October 18, 2026 04:09:54

ਪੰਜਾਬ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਚਾਰ ਵੱਖ-ਵੱਖ ਥਾਈਂ ਛਾਪੇ, ਭਾਰੀ ਗਿਣਤੀ ਵਿੱਚ ਮਸ਼ੀਨਰੀ ਤੇ ਵਾਹਨ ਜ਼ਬਤ

Oct17,2026 | Meenu Galhotra | Chandigarh

*ਪਠਾਨਕੋਟ, ਕਪੂਰਥਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕੀਤੀ ਗਈ ਸਖ਼ਤ ਕਾਰਵਾਈ*

*ਪਠਾਨਕੋਟ ਵਿੱਚ ਮਾਈਨਿੰਗ ਵਿਭਾਗ ਵੱਲੋਂ 400 ਕਿਊਬਿਕ ਫੁੱਟ ਬਜਰੀ ਨਾਲ ਭਰਿਆ ਟਿੱਪਰ ਅਤੇ ਪੋਕਲੇਨ ਮਸ਼ੀਨ ਜ਼ਬਤ; ਸਟੋਨ ਕਰੱਸ਼ਰ ਮਾਲਕ ਵਿਰੁੱਧ ਕੇਸ ਦਰਜ*

*ਪਠਾਨਕੋਟ ਵਿੱਚ ਮੁਅੱਤਲ ਸਟੋਨ ਕਰੱਸ਼ਰ ਚਲਦਾ ਮਿਲਿਆ; ਖਣਿਜ ਸਮੱਗਰੀ ਵੇਚਣ ਦਾ ਮਾਮਲਾ ਆਇਆ ਸਾਹਮਣੇ*

*ਕਪੂਰਥਲਾ ਵਿੱਚ ਛਾਪੇ ਦੌਰਾਨ ਛੇ ਟਿੱਪਰ, ਇੱਕ ਪੋਕਲੇਨ ਮਸ਼ੀਨ ਅਤੇ ਟਰੈਕਟਰ ਜ਼ਬਤ, ਇੱਕ ਵਿਅਕਤੀ ਗ੍ਰਿਫ਼ਤਾਰ*

*ਸ੍ਰੀ ਅਨੰਦਪੁਰ ਸਾਹਿਬ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਦੇ ਦੋ ਮਾਮਲੇ ਸਾਹਮਣੇ ਆਏ, ਪੋਕਲੇਨ ਮਸ਼ੀਨ ਜ਼ਬਤ*

*ਮਾਨ ਸਰਕਾਰ ਗ਼ੈਰ-ਕਾਨੂੰਨੀ ਮਾਈਨਿੰਗ ਦੇ ਖ਼ਾਤਮੇ ਲਈ ਅਤੇ ਸਰਕਾਰੀ ਖ਼ਜ਼ਾਨੇ ਦੀ ਰਾਖੀ ਲਈ ਵਚਨਬੱਧ: ਬਰਿੰਦਰ ਕੁਮਾਰ ਗੋਇਲ*


ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਹੋਰ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ, ਕਪੂਰਥਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਚਾਰ ਵੱਖ-ਵੱਖ ਥਾਵਾਂ 'ਤੇ ਮਾਰੇ ਗਏ ਛਾਪਿਆਂ ਦੌਰਾਨ ਗ਼ੈਰ-ਕਾਨੂੰਨੀ ਮਾਈਨਿੰਗ ਵਿੱਚ ਵਰਤੀ ਜਾਂਦੀ ਭਾਰੀ ਗਿਣਤੀ ਮਸ਼ੀਨਰੀ ਅਤੇ ਵਾਹਨ ਜ਼ਬਤ ਕੀਤੇ ਗਏ ਹਨ। ਇਨ੍ਹਾਂ ਕਾਰਵਾਈਆਂ ਦੌਰਾਨ ਇੱਕ ਸਟੋਨ ਕਰੱਸ਼ਰ ਮਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਜੱਸਵਾਂ ਵਿਖੇ ਦੇਰ ਰਾਤ ਕੀਤੀ ਗਈ ਕਾਰਵਾਈ ਦੌਰਾਨ ਵਿਭਾਗ ਨੇ ਇੱਕ ਪੋਕਲੇਨ ਮਸ਼ੀਨ ਅਤੇ ਲਗਭਗ 400 ਕਿਊਬਿਕ ਫੁੱਟ ਬਜਰੀ ਨਾਲ ਭਰਿਆ ਬਿਨਾਂ ਨੰਬਰੀ ਟਿੱਪਰ ਜ਼ਬਤ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਈਨਿੰਗ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪਿੰਡ ਜੱਸਵਾਂ ਦੇ ਕਰੱਸ਼ਰ ਜ਼ੋਨ ਵਿੱਚ ਜਾਂਚ ਦੌਰਾਨ ਤ੍ਰੇਹਨ ਸਟੋਨ ਕਰੱਸ਼ਰ ਵਿਖੇ ਇੱਕ ਪੀਲੇ ਰੰਗ ਦੀ ਪੋਕਲੇਨ ਮਸ਼ੀਨ (ਮਾਡਲ ਆਰ215ਐਲ, ਸੀ.ਆਰ ਨੰਬਰ ਐਨ635ਡੀ01027) ਅਤੇ ਬਿਨਾਂ ਨੰਬਰੀ ਟਿੱਪਰ (ਚੈਸੀ ਨੰਬਰ ਐਮ.ਏ.ਟੀ. 569054 ਟੀ.ਏ.ਡੀ 12679) ਮਿਲਿਆ, ਜਿਸ ਵਿੱਚ ਲਗਭਗ 400 ਕਿਊਬਿਕ ਫੁੱਟ ਬਜਰੀ ਲੱਦੀ ਹੋਈ ਸੀ।
ਪੁਲਿਸ ਵੱਲੋਂ ਪੋਕਲੇਨ ਮਸ਼ੀਨ ਅਤੇ ਬਜਰੀ ਨਾਲ ਭਰੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਇਸ ਮਾਮਲੇ ਵਿੱਚ ਥਾਣਾ ਤਾਰਾਗੜ੍ਹ ਵਿਖੇ ਮਾਈਨਜ਼ ਐਂਡ ਮਿਨਰਲਜ਼ ਐਕਟ, 1957 ਦੀ ਧਾਰਾ 21(1) ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 303(2) ਅਤੇ 318(4) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ, ਡਰੇਨੇਜ-ਕਮ-ਮਾਈਨਿੰਗ ਐਂਡ ਜਿਓਲੌਜੀ ਵੱਲੋਂ ਪੱਤਰ ਨੰਬਰ 5243 ਮਿਤੀ 22 ਮਈ, 2026 ਰਾਹੀਂ ਤ੍ਰੇਹਨ ਸਟੋਨ ਕਰੱਸ਼ਰ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਸੀ। ਇਸ ਦੇ ਬਾਵਜੂਦ ਜੈਨਰੇਟਰ ਦੀ ਮਦਦ ਨਾਲ ਕਰੱਸ਼ਰ ਚਲਾ ਕੇ ਖਣਿਜ ਸਮੱਗਰੀ ਵੇਚੀ ਜਾ ਰਹੀ ਸੀ। ਕਰੱਸ਼ਰ ਮਾਲਕ ਵੱਲੋਂ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਸੀ ਕਿ ਕਰੱਸ਼ਰ ਸਰਕਾਰੀ ਮਨਜ਼ੂਰੀ ਨਾਲ ਚੱਲ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਦੇ ਰਿਕਾਰਡ ਅਨੁਸਾਰ ਇਹ ਸਟੋਨ ਕਰੱਸ਼ਰ ਨਵਜੋਤ ਸਿੰਘ ਪੁੱਤਰ ਖਜ਼ਾਨ ਸਿੰਘ ਵਾਸੀ ਪਿੰਡ ਮਨਵਾਲ ਬਾਗ, ਥਾਣਾ ਸ਼ਾਹਪੁਰਕੰਡੀ, ਜ਼ਿਲ੍ਹਾ ਪਠਾਨਕੋਟ ਦੇ ਨਾਮ 'ਤੇ ਰਜਿਸਟਰਡ ਹੈ।
*ਕਪੂਰਥਲਾ ਵਿੱਚ ਛਾਪੇ ਦੌਰਾਨ ਛੇ ਟਿੱਪਰ, ਪੋਕਲੇਨ ਮਸ਼ੀਨ ਅਤੇ ਟਰੈਕਟਰ ਜ਼ਬਤ, ਇੱਕ ਵਿਅਕਤੀ ਗ੍ਰਿਫ਼ਤਾਰ*
ਕਪੂਰਥਲਾ ਜ਼ਿਲ੍ਹੇ ਵਿੱਚ ਇੱਕ ਵੱਖਰੀ ਕਾਰਵਾਈ ਦੌਰਾਨ ਮਾਈਨਿੰਗ ਵਿਭਾਗ ਦੇ ਫਲਾਇੰਗ ਸਕੁਐਡ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਪਿੰਡ ਖਿਜਰਪੁਰ ਵਿਖੇ ਛਾਪਾ ਮਾਰਿਆ ਅਤੇ ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿੱਚ ਸ਼ਾਮਲ ਛੇ ਟਿੱਪਰ, ਇੱਕ ਪੋਕਲੇਨ ਮਸ਼ੀਨ ਅਤੇ ਇੱਕ ਟਰੈਕਟਰ ਜ਼ਬਤ ਕੀਤਾ। ਜ਼ਬਤ ਕੀਤੇ ਗਏ ਦੋ ਟਿੱਪਰਾਂ ਵਿੱਚ ਕਰੀਬ 800-800 ਕਿਊਬਿਕ ਫੁੱਟ ਰੇਤਾ ਲੱਦਿਆ ਮਿਲਿਆ।
ਇਸ ਸਬੰਧ ਵਿੱਚ ਜਲੰਧਰ ਦੇ ਲੰਮਾ ਪਿੰਡ ਦੇ ਵਸਨੀਕ ਮਾਈਕਲ ਸਣੇ ਪੰਜ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ ਦੀ ਧਾਰਾ 21(1) ਤਹਿਤ ਥਾਣਾ ਤਲਵੰਡੀ ਚੌਧਰੀਆਂ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ।
*ਸ੍ਰੀ ਅਨੰਦਪੁਰ ਸਾਹਿਬ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਦੇ ਦੋ ਮਾਮਲੇ ਸਾਹਮਣੇ ਆਏ, ਪੋਕਲੇਨ ਮਸ਼ੀਨ ਜ਼ਬਤ*
ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ਦੇ ਪਿੰਡ ਸਵਾੜਾ ਵਿਖੇ ਪਿਛਲੇ ਦੋ ਦਿਨਾਂ ਦੌਰਾਨ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਛਾਪੇਮਾਰੀ ਕੀਤੀ ਗਈ। ਪਹਿਲੇ ਮਾਮਲੇ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਜ਼ਮੀਨ ਮਾਲਕ ਵਿਰੁੱਧ 16 ਅਕਤੂਬਰ, 2026 ਨੂੰ ਐਫ.ਆਈ.ਆਰ. ਨੰਬਰ 152 ਦਰਜ ਕੀਤੀ ਗਈ ਹੈ। ਦੂਜੇ ਮਾਮਲੇ ਵਿੱਚ ਜ਼ਮੀਨ ਮਾਲਕ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਗ਼ੈਰ-ਕਾਨੂੰਨੀ ਮਾਈਨਿੰਗ ਵਿੱਚ ਵਰਤੀ ਜਾ ਰਹੀ ਟਾਟਾ ਹਿਟਾਚੀ ਏ.ਐਕਸ 110ਆਈ ਕੰਪਨੀ ਦੀ ਸੰਤਰੀ ਰੰਗ ਦੀ ਪੋਕਲੇਨ ਮਸ਼ੀਨ ਜ਼ਬਤ ਕਰਕੇ ਪੁਲਿਸ ਹਵਾਲੇ ਕੀਤੀ ਗਈ ਹੈ।
ਖਣਨ ਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਵਿਭਾਗ ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਪੁਲਿਸ ਨਾਲ ਮਿਲ ਕੇ ਨਿਰੰਤਰ ਕੰਮ ਕਰ ਰਿਹਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ ਦੇ ਨੁਕਸਾਨ ਨੂੰ ਰੋਕਣ ਲਈ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ ਅਤੇ ਮਾਈਨਿੰਗ ਗਤੀਵਿਧੀਆਂ ਨਿਰਧਾਰਤ ਨਿਯਮਾਂ ਤੇ ਕਾਨੂੰਨਾਂ ਅਨੁਸਾਰ ਚਲਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

---------

Mining-Dept-Cracks-Down-On-Illegal-Mining-In-Four-Operations-Across-Punjab-Seizes-Heavy-Machinery-And-Vehicles


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead ↑