September 22, 2026 03:42:34

ਲੋਕਾਂ ਦੇ ਦਿਲਾਂ ’ਚ ਹਮੇਸ਼ਾ ਜ਼ਿੰਦਾ ਰਹਿਣਗੇ ਚੁਨੀ ਲਾਲ ਭਗਤ

Sep19,2026 | Meenu Galhotra | Chandigarh

*ਅਜਿਹੇ ਆਗੂ, ਜਿਨ੍ਹਾਂ ਦੇ ਦਰਵਾਜ਼ੇ ਸਾਰਿਆਂ ਲਈ ਹਮੇਸ਼ਾ ਖੁੱਲ੍ਹੇ ਰਹੇ*

*ਵੈਟਰਨ ਆਗੂ ਨਮਿੱਤ ਸ਼ਰਧਾਂਜਲੀ ਸਭਾ 20 ਸਤੰਬਰ ਨੂੰ*


93 ਸਾਲ ਦੀ ਉਮਰ ਵਿੱਚ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਚੁਨੀ ਲਾਲ ਭਗਤ ਦੇ ਦੇਹਾਂਤ ਨਾਲ ਪੰਜਾਬ ਨੇ ਆਪਣੀ ਇਕ ਦ੍ਰਿੜ੍ਹ, ਨਿਮਰ ਅਤੇ ਅਸੂਲਾਂ ’ਤੇ ਚੱਲਣ ਵਾਲੀ ਜਨਤਕ ਸ਼ਖਸੀਅਤ ਨੂੰ ਗੁਆ ਦਿੱਤਾ। ਪੰਜਾਬ ਦੀ ਸਿਆਸਤ ਦੇ ਇੱਕ ਪ੍ਰਮੁੱਖ ਚਿਹਰੇ ਅਤੇ ਦੋਆਬੇ ਵਿੱਚ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਆਗੂ, ਚੁਨੀ ਲਾਲ ਭਗਤ ਆਪਣੇ ਪਿੱਛੇ ਨੈਤਿਕ ਸ਼ਾਸਨ, ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਡੂੰਘੀ ਸਾਂਝ ਅਤੇ ਸਾਦਗੀ ਨਾਲ ਲੋਕਾਂ ਦੀ ਸੇਵਾ ਕਰਨ ਵਿੱਚ ਗੁਜ਼ਾਰੇ ਜੀਵਨ ਦੀ ਵਿਰਾਸਤ ਛੱਡ ਗਏ ਹਨ।
ਆਪਣੇ ਦਹਾਕਿਆਂ ਲੰਬੇ ਸਿਆਸੀ ਸਫ਼ਰ ਦੌਰਾਨ, ਚੁਨੀ ਲਾਲ ਭਗਤ ਨਿਮਰਤਾ ਅਤੇ ਲੋਕ-ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਤੋਂ ਪ੍ਰੇਰਿਤ ਰਹੇ। ਸਾਧਾਰਣ ਸ਼ੁਰੂਆਤ ਤੋਂ ਸੂਬੇ ਵਿੱਚ ਅਹਿਮ ਲੀਡਰਸ਼ਿਪ ਦੇ ਅਹੁਦਿਆਂ ਤੱਕ ਪਹੁੰਚਣ ਵਾਲੇ ਚੁਨੀ ਲਾਲ ਭਗਤ ਨੇ ਪੰਜਾਬ ਸਰਕਾਰ ਵਿੱਚ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਅਤੇ ਜੰਗਲਾਤ ਤੇ ਜੰਗਲੀ ਜੀਵ ਸੰਭਾਲ ਵਰਗੇ ਅਹਿਮ ਵਿਭਾਗਾਂ ਦੀ ਕਮਾਨ ਸੰਭਾਲੀ ਅਤੇ ਹਮੇਸ਼ਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਖਾਸ ਸ਼ਾਂਤ ਅਤੇ ਗਰਿਮਾਪੂਰਨ ਅੰਦਾਜ਼ ਵਿੱਚ ਨਿਭਾਇਆ।
ਜਨਤਕ ਜੀਵਨ ਦੌਰਾਨ ਚੁਨੀ ਲਾਲ ਭਗਤ ਆਪਣੇ ਬੇਦਾਗ਼ ਰਿਕਾਰਡ ਲਈ ਜਾਣੇ ਜਾਂਦੇ ਸਨ। ਉਹ ਹਮੇਸ਼ਾ ਇਸ ਸੰਕਲਪ ’ਤੇ ਖੜ੍ਹੇ ਰਹੇ ਕਿ ਇਮਾਨਦਾਰੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੇ ਸਨ, ‘‘ਅਹੁਦਾ ਤੇ ਤਾਕਤ ਲੋਕਾਂ ਵੱਲੋਂ ਦਿੱਤੇ ਗਏ ਆਰਜ਼ੀ ਅਧਿਕਾਰ ਹਨ। ਅਖੀਰ ਵਿੱਚ ਜੋ ਬਾਕੀ ਰਹਿੰਦਾ ਹੈ, ਉਹ ਹੈ ਤੁਹਾਡਾ ਕੰਮ, ਤੁਹਾਡਾ ਕਿਰਦਾਰ ਅਤੇ ਇਹ ਕਿ ਤੁਸੀਂ ਉਨ੍ਹਾਂ ਲੋਕਾਂ ਦੀ ਕਿੰਨੀ ਇਮਾਨਦਾਰੀ ਨਾਲ ਸੇਵਾ ਕੀਤੀ, ਜਿਨ੍ਹਾਂ ਨੇ ਤੁਹਾਡੇ ’ਤੇ ਭਰੋਸਾ ਕੀਤਾ।’’
ਉਨ੍ਹਾਂ ਦਾ ਸਿਆਸੀ ਸਫ਼ਰ ਜਲੰਧਰ ਅਤੇ ਸਮੁੱਚੇ ਦੋਆਬਾ ਖੇਤਰ ਦੇ ਵਿਕਾਸ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਸੀ। ਜਲੰਧਰ ਪੱਛਮੀ ਹਲਕੇ ਤੋਂ ਕਈ ਵਾਰ ਵਿਧਾਨ ਸਭਾ ਮੈਂਬਰ (ਐਮ.ਐਲ.ਏ.) ਰਹੇ ਚੁਨੀ ਲਾਲ ਭਗਤ ਪਾਰਟੀ ਦੀਆਂ ਹੱਦਾਂ ਤੋਂ ਪਰੇ ਲੋਕਾਂ ਲਈ ਆਪਣਾ ਘਰ ਅਤੇ ਦਫ਼ਤਰ ਹਮੇਸ਼ਾ ਪਹੁੰਚਯੋਗ ਬਣਾਈ ਰੱਖਣ ਲਈ ਵਿਆਪਕ ਤੌਰ ’ਤੇ ਸਤਿਕਾਰੇ ਜਾਂਦੇ ਸਨ। ਉਹ ਅਕਸਰ ਇਸ ਗੱਲ ’ਤੇ ਜ਼ੋਰ ਦਿੰਦੇ ਸਨ ਕਿ ਉਨ੍ਹਾਂ ਦਾ ਮੁੱਖ ਫਰਜ਼ ਆਮ ਨਾਗਰਿਕਾਂ ਦੀ ਗੱਲ ਸੁਣਨਾ ਹੈ ਅਤੇ ਉਨ੍ਹਾਂ ਨੇ ਆਪਣੇ ਦਹਾਕਿਆਂ ਦੇ ਕਾਰਜਕਾਲ ਦੌਰਾਨ ਇਸ ਅਮਲ ਨੂੰ ਲਗਾਤਾਰ ਕਾਇਮ ਰੱਖਿਆ।
ਜਨਤਕ ਪ੍ਰਸ਼ਾਸਨ ਪ੍ਰਤੀ ਆਪਣੇ ਨਜ਼ਰੀਏ ’ਤੇ ਗੱਲ ਕਰਦਿਆਂ ਸਾਬਕਾ ਮੰਤਰੀ ਸ਼ਹਿਰੀ ਵਿਕਾਸ ਅਤੇ ਜਨਤਕ ਸਿਹਤ ਬੁਨਿਆਦੀ ਢਾਂਚੇ ਵਿੱਚ ਪਾਰਦਰਸ਼ਤਾ ਅਤੇ ਬਰਾਬਰੀ ਦੀ ਲੋੜ ’ਤੇ ਜ਼ੋਰ ਦਿੰਦੇ ਸਨ। ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲਦਿਆਂ ਉਨ੍ਹਾਂ ਮਿਊਂਸੀਪਲ ਸੇਵਾਵਾਂ ਨੂੰ ਮਜ਼ਬੂਤ ਕਰਨ, ਸਫ਼ਾਈ ਵਿਵਸਥਾ ਵਿੱਚ ਸੁਧਾਰ ਕਰਨ ਅਤੇ ਲੋੜਵੰਦ ਇਲਾਕਿਆਂ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਦੇ ਵਿਸਥਾਰ ਦੀ ਵਕਾਲਤ ਕੀਤੀ। ਉਹ ਅਕਸਰ ਪਾਰਟੀ ਵਰਕਰਾਂ ਅਤੇ ਅਧਿਕਾਰੀਆਂ ਨੂੰ ਯਾਦ ਦਿਵਾਉਂਦੇ ਸਨ ਕਿ ਨੀਤੀਗਤ ਉਪਾਵਾਂ ਰਾਹੀਂ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਤੱਕ ਲਾਭ ਪਹੁੰਚਣਾ ਚਾਹੀਦਾ ਹੈ।
ਆਪਣੀਆਂ ਪ੍ਰਸ਼ਾਸਨਿਕ ਪ੍ਰਾਪਤੀਆਂ ਤੋਂ ਇਲਾਵਾ ਚੁਨੀ ਲਾਲ ਭਗਤ ਨੂੰ ਆਪਣੇ ਭਾਈਚਾਰੇ ਅਤੇ ਪਾਰਟੀ ਵਿੱਚ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਆਗੂ ਵਜੋਂ ਯਾਦ ਕੀਤਾ ਜਾਂਦਾ ਹੈ। ਸਿਆਸੀ ਉਥਲ-ਪੁਥਲ ਦੇ ਦੌਰ ਵਿੱਚ ਵੀ ਆਪਣੇ ਸ਼ਾਂਤ ਸੁਭਾਅ ਅਤੇ ਨਪੇ-ਤੁਲੇ ਸ਼ਬਦਾਂ ਸਦਕਾ ਉਨ੍ਹਾਂ ਸਹਿਯੋਗੀਆਂ ਦੇ ਨਾਲ-ਨਾਲ ਸਿਆਸੀ ਵਿਰੋਧੀਆਂ ਤੋਂ ਵੀ ਸਤਿਕਾਰ ਹਾਸਲ ਕੀਤਾ। ਉਹ ਸਿਆਸਤ ਨੂੰ ਨਿੱਜੀ ਇੱਛਾਵਾਂ ਦਾ ਜ਼ਰੀਆ ਨਹੀਂ, ਸਗੋਂ ਹਾਸ਼ੀਏ ’ਤੇ ਰਹਿੰਦੇ ਭਾਈਚਾਰਿਆਂ ਦੀ ਭਲਾਈ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਨੈਤਿਕ ਜ਼ਿੰਮੇਵਾਰੀ ਵਜੋਂ ਦੇਖਦੇ ਸਨ।
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਫੈਲਦਿਆਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਸਮਰਪਣ ਅਤੇ ਲੋਕ ਸੇਵਾ ਦਾ ਮਜ਼ਬੂਤ ਥੰਮ੍ਹ ਦੱਸਿਆ। ਉਨ੍ਹਾਂ ਦਾ ਜੀਵਨ ਨਿਮਰਤਾ, ਸਖ਼ਤ ਮਿਹਨਤ ਅਤੇ ਅਟੁੱਟ ਨੈਤਿਕਤਾ ’ਤੇ ਆਧਾਰਿਤ ਸ਼ਾਸਨ ਦੇ ਇੱਕ ਦੌਰ ਦੀ ਯਾਦ ਦਿਵਾਉਂਦਾ ਹੈ। ਪੰਜਾਬ ਦੀ ਸਿਆਸਤ ਵਿੱਚ ਚੁਨੀ ਲਾਲ ਭਗਤ ਦੇ ਯੋਗਦਾਨ ਅਤੇ ਜਲੰਧਰ ਦੇ ਲੋਕਾਂ ਪ੍ਰਤੀ ਉਨ੍ਹਾਂ ਦੀ ਅਟੁੱਟ ਸੇਵਾ ਭਾਵਨਾ ਨੇ ਸੂਬੇ ਦੇ ਲੋਕਾਂ ਦੇ ਮਨਾਂ ’ਤੇ ਡੂੰਘੀ ਛਾਪ ਛੱਡੀ ਹੈ। ਲੋਕ ਸੇਵਾ ਦੀ ਇਸ ਸ਼ਾਨਦਾਰ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੇ ਸਪੁੱਤਰ ਮੋਹਿੰਦਰ ਭਗਤ ਵੀ ਆਪਣੇ ਪਿਤਾ ਦੇ ਨਕਸ਼-ਏ-ਕਦਮਾਂ ’ਤੇ ਚੱਲ ਰਹੇ ਹਨ ਅਤੇ ਪੰਜਾਬ ਸਰਕਾਰ ਵਿੱਚ ਬਤੌਰ ਕੈਬਨਿਟ ਮੰਤਰੀ ਲੋਕਾਂ ਦੀ ਸੇਵਾ ਕਰ ਰਹੇ ਹਨ।
ਮਰਹੂਮ ਆਗੂ ਦੇ ਆਸਾਧਾਰਣ ਜੀਵਨ ਨੂੰ ਸਨਮਾਨ ਦੇਣ ਅਤੇ ਸਮੂਹਿਕ ਤੌਰ ’ਤੇ ਸ਼ਰਧਾਂਜਲੀ ਭੇਟ ਕਰਨ ਲਈ ਚੁਨੀ ਲਾਲ ਭਗਤ ਨਮਿੱਤ ਸ਼ਰਧਾਂਜਲੀ ਸਭਾ ਐਤਵਾਰ, 20 ਸਤੰਬਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਐਮ.ਐਸ. ਫਾਰਮ, ਬਸਤੀ ਪੀਰ ਦਾਦ, ਜਲੰਧਰ ਵਿਖੇ ਹੋਵੇਗੀ।----------

Bhagat-Chuni-Lal-A-Leader-Who-Kept-His-Doors-Open-To-All-Will-Always-Remain-Alive-In-Hearts-Of-Millions


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead