*37.43 ਲੱਖ ਮਾਵਾਂ-ਭੈਣਾਂ ਦੇ ਖਾਤਿਆਂ 'ਚ ਸਿੱਧੇ 1,291 ਕਰੋੜ, ਵਿਰੋਧੀ ਧਿਰਾਂ ਨੂੰ ਮੂੰਹ-ਤੋੜ ਜਵਾਬ - 'ਆਪ' ਆਗੂ ਇੰਜੀਨੀਅਰ ਉਵੈਸ*
*ਔਰਤਾਂ ਦਾ ਸ਼ਕਤੀਕਰਨ ਹੀ ਪੰਜਾਬ ਦਾ ਅਸਲ ਵਿਕਾਸ, 'ਆਪ' ਸਰਕਾਰ ਨੇ ਕਰ ਦਿਖਾਇਆ ਉਹ ਜੋ ਪਿਛਲੀਆਂ ਸਰਕਾਰਾਂ ਸੋਚ ਵੀ ਨਹੀਂ ਸਕੀਆਂ - ਇੰਜੀਨੀਅਰ ਮੁਹੰਮਦ ਉਵੈਸ*
*ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜਨ ਵਾਲੀ ਦੇਸ਼ ਦੀ ਇਕਲੌਤੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ - ਮਾਲੇਰਕੋਟਲਾ ਤੋਂ 'ਆਪ' ਆਗੂ ਇੰਜੀਨੀਅਰ ਉਵੈਸ*
ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਨੌਜਵਾਨ ਆਗੂ ਇੰਜੀਨੀਅਰ ਮੁਹੰਮਦ ਉਵੈਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਪੰਜਾਬ ਭਰ ਦੀਆਂ 37.43 ਲੱਖ ਤੋਂ ਵੱਧ ਮਾਵਾਂ-ਭੈਣਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 1,291 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਟਰਾਂਸਫਰ ਕੀਤੇ ਜਾਣ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਉਹ ਕਰ ਵਿਖਾਇਆ ਹੈ ਜੋ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦਹਾਕਿਆਂ ਵਿੱਚ ਸੋਚ ਵੀ ਨਹੀਂ ਸਕੇ।
ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਨੌਜਵਾਨ ਆਗੂ ਇੰਜੀਨੀਅਰ ਮੁਹੰਮਦ ਉਵੈਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਫਿਰ ਪੰਜਾਬ ਦੀਆਂ ਔਰਤਾਂ ਦੇ ਮੋਬਾਈਲ ਫੋਨਾਂ 'ਤੇ 'ਟੂੰ-ਟੂੰ' ਦੇ ਸੁਨੇਹੇ ਗੂੰਜੇ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਬੀਤੇ ਦਿਨ ਅਬੋਹਰ ਵਿਖੇ ਵਿਸ਼ਾਲ ਇਕੱਠ ਦੌਰਾਨ 37.43 ਲੱਖ ਤੋਂ ਵੱਧ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 1,291 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਟਰਾਂਸਫਰ ਕੀਤੀ ਗਈ ਹੈ। ਇਹ ਰਕਮ ਮਾਲੇਰਕੋਟਲਾ ਸਮੇਤ ਪੂਰੇ ਪੰਜਾਬ ਦੀਆਂ ਮਾਵਾਂ-ਭੈਣਾਂ ਦੀ ਝੋਲੀ ਵਿੱਚ ਪਈ ਹੈ, ਜੋ ਭਗਵੰਤ ਮਾਨ ਸਰਕਾਰ ਦੀ ਔਰਤਾਂ ਪ੍ਰਤੀ ਬੇਮਿਸਾਲ ਵਚਨਬੱਧਤਾ ਦਾ ਸਬੂਤ ਹੈ।
ਇੰਜੀਨੀਅਰ ਮੁਹੰਮਦ ਉਵੈਸ ਨੇ ਕਿਹਾ ਕਿ ਇਹ ਸਕੀਮ ਮਹਿਜ਼ ਵਿੱਤੀ ਸਹਾਇਤਾ ਨਹੀਂ, ਸਗੋਂ ਇੱਕ 'ਸਮਾਜਿਕ ਇਨਕਲਾਬ' ਹੈ ਜੋ ਮਾਲੇਰਕੋਟਲਾ ਅਤੇ ਪੰਜਾਬ ਦੀਆਂ ਧੀਆਂ-ਭੈਣਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰ ਕੇ ਉਨ੍ਹਾਂ ਦੇ ਸਵੈ-ਮਾਣ ਨੂੰ ਵਧਾ ਰਹੀ ਹੈ। ਉਨ੍ਹਾਂ ਕਿਹਾ, "ਭਗਵੰਤ ਮਾਨ ਸਾਹਿਬ ਨੇ ਉਹ ਕੀਤਾ ਹੈ ਜੋ ਪਿਛਲੀਆਂ ਸਰਕਾਰਾਂ ਨੇ ਸਿਰਫ਼ ਸੁਪਨਿਆਂ ਵਿੱਚ ਵੀ ਨਹੀਂ ਸੋਚਿਆ, ਬਿਨਾਂ ਕਿਸੇ ਸ਼ਰਤ ਦੇ, ਬਿਨਾਂ ਕਿਸੇ ਸਿਆਸੀ ਭੇਦਭਾਵ ਦੇ, ਹਰ ਯੋਗ ਔਰਤ ਦੇ ਹੱਥ ਵਿੱਚ ਸਿੱਧਾ ਪੈਸਾ ਦੇ ਕੇ ਉਸ ਨੂੰ ਖ਼ੁਦਮੁਖਤਿਆਰ ਬਣਾਉਣਾ।"
ਅੰਕੜਿਆਂ ਦੀ ਗੱਲ ਕਰਦਿਆਂ ਇੰਜੀਨੀਅਰ ਉਵੈਸ ਨੇ ਦੱਸਿਆ ਕਿ ਸਰਕਾਰ ਪਹਿਲਾਂ ਹੀ ਇਸ ਸਕੀਮ ਤਹਿਤ 76.35 ਲੱਖ ਔਰਤਾਂ ਨੂੰ 2,643.71 ਕਰੋੜ ਰੁਪਏ ਵੰਡ ਚੁੱਕੀ ਸੀ ਅਤੇ ਅੱਜ ਦੀ ਕਿਸ਼ਤ ਨਾਲ ਕੁੱਲ ਵੰਡੀ ਗਈ ਰਾਸ਼ੀ 3,934.80 ਕਰੋੜ ਰੁਪਏ ਤੱਕ ਪਹੁੰਚ ਗਈ ਹੈ। 29 ਅਕਤੂਬਰ 2026 ਤੱਕ 80.05 ਲੱਖ ਔਰਤਾਂ ਰਜਿਸਟਰ ਹੋ ਚੁੱਕੀਆਂ ਹਨ ਅਤੇ ਸਰਕਾਰ ਇੱਕ ਕਰੋੜ ਔਰਤਾਂ ਨੂੰ ਕਵਰ ਕਰਨ ਦੇ ਵੱਡੇ ਟੀਚੇ ਵੱਲ ਤੇਜ਼ੀ ਨਾਲ ਵਧ ਰਹੀ ਹੈ। ਇਹ ਸਕੀਮ ਸਾਲਾਨਾ 12,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ, ਜੋ ਦੇਸ਼ ਵਿੱਚ ਔਰਤਾਂ ਦੇ ਵਿੱਤੀ ਸ਼ਕਤੀਕਰਨ ਦੀ ਸਭ ਤੋਂ ਵੱਡੀ ਪਹਿਲਕਦਮੀ ਹੈ।
ਇੰਜੀਨੀਅਰ ਉਵੈਸ ਨੇ ਕਿਹਾ, "ਇਸ ਸਕੀਮ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਸ ਵਿੱਚ ਪਰਿਵਾਰ ਅਧਾਰਤ ਕੋਈ ਬੰਦਿਸ਼ ਜਾਂ ਸ਼ਰਤ ਨਹੀਂ। ਜੇਕਰ ਇੱਕੋ ਪਰਿਵਾਰ ਵਿੱਚ ਤਿੰਨ ਯੋਗ ਔਰਤਾਂ ਹਨ ਤਾਂ ਤਿੰਨਾਂ ਨੂੰ ਹੀ ਲਾਭ ਮਿਲੇਗਾ। ਇਹ ਹੈ ਭਗਵੰਤ ਮਾਨ ਸਰਕਾਰ ਦੀ ਨੀਅਤ ਅਤੇ ਨੀਤੀ, ਸਾਫ਼, ਪਾਰਦਰਸ਼ੀ ਅਤੇ ਹਰ ਔਰਤ ਲਈ ਬਰਾਬਰ।"
ਮਾਲੇਰਕੋਟਲਾ ਦੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਇੰਜੀਨੀਅਰ ਉਵੈਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਅਗਲੀ ਕਿਸ਼ਤ 1 ਦਸੰਬਰ ਨੂੰ ਜਾਰੀ ਹੋਵੇਗੀ ਅਤੇ ਨਵੇਂ ਸਾਲ ਦੇ ਤੋਹਫ਼ੇ ਵਜੋਂ ਪਹਿਲੀ ਜਨਵਰੀ ਨੂੰ ਤਿੰਨ ਮਹੀਨਿਆਂ ਦੀ ਸਹਾਇਤਾ ਰਾਸ਼ੀ ਇਕੱਠੀ ਯੋਗ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੀਆਂ ਜਿਹੜੀਆਂ ਮਾਵਾਂ-ਭੈਣਾਂ ਅਜੇ ਰਜਿਸਟਰ ਨਹੀਂ ਹੋਈਆਂ, ਉਹ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾ ਕੇ ਇਸ ਯੋਜਨਾ ਦਾ ਲਾਭ ਲੈਣ, ਕਿਉਂਕਿ ਇਹ ਉਨ੍ਹਾਂ ਦਾ ਹੱਕ ਹੈ।
ਭਗਵੰਤ ਮਾਨ ਸਰਕਾਰ ਦੀਆਂ ਹੋਰ ਇਤਿਹਾਸਕ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਇੰਜੀਨੀਅਰ ਉਵੈਸ ਨੇ ਕਿਹਾ:
• ਰੁਜ਼ਗਾਰ: ਸਰਕਾਰ ਨੇ 70,685 ਸਰਕਾਰੀ ਨੌਕਰੀਆਂ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ 'ਤੇ ਦਿੱਤੀਆਂ ਹਨ, ਨਾ ਪੈਸੇ ਦਾ ਲੈਣ-ਦੇਣ, ਨਾ ਪੱਖਪਾਤ, ਨਾ ਸਿਆਸੀ ਸਿਫ਼ਾਰਸ਼।
• ਸਿਹਤ: ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 54 ਲੱਖ ਸਿਹਤ ਕਾਰਡ ਜਾਰੀ ਕੀਤੇ, ਆਮ ਆਦਮੀ ਕਲੀਨਿਕ ਸਥਾਪਤ ਕੀਤੇ ਅਤੇ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਯਕੀਨੀ ਬਣਾਇਆ।
• ਬਿਜਲੀ: 90 ਫੀਸਦੀ ਤੋਂ ਵੱਧ ਘਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਅਤੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ।
• ਨਹਿਰੀ ਸਿੰਜਾਈ: ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ 1,587 ਪਿੰਡਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ। ਨਹਿਰੀ ਸਿੰਜਾਈ 26 ਫੀਸਦੀ ਤੋਂ ਵੱਧ ਕੇ 80 ਫੀਸਦੀ ਅਤੇ ਰਕਬਾ 20.89 ਲੱਖ ਏਕੜ ਤੋਂ ਵੱਧ ਕੇ 60.30 ਲੱਖ ਏਕੜ ਹੋਇਆ। ਇਸ ਲਈ 7,200 ਕਰੋੜ ਰੁਪਏ ਖਰਚ ਕੀਤੇ।
• ਸੜਕਾਂ: 45,000 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਅਤੇ ਅਪਗ੍ਰੇਡੇਸ਼ਨ, ਟੋਲ ਪਲਾਜ਼ੇ ਬੰਦ ਕਰ ਕੇ ਲੋਕਾਂ ਦੀ ਰੋਜ਼ਾਨਾ 70 ਲੱਖ ਰੁਪਏ ਦੀ ਬਚਤ।
• ਸਿੱਖਿਆ: ਪੰਜਾਬ ਨੇ ਕੇਰਲਾ ਸਮੇਤ ਹੋਰ ਰਾਜਾਂ ਨੂੰ ਪਛਾੜਿਆ। ਸਰਕਾਰੀ ਸਕੂਲਾਂ ਤੋਂ ਨੀਟ ਪਾਸ ਵਿਦਿਆਰਥੀ 2021 ਵਿੱਚ 80 ਤੋਂ ਵੱਧ ਕੇ 2026 ਵਿੱਚ 882 ਹੋਏ ,11 ਗੁਣਾ ਵਾਧਾ!
• ਖੇਡਾਂ: ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੂਬੇ ਵਿੱਚ 3,100 ਸਟੇਡੀਅਮ ਬਣਾਏ ਜਾ ਰਹੇ ਹਨ।
ਇੰਜੀਨੀਅਰ ਮੁਹੰਮਦ ਉਵੈਸ ਨੇ ਕਿਹਾ, "ਭਗਵੰਤ ਮਾਨ ਸਰਕਾਰ ਲੋਕਾਂ ਦੇ ਟੈਕਸ ਦੇ ਇੱਕ-ਇੱਕ ਪੈਸੇ ਦੀ ਸੁਚੱਜੀ ਵਰਤੋਂ ਕਰ ਰਹੀ ਹੈ। ਲੋਕਾਂ ਦਾ ਪੈਸਾ ਵਿਕਾਸ, ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਨਹਿਰਾਂ ਰਾਹੀਂ ਲੋਕਾਂ ਕੋਲ ਹੀ ਵਾਪਸ ਜਾ ਰਿਹਾ ਹੈ। ਇਹੋ ਫ਼ਰਕ ਹੈ 'ਆਪ' ਸਰਕਾਰ ਅਤੇ ਪਿਛਲੀਆਂ ਸਰਕਾਰਾਂ ਵਿੱਚ।"
ਮਾਲੇਰਕੋਟਲਾ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਇੰਜੀਨੀਅਰ ਮੁਹੰਮਦ ਉਵੈਸ ਨੇ ਕਿਹਾ, "ਲੋਕਾਂ ਨੇ ਨਿੱਜੀ ਹਿੱਤਾਂ ਲਈ ਚਲਾਈ ਜਾਂਦੀ ਰਾਜਨੀਤੀ ਅਤੇ ਲੋਕ ਭਲਾਈ ਲਈ ਚਲਾਏ ਗਏ ਸ਼ਾਸਨ ਵਿੱਚ ਅੰਤਰ ਆਪਣੀਆਂ ਅੱਖਾਂ ਨਾਲ ਦੇਖ ਲਿਆ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਮਾਲੇਰਕੋਟਲਾ ਅਤੇ ਪੰਜਾਬ ਦੇ ਲੋਕ 2027 ਵਿੱਚ ਵਿਕਾਸ, ਪਾਰਦਰਸ਼ਤਾ ਅਤੇ ਲੋਕ ਭਲਾਈ ਵਾਲੀ ਰਾਜਨੀਤੀ ਦਾ ਸਮਰਥਨ ਕਰਕੇ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਸੇਵਾ ਦਾ ਮੌਕਾ ਦੇਣਗੇ ਅਤੇ ਵਿਰੋਧੀ ਪਾਰਟੀਆਂ ਦੇ ਗੁਮਰਾਹਕੁੰਨ ਪ੍ਰਚਾਰ ਦਾ ਮੂੰਹ-ਤੋੜ ਜਵਾਬ ਦੇਣਗੇ।"
ਉਨ੍ਹਾਂ ਕਿਹਾ, "'ਆਪ' ਸਰਕਾਰ ਪੰਜਾਬ ਦੀ ਤਰੱਕੀ, ਔਰਤਾਂ ਦੇ ਸ਼ਕਤੀਕਰਨ, ਹਰ ਘਰ ਦੀ ਭਲਾਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਸ਼ਹਾਲ ਭਵਿੱਖ ਸਿਰਜਣ ਲਈ ਅਣਥੱਕ ਮਿਹਨਤ ਕਰਦੀ ਰਹੇਗੀ। ਮਾਲੇਰਕੋਟਲਾ ਦੇ ਲੋਕਾਂ ਦੀ ਸੇਵਾ ਕਰਨਾ ਮੇਰੇ ਲਈ ਸਭ ਤੋਂ ਵੱਡਾ ਮਾਣ ਹੈ ਅਤੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਪਣੇ ਹਲਕੇ ਦੇ ਹਰ ਵਿਅਕਤੀ ਦੀ ਭਲਾਈ ਲਈ ਸਮਰਪਿਤ ਹਾਂ।"
------------------------------
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)