October 24, 2026 13:48:17

ਕਿਸਾਨਾਂ ਨੂੰ 24 ਘੰਟਿਆਂ ‘ਚ ਫਸਲ ਦਾ ਭੁਗਤਾਨ ਕੀਤਾ ਜਾ ਰਿਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Oct23,2026 | Meenu Galhotra | Chandigarh

*ਮੰਡੀਆਂ ਵਿੱਚ ਫਸਲ ਦੇ ਭੰਡਾਰਨ ਲਈ ਥਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਮੰਡੀਆਂ ਵਿੱਚ ਪਏ ਅਨਾਜ ਦੀ ਢੋਆ-ਢੁਆਈ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਸਰਕਾਰ ਵੱਲੋਂ ਸਾਰੇ ਮਸਲੇ ਹੱਲ; ਕਿਸਾਨ ਅਤੇ ਆੜ੍ਹਤੀਏ ਬੇਹੱਦ ਖੁਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਝੋਨੇ ਦਾ ਵੱਧ ਝਾੜ ਕਿਸਾਨਾਂ ਲਈ ਇਸ ਦੀਵਾਲੀ ਨੂੰ ਖੁਸ਼ਹਾਲ ਬਣਾਏਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਪੁਰਾ ਮੰਡੀ ਦਾ ਕੀਤਾ ਦੌਰਾ; ਕਿਸਾਨਾਂ ਅਤੇ ਹੋਰ ਸਬੰਧਤ ਧਿਰਾਂ ਨਾਲ ਕੀਤੀ ਗੱਲਬਾਤ*


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਪੁਰਾ ਮੰਡੀ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ। ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਭੁਗਤਾਨ ਕੀਤਾ ਜਾ ਰਿਹਾ ਹੈ, ਅਨਾਜ ਦੀ ਢੋਆ-ਢੁਆਈ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਸਰਕਾਰ ਮੰਡੀਆਂ ਵਿੱਚ ਫਸਲ ਦੇ ਭੰਡਾਰਨ ਲਈ ਲੋੜੀਂਦੀ ਥਾਂ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ। ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਸਬੰਧਤ ਧਿਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪਸੀ ਤਾਲਮੇਲ ਨਾਲ ਸਾਰੇ ਅਹਿਮ ਮਸਲੇ ਹੱਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਚੰਗੀ ਪੈਦਾਵਾਰ ਕਿਸਾਨਾਂ ਲਈ ਦੀਵਾਲੀ ਨੂੰ ਹੋਰ ਖੁਸ਼ਹਾਲ ਬਣਾਏਗੀ। ਉਨ੍ਹਾਂ ਕਿਹਾ ਕਿ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ।
ਇਸ ਦੌਰੇ ਦੀ ਇੱਕ ਵੀਡੀਓ ਸਾਂਝੀ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਕਸ' ਅਕਾਊਂਟ 'ਤੇ ਲਿਖਿਆ: "ਪੰਜਾਬ ਦੇ ਕਿਸਾਨ ਭਰਾਵਾਂ ਦੀ ਦਿਨ-ਰਾਤ ਦੀ ਅਣਥੱਕ ਮਿਹਨਤ ਅੱਜ ਵਧੇਰੇ ਪੈਦਾਵਾਰ ਅਤੇ ਬਿਹਤਰ ਆਮਦਨ ਦੇ ਰੂਪ ਵਿੱਚ ਰੰਗ ਲਿਆ ਰਹੀ ਹੈ। ਖੇਤਾਂ ਤੋਂ ਲੈ ਕੇ ਮੰਡੀਆਂ ਤੱਕ, ਤੁਹਾਡੀ ਆਪਣੀ ਸਰਕਾਰ ਹਰ ਕਦਮ 'ਤੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਤਾਂ ਜੋ ਤੁਹਾਨੂੰ ਤੁਹਾਡੀ ਫਸਲ ਦਾ ਪੂਰਾ ਮੁੱਲ ਮਿਲ ਸਕੇ। ਸਾਡੇ ਕਿਸਾਨਾਂ ਦੀ ਖੁਸ਼ਹਾਲੀ ਹੀ ਪੰਜਾਬ ਦੀ ਤਰੱਕੀ ਹੈ।"
ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਅਨਾਜ ਮੰਡੀ ਦਾ ਦੌਰਾ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੀਰਵਾਰ ਤੱਕ ਸੂਬੇ ਭਰ ਦੀਆਂ ਮੰਡੀਆਂ ਵਿੱਚ 62.07 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 60.50 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ 12,969.01 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਕਿਹਾ, "ਜਿੱਥੇ ਵੀ ਝੋਨਾ ਪਹੁੰਚਿਆ ਹੈ, ਉੱਥੇ ਬਿਨਾਂ ਕਿਸੇ ਦੇਰੀ ਦੇ ਉਸ ਦੀ ਖਰੀਦ ਕੀਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਹੈ। ਇਹ ਬੇਹੱਦ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਸਾਰੀਆਂ ਸਬੰਧਤ ਧਿਰਾਂ ਖੁਸ਼ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਸਾਰੀ ਪ੍ਰਕਿਰਿਆ ਬਹੁਤ ਸੁਚਾਰੂ ਢੰਗ ਨਾਲ ਚੱਲ ਰਹੀ ਹੈ, ਜਿਸ ਵਿੱਚ ਸ਼ਾਮਲ ਸਾਰੀਆਂ ਧਿਰਾਂ ਵਿਚਕਾਰ ਸ਼ਾਨਦਾਰ ਤਾਲਮੇਲ, ਆਪਸੀ ਸਮਝ ਅਤੇ ਭਰੋਸਾ ਕਾਇਮ ਹੈ।"
ਮੁੱਖ ਮੰਤਰੀ ਨੇ ਕਿਹਾ, "ਇਸ ਸਾਲ ਝੋਨਾ ਸੁੱਕਾ ਹੈ ਅਤੇ ਫਸਲ ਦਾ ਝਾੜ ਵੀ ਉਤਸ਼ਾਹਜਨਕ ਰਿਹਾ ਹੈ। ਫਰੀਦਕੋਟ, ਸੰਗਰੂਰ ਅਤੇ ਗੁਰਦਾਸਪੁਰ ਵਰਗੇ ਇਲਾਕਿਆਂ ਵਿੱਚ ਬਾਸਮਤੀ ਦੀ ਪੈਦਾਵਾਰ ਬਹੁਤ ਵਧੀਆ ਰਹੀ ਹੈ। ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬਹੁਤ ਚੰਗੇ ਭਾਅ ਮਿਲ ਰਹੇ ਹਨ ਅਤੇ ਉਹ ਵਧੇਰੇ ਝਾੜ ਤੋਂ ਬਹੁਤ ਖੁਸ਼ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਚੋਖਾ ਵਾਧਾ ਹੋ ਰਿਹਾ ਹੈ।"
ਨਹਿਰੀ ਸਿੰਚਾਈ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਨਹਿਰੀ ਪਾਣੀ ਫਸਲਾਂ ਲਈ ਦੇਸੀ ਘਿਓ ਵਾਂਗ ਹੈ। ਇਹ ਆਪਣੇ ਨਾਲ ਜ਼ਰੂਰੀ ਪੌਸ਼ਟਿਕ ਤੱਤ ਅਤੇ ਜ਼ਰਖ਼ੇਜ਼ ਮਿੱਟੀ ਲਿਆਉਂਦਾ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਹੋਰ ਸੁਧਾਰ ਹੋਵੇਗਾ।’’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, ‘‘ਇਸ ਸਾਲ ਘੱਟ ਮੀਂਹ ਪੈਣ ਦੇ ਬਾਵਜੂਦ, ਧਰਤੀ ਹੇਠਲੇ ਪਾਣੀ ਦੀ ਵਰਤੋਂ ਘੱਟ ਹੋਈ ਹੈ ਕਿਉਂਕਿ ਨਹਿਰੀ ਪਾਣੀ ਲੋੜੀਂਦੀ ਮਾਤਰਾ ਵਿੱਚ ਉਪਲਬਧ ਕਰਵਾਇਆ ਗਿਆ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਆਪਣੇ ਧਰਤੀ ਹੇਠਲੇ ਪਾਣੀ ਦੇ ਕੀਮਤੀ ਸਰੋਤਾਂ ਦੀ ਸੰਭਾਲ ਕਰ ਰਿਹਾ ਹੈ।’’
ਅਨਾਜ ਮੰਡੀ ਦੇ ਦੌਰੇ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਅਕਸਰ ਰਾਜਪੁਰਾ ਅਨਾਜ ਮੰਡੀ ਦਾ ਦੌਰਾ ਕਰਦਾ ਰਹਿੰਦਾ ਹਾਂ। ਅੱਜ ਮੈਂ ਪਟਿਆਲੇ ਜਾਣਾ ਸੀ, ਪਰ ਇੱਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਕਿਸੇ ਨੂੰ ਕੋਈ ਦਿੱਕਤ ਤਾਂ ਪੇਸ਼ ਨਹੀਂ ਆ ਰਹੀ, ਮੈਂ ਇੱਥੇ ਰੁਕਣ ਦਾ ਫੈਸਲਾ ਕੀਤਾ।’’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘24 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਕਦ ਕਰਜ਼ਾ ਹੱਦ (ਸੀਸੀਐਲ) ਤਹਿਤ ਫੰਡ ਪ੍ਰਾਪਤ ਹੋ ਚੁੱਕੇ ਹਨ। ਸੂਬਾ ਸਰਕਾਰ, ਭਾਰਤੀ ਖ਼ੁਰਾਕ ਨਿਗਮ (ਐਫ਼ਸੀਆਈ) ਅਤੇ ਹੋਰ ਅਥਾਰਟੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਤਾਂ ਜੋ ਰਾਈਸ ਮਿੱਲਾਂ ਦੀ ਭੰਡਾਰਨ ਲਈ ਥਾਂ ਸਬੰਧੀ ਕਿਸੇ ਵੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।’’
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਤੋਂ ਅਨਾਜ ਦੀ ਢੋਆ-ਢੁਆਈ ਨੂੰ ਆਸਾਨ ਬਣਾਉਣ ਅਤੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।
ਦੀਵਾਲੀ ਦੇ ਤਿਉਹਾਰ ਪ੍ਰਤੀ ਆਸ ਪ੍ਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਇਹ ਦੀਵਾਲੀ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ, ਰਾਈਸ ਮਿੱਲ ਮਾਲਕਾਂ ਅਤੇ ਟਰਾਂਸਪੋਰਟਰਾਂ ਲਈ ਖਾਸ ਤੌਰ ’ਤੇ ਖੁਸ਼ੀਆਂ ਲੈ ਕੇ ਆਵੇਗੀ। ਸਾਰੀਆਂ ਧਿਰਾਂ ਆਪਸੀ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਤਿਉਹਾਰ ਸਾਰਿਆਂ ਲਈ ਖੁਸ਼ਹਾਲੀ ਲੈ ਕੇ ਆਵੇਗਾ।’’
————-

Farmers-Being-Paid-For-Their-Crops-Within-24-Hours-Cm-Bhagwant-Singh-Mann


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead ↑