸ਼ਵਤ, ਬਿਨਾਂ ਸਿਫ਼ਾਰਸ਼’ ਦੇ ਆਧਾਰ ਉੱਤੇ ਹੁਣ ਤੱਕ 70,840 ਨੌਜਵਾਨਾਂ ਨੂੰ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਪੁਲਿਸ ਫੋਰਸ ਦੇ ਵਿਸਥਾਰ ਦੇ ਨਾਲ-ਨਾਲ ਪੰਜਾਬ ਸਰਕਾਰ ਨੇ ਇੰਸਪੈਕਟਰਾਂ, ਐਸ.ਆਈ. ਅਤੇ ਏ.ਐਸ.ਆਈ. ਦੀਆਂ 1,600 ਨਵੀਂਆਂ ਜ਼ਿਲ੍ਹਾ-ਕਾਡਰ ਦੀਆਂ ਪੋਸਟਾਂ ਨੂੰ ਵਿਭਾਗੀ ਤਰੱਕੀ ਰਾਹੀਂ ਭਰਨ ਦੀ ਮਨਜ਼ੂਰੀ ਵੀ ਦਿੱਤੀ ਹੈ। ਇਹ ਕਦਮ ਪੰਜਾਬ ਦੀ ਸਖ਼ਤ ਮਿਹਨਤ ਨਾਲ ਹਾਸਲ ਕੀਤੀ ਅਮਨ-ਸ਼ਾਂਤੀ ਦੀ ਰਾਖੀ ਕਰਨ ਅਤੇ ਅਸ਼ਾਂਤੀ, ਅੱਤਵਾਦ ਦੇ ਖਤਰੇ ਅਤੇ ਸੜਕ ਸੁਰੱਖਿਆ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਨਾਲ-ਨਾਲ ਫੋਰਸ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੇ ਇਰਾਦੇ ਸਪੱਸ਼ਟ ਕਰਦਾ ਹੈ।
ਇਸ ਮੌਕੇ ਦੀਆਂ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ 'ਤੇ ਲਿਖਿਆ: “ਅੱਜ ਜਲੰਧਰ ਦੇ ਪੀ.ਏ.ਪੀ. ਗਰਾਊਂਡ ਵਿਖੇ ਪੰਜਾਬ ਪੁਲਿਸ 'ਚ ਸ਼ਾਮਲ ਹੋਣ ਵਾਲੇ 1,746 ਨੌਜਵਾਨ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਹ ਨੌਜਵਾਨ 'ਬਿਨਾਂ ਰਿਸ਼ਵਤ, ਬਿਨਾਂ ਸਿਫ਼ਾਰਸ਼', ਨਿਰੋਲ ਮੈਰਿਟ ਦੇ ਆਧਾਰ 'ਤੇ ਭਰਤੀ ਹੋਏ ਹਨ... ਪਿਛਲੇ ਲਗਭਗ ਢਾਈ ਸਾਲਾਂ ਵਿੱਚ ਸਾਡੀ ਸਰਕਾਰ 70,840 ਤੋਂ ਵੱਧ ਨੌਕਰੀਆਂ ਦੇ ਚੁੱਕੀ ਹੈ, ਜੋ ਕਿ ਇੱਕ ਇਤਿਹਾਸਕ ਪ੍ਰਾਪਤੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਇਹ ਨਵੇਂ ਭਰਤੀ ਹੋਏ ਬਹਾਦਰ ਜਵਾਨ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਪੰਜਾਬ ਅਤੇ ਦੇਸ਼ ਦੀ ਰਾਖੀ ਕਰਨਗੇ... ਸਾਰੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਨਵੀਂ ਸ਼ੁਰੂਆਤ ਲਈ ਬਹੁਤ-ਬਹੁਤ ਮੁਬਾਰਕਾਂ। ਪੰਜਾਬ ਪੁਲਿਸ ਪਰਿਵਾਰ ਵਿੱਚ ਜੀ ਆਇਆਂ ਨੂੰ। ਇਨਕਲਾਬ ਜ਼ਿੰਦਾਬਾਦ।”
ਪੀ.ਏ.ਪੀ. ਗਰਾਊਂਡ ਫਿਲੌਰ ਵਿਖੇ 1,746 ਨਵੇਂ ਭਰਤੀ ਹੋਏ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਰੰਗਰੂਟਾਂ ਨੂੰ ਪੰਜਾਬ ਪੁਲਿਸ ਦੇ ਪਰਿਵਾਰ ਦਾ ਅਨਿੱਖੜਵਾਂ ਅੰਗ ਬਣਨ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਮਰਪਣ, ਪੇਸ਼ੇਵਰਤਾ ਅਤੇ ਮਿਸ਼ਨਰੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੇ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਤਨਖਾਹਾਂ ਦੇਣ 'ਤੇ ਮਾਣ ਹੈ, ਜੋ ਸੂਬੇ ਪ੍ਰਸ਼ਾਸਨ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ, "ਜੇਕਰ ਕੇਂਦਰ ਸਰਕਾਰ ਜਾਂ ਕੋਈ ਹੋਰ ਸੂਬਾ ਸਰਕਾਰ ਆਪਣੇ ਕਿਸੇ ਵੀ ਮੁਲਾਜ਼ਮ ਨੂੰ 36,000 ਰੁਪਏ ਤਨਖਾਹ ਦਿੰਦੀ ਹੈ ਤਾਂ ਪੰਜਾਬ ਸਰਕਾਰ ਆਪਣੇ ਮੁਲਾਜ਼ਮ ਨੂੰ 50,000 ਰੁਪਏ ਤਨਖਾਹ ਦਿੰਦੀ ਹੈ। ਇਹ ਬਹੁਤ ਮਾਣ ਤੇ ਸੰਤੁਸ਼ਟੀ ਦੀ ਗੱਲ ਹੈ ਕਿ ਸੂਬਾ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਤਨਖਾਹ ਦਿੰਦੀ ਹੈ, ਜੋ ਸੂਬਾ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ।"
ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਭਰਤੀ ਹੋਏ ਨੌਜਵਾਨ ਅਜਿਹੇ ਸਮੇਂ ਵਿੱਚ ਸਰਕਾਰ ਦੇ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ ਜਦੋਂ ਸੂਬਾ ਸਰਕਾਰ ਪੂਰੇ ਪੰਜਾਬ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਤੱਕ 70,840 ਨੌਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਹਨ, ਜਿਸ ਵਿੱਚ ਪੂਰੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ, ਭ੍ਰਿਸ਼ਟਾਚਾਰ ਅਤੇ ਸਿਫ਼ਾਰਸ਼ ਤੋਂ ਮੁਕਤ ਹੈ। ਉਨ੍ਹਾਂ ਕਿਹਾ, "ਕਈ ਨੌਜਵਾਨਾਂ ਨੇ ਆਪਣੀ ਕਾਬਲੀਅਤ ਸਦਕਾ ਵੱਖ-ਵੱਖ ਵਿਭਾਗਾਂ ਵਿੱਚ ਅਨੇਕਾਂ ਵਾਰ ਸਫ਼ਲਤਾਪੂਰਵਕ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ ਹਨ, ਜੋ ਸਾਡੀ ਭਰਤੀ ਪ੍ਰਕਿਰਿਆ ਦੀ ਭਰੋਸੇਯੋਗਤਾ ਨੂੰ ਦਰਸਾਉਂਦਾ ਹੈ। ਸਾਡੀ ਸਰਕਾਰ ਪੰਜਾਬ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਸਫ਼ਲ ਰਹੀ ਹੈ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਾਜ਼ਾ ਭਰਤੀ ਨਾਲ ਪੰਜਾਬ ਪੁਲਿਸ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਫੋਰਸ ਦੇ ਵੱਖ-ਵੱਖ ਰੈਂਕਾਂ ਵਿੱਚ 13,092 ਨੌਜਵਾਨਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ, ਜਦੋਂ ਕਿ 3,298 ਹੋਰ ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਕਿਹਾ, "ਹੁਣ ਤੋਂ ਤੁਸੀਂ ਸਰਕਾਰੀ ਪਰਿਵਾਰ ਦਾ ਅਨਿੱਖੜਵਾਂ ਅੰਗ ਬਣ ਗਏ ਹੋ। ਅਸੀਂ ਮਿਲ ਕੇ ਰੰਗਲੇ ਅਤੇ ਖੁਸ਼ਹਾਲ ਪੰਜਾਬ ਦੀ ਸ਼ਾਨ ਨੂੰ ਬਹਾਲ ਕਰਨ ਦੇ ਆਪਣੇ ਸਾਂਝੇ ਮਿਸ਼ਨ ਵਿੱਚ ਕੋਈ ਕਸਰ ਨਹੀਂ ਛੱਡਾਂਗੇ। ਇਹ ਨਾ ਤਾਂ ਅਜਿਹੀ ਪਹਿਲੀ ਪ੍ਰਾਪਤੀ ਹੈ ਅਤੇ ਨਾ ਹੀ ਆਖਰੀ ਹੋਵੇਗੀ।"
ਮੁੱਖ ਮੰਤਰੀ ਨੇ ਜ਼ਿਕਰ ਕੀਤਾ ਕਿ ਸਧਾਰਨ ਪਰਿਵਾਰਾਂ ਦੇ ਬੱਚੇ ਇਹ ਸਾਬਤ ਕਰ ਰਹੇ ਹਨ ਕਿ ਸਮਰਪਣ, ਦ੍ਰਿੜਤਾ ਅਤੇ ਯੋਗ ਮਾਰਗਦਰਸ਼ਨ ਨਾਲ ਉਹ ਸਭ ਤੋਂ ਚੁਣੌਤੀਪੂਰਨ ਟੀਚਿਆਂ ਨੂੰ ਵੀ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ, "ਤੁਸੀਂ ਦਿਖਾ ਦਿੱਤਾ ਹੈ ਕਿ ਸਧਾਰਨ ਪਰਿਵਾਰਾਂ ਦੇ ਬੱਚੇ ਲਗਨ, ਸਮਰਪਣ ਅਤੇ ਦ੍ਰਿੜਤਾ ਨਾਲ ਹਰ ਟੀਚਾ ਪ੍ਰਾਪਤ ਕਰ ਸਕਦੇ ਹਨ। ਮੈਨੂੰ ਉਮੀਦ ਹੈ ਕਿ ਤੁਸੀਂ ਆਉਣ ਵਾਲੇ ਸਾਲਾਂ ਵਿੱਚ ਨਵੇਂ ਮੀਲ ਪੱਥਰ ਕਾਇਮ ਕਰਦੇ ਰਹੋਗੇ ਅਤੇ ਪੰਜਾਬ ਦਾ ਨਾਂ ਰੌਸ਼ਨ ਕਰੋਗੇ।"
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਵੱਖਰੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, "ਹਰ ਕੋਈ ਜਾਣਦਾ ਹੈ ਕਿ ਪੰਜਾਬ ਪੁਲਿਸ ਸਿਰਫ਼ ਇੱਕ ਸੂਬੇ ਦੀ ਪੁਲਿਸ ਨਹੀਂ ਹੈ, ਸਗੋਂ ਇਹ ਦੇਸ਼ ਦੀ ਪੁਲਿਸ ਹੈ, ਜੋ ਦੁਸ਼ਮਣ ਗੁਆਂਢੀ ਨਾਲ ਲਗਦੀ 532 ਕਿਲੋਮੀਟਰ ਲੰਬੀ ਸਰਹੱਦ ਦੀ ਰਾਖੀ ਕਰਦੀ ਹੈ।" ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨ ਅਤੇ ਪੰਜਾਬ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਦੀ ਆਪਣੀ ਜ਼ਿੰਮੇਵਾਰੀ ਨੂੰ ਹਮੇਸ਼ਾ ਸਮਰਪਣ ਭਾਵਨਾ ਨਾਲ ਨਿਭਾਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਨਸ਼ਿਆਂ ਦੇ ਰੂਪ ਵਿੱਚ ਸੰਤਾਪ ਹੰਢਾਇਆ ਹੈ, ਪਰ ਸੂਬਾ ਸਰਕਾਰ ਨੇ ਇਸ ਅਲਾਮਤ ਨਾਲ ਫੈਸਲਾਕੁੰਨ ਢੰਗ ਨਾਲ ਨਜਿੱਠਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ, "ਪੰਜਾਬ ਨੂੰ ਨਸ਼ਿਆਂ ਦੀ ਲਾਹਨਤ ਦੇ ਕਲੰਕ ਦੇ ਸੰਕਟ ਅਤੇ ਪੀੜਾ ਵਿੱਚੋਂ ਗੁਜ਼ਰਨਾ ਪਿਆ, ਪਰ ਹੁਣ ਅਸੀਂ ਨਸ਼ਾ ਅੱਤਵਾਦ (ਡਰੱਗ ਟੈਰੋਰਿਜ਼ਮ) ਵਿਰੁੱਧ ਲੜ ਰਹੇ ਹਾਂ। ਪਿਛਲੇ ਤਕਰੀਬਨ 500 ਦਿਨਾਂ ਵਿੱਚ 70,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜਿਆ ਗਿਆ ਹੈ। ਮਾਨਵਤਾ ਵਿਰੁੱਧ ਇਸ ਜੁਰਮ ਵਿੱਚ ਸ਼ਾਮਲ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਅਤੇ ਢਾਹੀਆਂ ਜਾ ਰਹੀਆਂ ਹਨ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਨਸ਼ਿਆਂ ਦਾ ਲੱਕ ਤੋੜ ਦਿੱਤਾ ਹੈ ਅਤੇ ਪੰਜਾਬ ਨੂੰ ਇਸ ਕੋਹੜ ਤੋਂ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਨਵੇਂ ਭਰਤੀ ਹੋਏ ਪੁਲਿਸ ਮੁਲਾਜ਼ਮਾਂ ਨੂੰ ਨਸ਼ਿਆਂ ਦੇ ਖਾਤਮੇ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, "ਪੰਜਾਬ ਨਸ਼ਿਆਂ ਵਿਰੁੱਧ ਦੇਸ਼ ਦੀ ਲੜਾਈ ਲੜ ਰਿਹਾ ਹੈ ਅਤੇ ਪੰਜਾਬ ਪੁਲਿਸ ਨੇ ਹਮੇਸ਼ਾ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਢਾਲ ਵਜੋਂ ਕੰਮ ਕੀਤਾ ਹੈ। ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਤੁਹਾਨੂੰ ਪੰਜਾਬ ਪੁਲਿਸ ਦੀ ਸ਼ਾਨਦਾਰ ਰਵਾਇਤ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨਾ ਚਾਹੀਦਾ ਹੈ।"
ਮੁੱਖ ਮੰਤਰੀ ਨੇ ਕਿਹਾ ਕਿ ਇਕ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਸਖ਼ਤ ਘਾਲਣਾ ਘਾਲ ਕੇ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੇ ਦੁਸ਼ਮਣ ਤਾਕਤਾਂ ਦੇ ਮਨਸੂਬਿਆ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ, "ਸੂਬੇ ਦੇ ਕਈ ਦੁਸ਼ਮਣ ਅਨਸਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਨਾਪਾਕ ਮਨਸੂਬੇ ਘੜਦੇ ਰਹੇ ਹਨ, ਪਰ ਪੰਜਾਬ ਪੁਲਿਸ ਨੇ ਹਮੇਸ਼ਾ ਅਜਿਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਫੋਰਸ ਨੂੰ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਆਧੁਨਿਕ ਲੋੜਾਂ ਅਨੁਸਾਰ ਲਗਾਤਾਰ ਆਪਣੇ ਆਪ ਨੂੰ ਅੱਪਗ੍ਰੇਡ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਸ ਪ੍ਰਗਟਾਈ ਕਿ ਪੰਜਾਬ ਪੁਲਿਸ ਪੂਰੀ ਪੇਸ਼ੇਵਰ ਵਚਨਬੱਧਤਾ ਨਾਲ ਲੋਕਾਂ ਦੀ ਸੇਵਾ ਕਰਨ ਦੀ ਆਪਣੀ ਸ਼ਾਨਦਾਰ ਵਿਰਾਸਤ ਨੂੰ ਬਰਕਰਾਰ ਰੱਖੇਗੀ ਅਤੇ ਨਵੇਂ ਭਰਤੀ ਹੋਏ ਜਵਾਨ ਆਪਣੇ ਪੂਰਵਜਾਂ ਦੁਆਰਾ ਕਾਇਮ ਕੀਤੇ ਉੱਚ ਆਦਰਸ਼ਾਂ 'ਤੇ ਚੱਲਣਗੇ।
ਨਵੇਂ ਭਰਤੀ ਹੋਏ ਪੁਲਿਸ ਮੁਲਾਜ਼ਮਾਂ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਣਾ ਇੱਕ ਅਹਿਮ ਮੌਕਾ ਹੈ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਲਗਨ, ਮਿਹਨਤ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, "ਤੁਹਾਨੂੰ ਆਮ ਜਨਤਾ ਦੇ ਦੁੱਖ-ਦਰਦ ਘਟਾਉਣ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਤੁਹਾਡਾ ਸਭ ਤੋਂ ਪਹਿਲਾ ਫਰਜ਼ ਲੋਕਾਂ ਦੀ ਭਲਾਈ ਹੋਣੀ ਚਾਹੀਦਾ ਹੈ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਤੁਹਾਡੀ ਸੇਵਾ ਦਾ ਲਾਭ ਮਿਲ ਸਕੇ।"
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅਪਰਾਧੀਆਂ ਦਾ ਮੁਕਾਬਲਾ ਕਰਨ ਲਈ ਪੁਲਿਸ ਫੋਰਸ ਨੂੰ ਵਿਗਿਆਨਕ ਲੀਹਾਂ 'ਤੇ ਅੱਪਗ੍ਰੇਡ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਾਲ 2022 ਤੋਂ ਹੁਣ ਤੱਕ ਪੁਲਿਸ ਫੋਰਸ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣ ਲਈ 15,000 ਤੋਂ ਵੱਧ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ, ਜਦਕਿ ਜਵਾਨਾਂ ਨੂੰ ਆਪਣੀ ਡਿਊਟੀ ਸੁਚੱਜੇ ਢੰਗ ਨਾਲ ਨਿਭਾਉਣ ਲਈ ਨਵੇਂ ਅਤੇ ਆਧੁਨਿਕ ਵਾਹਨ ਵੀ ਮੁਹੱਈਆ ਕਰਵਾਏ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਨੇ ਪੰਜਾਬ ਪੁਲਿਸ ਵਿੱਚ ਜ਼ਿਲ੍ਹਾ ਕਾਡਰ ਦੀਆਂ 1,600 ਨਵੀਂਆਂ ਆਸਾਮੀਆਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿੱਚ 150 ਇੰਸਪੈਕਟਰ, 450 ਸਬ-ਇੰਸਪੈਕਟਰ ਅਤੇ 1,000 ਸਹਾਇਕ ਸਬ-ਇੰਸਪੈਕਟਰ ਸ਼ਾਮਲ ਹਨ। ਇਹ ਆਸਾਮੀਆਂ ਵਿਭਾਗੀ ਤਰੱਕੀਆਂ ਰਾਹੀਂ ਭਰੀਆਂ ਜਾਣਗੀਆਂ ਤਾਂ ਜੋ ਸੇਵਾ ਨਿਭਾ ਰਹੇ ਪੁਲਿਸ ਮੁਲਾਜ਼ਮਾਂ ਨੂੰ ਕਰੀਅਰ ਵਿੱਚ ਅੱਗੇ ਵਧਣ ਦੇ ਮੌਕੇ ਮਿਲ ਸਕਣ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪਹਿਲੀ ਵਾਰ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਮੈਰਿਟ ਅਤੇ ਵਾਰੀ ਅਨੁਸਾਰ ਤਰੱਕੀਆਂ ਦਿੱਤੀਆਂ ਜਾ ਰਹੀਆਂ ਹਨ। ਅਸੀਂ ਫੋਰਸ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ ਤਾਂ ਜੋ ਸਾਡੇ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾ ਸਕਣ।"
ਸਰਕਾਰ ਦੇ ਸੜਕ-ਸੁਰੱਖਿਆ ਉਪਰਾਲੇ 'ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਸੂਬਾਈ ਅਤੇ ਰਾਸ਼ਟਰੀ ਰਾਜਮਾਰਗਾਂ 'ਤੇ ਸੁਰੱਖਿਆ ਵਧਾਉਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਦੇਸ਼ ਦੀ ਪਹਿਲੀ ਸਮਰਪਿਤ 'ਸੜਕ ਸੁਰੱਖਿਆ ਫੋਰਸ' ਦੀ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਫੋਰਸ ਲਈ ਲੜਕੀਆਂ ਸਮੇਤ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਜਵਾਨਾਂ ਨੂੰ ਭਰਤੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਆਧੁਨਿਕ ਵਾਹਨਾਂ ਨਾਲ ਲੈਸ ਕੀਤਾ ਗਿਆ ਹੈ। ਇਹ ਫੋਰਸ ਲਗਭਗ 4,200 ਕਿਲੋਮੀਟਰ ਦੇ ਹਾਦਸਿਆਂ ਦੇ ਸੰਭਾਵੀ ਰਾਜਮਾਰਗਾਂ 'ਤੇ ਤਾਇਨਾਤ ਕੀਤੀ ਗਈ ਹੈ। ਸਰਕਾਰੀ ਰਿਪੋਰਟ ਅਨੁਸਾਰ ਇਸ ਫੋਰਸ ਦੇ ਗਠਨ ਨਾਲ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 52.87 ਫੀਸਦੀ ਦੀ ਕਮੀ ਆਈ ਹੈ। ਉਨ੍ਹਾਂ ਕਿਹਾ, "ਹਾਈਵੇਅ 'ਤੇ ਬਿਹਤਰ ਸੁਰੱਖਿਆ ਯਕੀਨੀ ਬਣਾਉਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਐਸ.ਐਸ.ਐਫ. ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੈ। ਇਹ ਨੌਜਵਾਨ ਜਵਾਨ ਇਸ ਫੋਰਸ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੇ ਹਨ ਅਤੇ ਸਾਡੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਯਤਨਸ਼ੀਲ ਹਨ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਫੋਰਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਵੀ ਠੱਲ੍ਹ ਪਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਸੰਸਦ ਵਿੱਚ ਸੂਬਾ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਹੁਣ ਤੁਸੀਂ ਸਰਕਾਰ ਦਾ ਅਨਿਖੜਵਾਂ ਅੰਗ ਬਣ ਗਏ ਹੋ। ਮਿਸ਼ਨਰੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰੋ ਅਤੇ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਦੀ ਮਦਦ ਲਈ ਆਪਣੀ ਕਲਮ ਅਤੇ ਆਪਣੇ ਅਹੁਦੇ ਦੀ ਵਰਤੋਂ ਕਰੋ।"
ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਡੀ.ਜੀ.ਪੀ. ਗੌਰਵ ਯਾਦਵ ਅਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
--------------


Punjab-Youth-Get-1-746-New-Govt-Jobs-In-Police-Cm-Bhagwant-Singh-Mann-Hands-Over-Appointment-Letters


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead