*'ਸਹੇਲੀਆਂ ਦਾ ਸਮਾਗਮ' ਧੀਆਂ ਦੇ ਮਾਣ-ਸਤਿਕਾਰ, ਆਪਸੀ ਸਾਂਝ ਅਤੇ ਆਤਮ-ਵਿਸ਼ਵਾਸ ਦਾ ਬਣਿਆ ਸੁੰਦਰ ਪ੍ਰਤੀਕ*
*ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਰ ਧੀ ਅਤੇ ਹਰ ਬੱਚੇ ਲਈ ਸੁਰੱਖਿਅਤ, ਸਨਮਾਨਜਨਕ ਅਤੇ ਮੌਕਿਆਂ ਭਰਿਆ ਭਵਿੱਖ ਸਿਰਜਣ ਲਈ ਪੰਜਾਬ ਸਰਕਾਰ ਵਚਨਬੱਧ : ਡਾ. ਬਲਜੀਤ ਕੌਰ*
*ਲੋਕ-ਨਾਚ, ਤ੍ਰਿੰਞਣ ਦੇ ਗੀਤ, ਫੁਲਕਾਰੀਆਂ ਅਤੇ ਪੰਜਾਬੀ ਪਿੰਡ ਦੀ ਝਲਕ ਨੇ ਬੰਨ੍ਹਿਆ ਸਮਾਂ; ਬੱਚਿਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਜਿੱਤਿਆ ਦਿਲ*
ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅੱਜ ਉਸ ਵੇਲੇ ਆਪਣੇ ਪੂਰੇ ਰੰਗਾਂ ਵਿੱਚ ਖਿੜ ਉੱਠੀ, ਜਦੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੂਬੇ ਭਰ ਦੀਆਂ ਬਾਲ ਸੰਭਾਲ ਸੰਸਥਾਵਾਂ ਦੀਆਂ ਬੱਚੀਆਂ ਅਤੇ ਨਵਜੀਵਨੀ ਇੰਸਟੀਚਿਊਟ ਆਫ ਸਪੈਸ਼ਲ ਐਜੂਕੇਸ਼ਨ ਅਤੇ ਰਿਸਰਚ ਪਟਿਆਲਾ ਦੀਆਂ ਵਿਸ਼ੇਸ਼ ਯੋਗਤਾ ਵਾਲੀਆਂ ਬੱਚੀਆਂ ਲਈ "ਤੀਜ ਤੇ ਰੱਖੜੀ–ਸਹੇਲੀਆਂ ਦਾ ਸਮਾਗਮ" ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਬੱਚੀਆਂ ਨਾਲ ਮਿਲ ਕੇ ਤੀਜ ਅਤੇ ਰੱਖੜੀ ਦੇ ਪਵਿੱਤਰ ਤਿਉਹਾਰ ਮਨਾਏ ਅਤੇ ਪਿਆਰ, ਸਾਂਝ, ਸਨਮਾਨ ਅਤੇ ਨਾਰੀ ਸ਼ਕਤੀ ਦਾ ਸੰਦੇਸ਼ ਦਿੱਤਾ।
ਸਮਾਗਮ ਦੀ ਭਰਪੂਰ ਸ਼ਲਾਘਾ ਕਰਦਿਆਂ ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਡਾ. ਸ਼ੇਨਾ ਅਗਰਵਾਲ ਅਤੇ ਸਮੁੱਚੀ ਟੀਮ ਨੂੰ ਅਜਿਹਾ ਅਰਥਪੂਰਨ ਅਤੇ ਪ੍ਰੇਰਨਾਦਾਇਕ ਪ੍ਰੋਗਰਾਮ ਉਲੀਕਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਬੱਚਿਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਂਦੇ ਹਨ, ਸਗੋਂ ਉਨ੍ਹਾਂ ਦੇ ਮਨਾਂ ਵਿੱਚ ਆਤਮ-ਵਿਸ਼ਵਾਸ, ਅਪਣੱਤ ਅਤੇ ਉਮੀਦ ਦੀ ਨਵੀਂ ਰੌਸ਼ਨੀ ਵੀ ਜਗਾਉਂਦੇ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ, "ਤੀਜ ਦੀ ਖੁਸ਼ੀ, ਰੱਖੜੀ ਦਾ ਪਿਆਰ, ਨਾਰੀ ਸਾਡੀ ਸ਼ਾਨ—ਸੁਰੱਖਿਆ ਦੀ ਪਹਿਰੇਦਾਰ। ਆਓ ਹਰ ਧੀ ਦਾ ਸਨਮਾਨ ਕਰੀਏ, ਉਸ ਨੂੰ ਸਮਰੱਥ ਬਣਾਈਏ ਅਤੇ ਉਸ ਦੇ ਸੁਨਹਿਰੇ ਭਵਿੱਖ ਦੀ ਸਾਂਝੀ ਜ਼ਿੰਮੇਵਾਰੀ ਨਿਭਾਈਏ।"
ਉਨ੍ਹਾਂ ਕਿਹਾ ਕਿ ਤੀਜ ਇਸਤਰੀ ਦੀ ਆਤਮ-ਸ਼ਕਤੀ, ਉਮੀਦਾਂ, ਸੁਪਨਿਆਂ ਅਤੇ ਜੀਵਨ-ਉਤਸ਼ਾਹ ਦਾ ਤਿਉਹਾਰ ਹੈ, ਜਦਕਿ ਰੱਖੜੀ ਆਪਸੀ ਵਿਸ਼ਵਾਸ, ਪਿਆਰ ਅਤੇ ਸਾਂਝੀ ਜ਼ਿੰਮੇਵਾਰੀ ਦਾ ਪਾਵਨ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਦੀਆਂ ਧੀਆਂ ਪ੍ਰਸ਼ਾਸਨ, ਸਿੱਖਿਆ, ਸਿਹਤ, ਨਿਆਂ ਅਤੇ ਸਮਾਜ ਸੇਵਾ ਸਮੇਤ ਹਰ ਖੇਤਰ ਵਿੱਚ ਨਵੀਆਂ ਉਚਾਈਆਂ ਛੂਹ ਰਹੀਆਂ ਹਨ ਅਤੇ ਪਰਿਵਾਰਾਂ ਦੇ ਨਾਲ-ਨਾਲ ਸਮਾਜ ਦੀ ਮਜ਼ਬੂਤ ਨੀਂਹ ਵੀ ਬਣ ਰਹੀਆਂ ਹਨ।
ਔਰਤਾਂ ਸਿਰਫ਼ ਸੁਰੱਖਿਆ ਦੀ ਹੱਕਦਾਰ ਹੀ ਨਹੀਂ, ਸਗੋਂ ਆਪਣੇ ਪਰਿਵਾਰਾਂ ਅਤੇ ਸਮਾਜ ਦੀਆਂ ਸੱਚੀਆਂ ਰਾਖੀਆਂ ਵੀ ਹਨ।
ਬਾਲ ਸੰਭਾਲ ਸੰਸਥਾਵਾਂ ਅਤੇ ਨਵਜੀਵਨੀ ਇੰਸਟੀਚਿਊਟ ਆਫ ਸਪੈਸ਼ਲ ਐਜੂਕੇਸ਼ਨ ਅਤੇ ਰਿਸਰਚ ਪਟਿਆਲਾ ਦੀਆਂ ਵਿਸ਼ੇਸ਼ ਯੋਗਤਾ ਵਾਲੀਆਂ ਬੱਚੀਆਂ ਦੀ ਸ਼ਮੂਲੀਅਤ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਸਮਾਗਮ ਉਨ੍ਹਾਂ ਦੇ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਅਤੇ ਉਨ੍ਹਾਂ ਵਿੱਚ ਨਵੇਂ ਸੁਪਨੇ ਤੇ ਨਵਾਂ ਆਤਮ-ਵਿਸ਼ਵਾਸ ਜਗਾਉਣ ਦਾ ਇੱਕ ਨਿਵੇਕਲਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਹਰ ਬੱਚਾ ਮੌਕਿਆਂ ਦਾ ਹੱਕਦਾਰ ਹੈ ਅਤੇ ਸਹੀ ਸੇਧ ਅਤੇ ਹੌਸਲਾ ਮਿਲਣ 'ਤੇ ਉਹ ਜ਼ਿੰਦਗੀ ਦੀ ਹਰ ਚੁਣੌਤੀ ਨੂੰ ਪਾਰ ਕਰ ਸਕਦਾ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਧੀ ਅਤੇ ਹਰ ਬੱਚੇ ਨੂੰ ਸੁਰੱਖਿਅਤ, ਸਨੇਹ ਭਰਿਆ ਅਤੇ ਮੌਕਿਆਂ ਨਾਲ ਭਰਪੂਰ ਮਾਹੌਲ ਮੁਹੱਈਆ ਕਰਵਾਉਣ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਣਵੱਤਾ ਭਰਪੂਰ ਸਿੱਖਿਆ, ਸੁਰੱਖਿਆ, ਬਰਾਬਰ ਦੇ ਮੌਕੇ ਅਤੇ ਸਰਬਪੱਖੀ ਵਿਕਾਸ ਯਕੀਨੀ ਬਣਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ, ਤਾਂ ਜੋ ਹਰ ਬੱਚਾ ਆਪਣੀਆਂ ਕਾਬਲੀਅਤਾਂ ਨੂੰ ਪੂਰੀ ਤਰ੍ਹਾਂ ਨਿਖਾਰ ਸਕੇ।
ਪੰਜਾਬੀ ਵਿਰਸੇ ਦੀ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ ਮੰਤਰੀ ਨੇ ਕਿਹਾ ਕਿ ਲੋਕ-ਸੰਗੀਤ, ਲੋਕ-ਨਾਚ ਅਤੇ ਸੱਭਿਆਚਾਰਕ ਪਰੰਪਰਾਵਾਂ ਸਾਡੀ ਪਛਾਣ ਦੀ ਰੂਹ ਹਨ, ਜੋ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀਆਂ ਹਨ ਅਤੇ ਜੀਵਨ ਵਿੱਚ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੀਆਂ ਹਨ।
ਸਮਾਗਮ ਦੌਰਾਨ ਬਾਲ ਸੰਭਾਲ ਸੰਸਥਾਵਾਂ ਦੇ ਬੱਚਿਆਂ ਨੇ ਪੰਜਾਬੀ ਲੋਕ-ਨਾਚ, ਤ੍ਰਿੰਞਣ ਦੇ ਗੀਤ ਅਤੇ ਹੋਰ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਸਮੁੱਚੇ ਮਾਹੌਲ ਨੂੰ ਰੂਹਾਨੀ ਅਤੇ ਖੁਸ਼ਗਵਾਰ ਬਣਾ ਦਿੱਤਾ। ਬੱਚਿਆਂ ਦੇ ਆਤਮ-ਵਿਸ਼ਵਾਸ, ਹੁਨਰ ਅਤੇ ਜੋਸ਼ ਨੇ ਹਾਜ਼ਰੀਨ ਨੂੰ ਭਾਵੁਕ ਵੀ ਕੀਤਾ ਅਤੇ ਪ੍ਰਭਾਵਿਤ ਵੀ।
ਸਮਾਗਮ ਵਾਲੀ ਥਾਂ ਨੂੰ ਰਵਾਇਤੀ ਪੰਜਾਬੀ ਪਿੰਡ ਦਾ ਰੂਪ ਦਿੱਤਾ ਗਿਆ ਸੀ, ਜਿੱਥੇ ਫੁਲਕਾਰੀਆਂ, ਚਰਖੇ, ਹੱਥ-ਕਲਾ ਦੀਆਂ ਵਸਤਾਂ ਅਤੇ ਪੇਂਡੂ ਸੱਭਿਆਚਾਰ ਦੀਆਂ ਝਲਕੀਆਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਹ ਦਿਲਕਸ਼ ਦ੍ਰਿਸ਼ ਪੰਜਾਬ ਦੀ ਅਮੀਰ ਵਿਰਾਸਤ ਅਤੇ ਲੋਕ-ਸੱਭਿਆਚਾਰ ਦਾ ਜੀਵੰਤ ਪ੍ਰਤੀਬਿੰਬ ਬਣ ਕੇ ਉਭਰਿਆ।
ਬੱਚੀਆਂ ਨਾਲ ਨਿੱਘਾ ਸੰਵਾਦ ਕਰਦਿਆਂ ਡਾ. ਬਲਜੀਤ ਕੌਰ ਨੇ ਉਨ੍ਹਾਂ ਨੂੰ ਤੀਜ ਅਤੇ ਰੱਖੜੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸੱਦਾ ਦਿੱਤਾ ਕਿ ਉਹ ਆਪਣੀ ਮਿੱਟੀ, ਮਾਂ-ਬੋਲੀ ਅਤੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹੋਏ ਸਿੱਖਿਆ ਅਤੇ ਜੀਵਨ ਦੇ ਹਰ ਖੇਤਰ ਵਿੱਚ ਨਵੀਆਂ ਮੰਜ਼ਿਲਾਂ ਹਾਸਿਲ ਕਰਨ। ਉਨ੍ਹਾਂ ਸਮੂਹ ਔਰਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਅੰਦਰੂਨੀ ਸ਼ਕਤੀ ਨੂੰ ਪਛਾਣਨ, ਰੂੜ੍ਹੀਵਾਦੀ ਸੋਚ ਤੋਂ ਉੱਪਰ ਉੱਠਣ ਅਤੇ ਆਤਮ-ਵਿਸ਼ਵਾਸ ਨਾਲ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।
ਮੰਤਰੀ ਨੇ ਇਸ ਯਾਦਗਾਰੀ ਸਮਾਗਮ ਨੂੰ ਸਫ਼ਲ ਬਣਾਉਣ ਵਾਲੇ ਬੱਚੀਆਂ, ਕਲਾਕਾਰਾਂ, ਦੇਖਭਾਲ ਕਰਨ ਵਾਲੇ ਅਮਲੇ, ਪ੍ਰਬੰਧਕਾਂ ਅਤੇ ਵਿਭਾਗੀ ਅਧਿਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦਾ ਸਮਾਪਨ ਲੋਕ-ਗੀਤਾਂ ਅਤੇ ਗਿੱਧੇ ਦੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਹੋਇਆ, ਜਿਸ ਨੇ ਹਰ ਹਾਜ਼ਰ ਸ਼ਖ਼ਸ ਦੇ ਮਨ 'ਤੇ ਧੀਆਂ ਦੇ ਸਤਿਕਾਰ, ਬਾਲ ਭਲਾਈ, ਸੱਭਿਆਚਾਰਕ ਮਾਣ ਅਤੇ ਪੰਜਾਬ ਸਰਕਾਰ ਦੀ ਲੋਕ-ਭਲਾਈ ਪ੍ਰਤੀ ਵਚਨਬੱਧਤਾ ਦੀ ਅਮਿੱਟ ਛਾਪ ਛੱਡੀ।
ਇਸ ਸਮਾਗਮ ਦੌਰਾਨ ਪ੍ਰਮੁੱਖ ਮਹਿਲਾ ਅਧਿਕਾਰੀਆਂ ਅਤੇ ਵਿਸ਼ੇਸ਼ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਹਾਜ਼ਰ ਪ੍ਰਮੁੱਖ ਅਧਿਕਾਰੀਆਂ ਵਿੱਚ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ. ਸ਼੍ਰੀਵਾਸਤਵਾ (ਆਈ.ਏ.ਐਸ.), ਪ੍ਰਮੁੱਖ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ (ਆਈ.ਏ.ਐਸ.), ਸ੍ਰੀਮਤੀ ਭਾਵਨਾ ਗਰਗ (ਆਈ.ਏ.ਐਸ.), ਸ੍ਰੀਮਤੀ ਹਰਗੁਣਜੀਤ ਕੌਰ (ਆਈ.ਏ.ਐਸ.) ਅਤੇ ਸ੍ਰੀਮਤੀ ਵਿੰਮੀ ਭੁੱਲਰ (ਆਈ.ਏ.ਐਸ.) ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਇਸ ਤੋਂ ਇਲਾਵਾ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰੀ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)