ਝੋਨੇ ਦੇ ਖਰੀਦ ਸੀਜ਼ਨ ਤੋਂ ਪਹਿਲਾਂ ਆੜ੍ਹਤੀਆ ਐਸੋਸੀਏਸ਼ਨਾਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਫਸਲੀ ਖਰੀਦ ਪ੍ਰਣਾਲੀ ਵਿੱਚ ਆੜ੍ਹਤੀਏ ਇੱਕ ਅਨਿੱਖੜਵਾਂ ਅੰਗ ਹਨ ਅਤੇ ਸਰਕਾਰ ਉਨ੍ਹਾਂ ਦੀ ਸਮੁੱਚੀ ਭਲਾਈ ਲਈ ਨੀਤੀਆਂ ਬਣਾਉਣ ਲਈ ਹਮੇਸ਼ਾ ਵਚਨਬੱਧ ਹੈ।
ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਹੀ ਕੇਂਦਰ ਸਰਕਾਰ ਵੱਲੋਂ ਆੜ੍ਹਤੀਆਂ ਦੇ ਪ੍ਰਤੀ ਕੁਇੰਟਲ ਕਮਿਸ਼ਨ ਵਿੱਚ 4.74 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਸਰਕਾਰ ਹਰ ਖਰੀਦ ਸੀਜ਼ਨ ਨੂੰ ਸਫਲ ਬਣਾਉਣ ਲਈ ਹੋਰਨਾਂ ਹਿੱਸੇਦਾਰਾਂ ਦੇ ਨਾਲ ਮਿਲ ਕੇ ਆੜ੍ਹਤੀਆਂ ਵੱਲੋਂ ਪਾਏ ਜਾਂਦੇ ਅਹਿਮ ਯੋਗਦਾਨ ਤੋਂ ਚੰਗੀ ਤਰ੍ਹਾਂ ਜਾਣੂੰ ਹੈ।
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ’ਤੇ ਅਧਾਰਤ ਮੰਤਰੀ ਸਮੂਹ ਵੱਲੋਂ ਅੱਜ ਇੱਥੇ ਆਉਣ ਵਾਲੇ ਝੋਨੇ ਦੇ ਖਰੀਦ ਸੀਜ਼ਨ ਦੇ ਮੱਦੇਨਜ਼ਰ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਅਤੇ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਵਾਲੀਆਂ ਐਸੋਸੀਏਸ਼ਨਾਂ ਨਾਲ ਮੀਟਿੰਗ ਦੌਰਾਨ ਇਹ ਵਚਨਬੱਧਤਾ ਦੁਹਰਾਈ ਗਈ।
ਐਸੋਸੀਏਸ਼ਨਾਂ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਰੱਖੀਆਂ ਗਈਆਂ ਜਿਵੇਂ ਕਿ ਈ.ਪੀ.ਐਫ. ਅਥਾਰਟੀਆਂ ਕੋਲ ਪਏ 55 ਕਰੋੜ ਰੁਪਏ ਦੀ ਰਕਮ ਨੂੰ ਜਾਰੀ ਕਰਵਾਉਣਾ ਅਤੇ ਭਵਿੱਖ ਵਿੱਚ ਈ.ਪੀ.ਐਫ. ਦੀ ਕਟੌਤੀ ਨਾ ਕੀਤੀ ਜਾਣਾ ਕਿਉਂਕਿ ਮਜ਼ਦੂਰ ਹਰੇਕ ਸੀਜ਼ਨ ਵਿੱਚ ਆਰਜ਼ੀ ਅਧਾਰ ’ਤੇ ਰੱਖੇ ਜਾਂਦੇ ਹਨ, ਰਾਤ ਸਮੇਂ ਕੰਬਾਈਨਾਂ ਦੇ ਨਾ ਚੱਲਣ ਸਬੰਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨਾ, ਪੰਜਾਬ ਦੀਆਂ ਮੰਡੀਆਂ ਵਿੱਚ ਦੂਜੇ ਰਾਜਾਂ ਤੋਂ ਝੋਨੇ ਦੀ ਵਿਕਰੀ ਨੂੰ ਰੋਕਣਾ ਯਕੀਨੀ ਬਣਾਉਣਾ, ਆਉਣ ਵਾਲੇ ਝੋਨੇ ਦੇ ਖਰੀਦ ਸੀਜ਼ਨ ਦੇ ਮੱਦੇਨਜ਼ਰ ਸਟੋਰੇਜ ਥਾਂ ਬਣਾਉਣ ਲਈ ਸੂਬੇ ਵਿੱਚ ਪਹਿਲਾਂ ਤੋਂ ਸਟੋਰ ਕੀਤੇ ਅਨਾਜ ਦੀ ਤੇਜ਼ੀ ਨਾਲ ਸੂਬੇ ਤੋਂ ਬਾਹਰ ਢੋਆ-ਢੁਆਈ ਨੂੰ ਯਕੀਨੀ ਬਣਾਉਣਾ।
ਇਸ ਤੋਂ ਇਲਾਵਾ ਹੋਰਨਾਂ ਮੁੱਦਿਆਂ ’ਤੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ ਜਿਨ੍ਹਾਂ ਵਿੱਚ ਮੰਡੀਆਂ ਵਿੱਚ ਆੜ੍ਹਤੀਆਂ ਦੀਆਂ ਦੁਕਾਨਾਂ ਅਤੇ ਪਲਾਟਾਂ ਦੀਆਂ ਬਕਾਇਆ ਕਿਸ਼ਤਾਂ ’ਤੇ ਲਗਾਏ ਗਏ ਜੁਰਮਾਨਿਆਂ ਦੇ ਮੁੱਦੇ ਨੂੰ ਹੱਲ ਕਰਨ ਲਈ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਸਕੀਮ ਲਿਆਉਣਾ ਅਤੇ ਝੋਨੇ ਦੇ ਖਰੀਦ ਸੀਜ਼ਨ ਦੌਰਾਨ ਆਉਣ ਵਾਲੀ ਖੇਤੀ ਜਿਣਸ ਲਈ ਥਾਂ ਬਣਾਉਣ ਲਈ ਮੰਡੀਆਂ ਵਿੱਚ ਅਸਥਾਈ ਯਾਰਡਾਂ ਦੀ ਆਗਿਆ ਦੇਣਾ ਸ਼ਾਮਿਲ ਹੈ।
ਮੰਤਰੀ ਸਮੂਹ ਨੇ ਆੜ੍ਹਤੀਆ ਐਸੋਸੀਏਸ਼ਨਾਂ ਵੱਲੋਂ ਉਠਾਏ ਗਏ ਹਰੇਕ ਮੁੱਦੇ ਦੇ ਹਰ ਪਹਿਲੂ ’ਤੇ ਵਿਸਥਾਰ ਸਹਿਤ ਵਿਚਾਰ-ਵਟਾਂਦਰਾ ਕੀਤਾ ਅਤੇ ਇਨ੍ਹਾਂ ਨੂੰ ਸਰਕਾਰ ਵਿੱਚ ਉਚਿਤ ਪੱਧਰ ’ਤੇ ਉਠਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਰਾਹੁਲ ਤਿਵਾੜੀ, ਡਾਇਰੈਕਟਰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਾਇਰੈਕਟਰ ਖੁਰਾਕ ਸਪਲਾਈ ਅਜੈਵੀਰ ਸਿੰਘ ਸਰਾਓ ਵੀ ਮੌਜੂਦ ਸਨ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)