November 28, 2026 22:39:31

ਲੋਕ ਨਿਰਮਾਣ ਮੰਤਰੀ ਵੱਲੋਂ ਸੂਬੇ ਭਰ ਦੇ ਸਾਰੇ ਪੁਲਾਂ ਦੇ ਵਿਆਪਕ ਨਿਰੀਖਣ ਦੇ ਨਿਰਦੇਸ਼

Nov27,2026 | Meenu Galhotra | Chandigarh

ਪਟਿਆਲਾ ਜ਼ਿਲ੍ਹੇ ਵਿੱਚ ਕੌਮੀ ਰਾਜਮਾਰਗ ‘ਤੇ ਸਥਿਤ ਪੁਲ ਦੇ ਹਾਲ ਹੀ ਵਿੱਚ ਢਹਿ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ, ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੇ ਸਾਰੇ ਸੀਨੀਅਰ ਫੀਲਡ ਇੰਜੀਨੀਅਰਿੰਗ ਅਫ਼ਸਰਾਂ ਨੂੰ ਸੂਬੇ ਭਰ ਵਿੱਚ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਪੁਲਾਂ ਦਾ ਵਿਆਪਕ ਨਿਰੀਖਣ ਕਰਨ ਦੇ ਆਦੇਸ਼ ਦਿੱਤੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ-ਜਾਣ ਵਾਲੇ ਲੋਕਾਂ ਦੀ ਸੁਰੱਖਿਆ ਬੇਹੱਦ ਮਹੱਤਵਪੂਰਨ ਹੈ ਅਤੇ ਫੀਲਡ ਅਧਿਕਾਰੀਆਂ ਨੂੰ ਪੁਲਾਂ ਦੀ ਨੀਂਹ, ਖੰਭੇ, ਅਬਟਮੈਂਟ, ਡੈੱਕ ਅਤੇ ਹੋਰ ਮਹੱਤਵਪੂਰਨ ਹਿੱਸਿਆਂ ਸਮੇਤ ਢਾਂਚਾਗਤ ਸਥਿਤੀ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਕਿਸੇ ਵੀ ਤਰੇੜ ਜਾਂ ਢਾਂਚਾਗਤ ਖਰਾਬੀ ਦਾ ਤੁਰੰਤ ਮੁਲਾਂਕਣ ਕਰਕੇ ਜ਼ਰੂਰੀ ਰੋਕਥਾਮ ਉਪਾਅ ਕੀਤੇ ਜਾਣੇ ਚਾਹੀਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਵੀ ਲੋੜ ਹੋਵੇ, ਖਾਸ ਕਰਕੇ ਪੁਰਾਣੇ ਅਤੇ ਕਮਜ਼ੋਰ ਪੁਲਾਂ ਲਈ ਵਿਸ਼ੇਸ਼ ਏਜੰਸੀਆਂ, ਨਾਮਵਰ ਤਕਨੀਕੀ ਸੰਸਥਾਵਾਂ ਜਾਂ ਢਾਂਚਾਗਤ ਇੰਜੀਨੀਅਰਿੰਗ ਮਾਹਿਰਾਂ ਨੂੰ ਵਿਸਤ੍ਰਿਤ ਢਾਂਚਾਗਤ ਸੁਰੱਖਿਆ ਆਡਿਟ ਅਤੇ ਨਾਨ-ਡਿਸਟ੍ਰੱਕਟਿਵ ਟੈਸਟਿੰਗ ਕਰਨ ਦਾ ਕੰਮ ਸੌਂਪਿਆ ਜਾ ਸਕਦਾ ਹੈ।
ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਨਿਰੀਖਣ ਪਹਿਲ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੇ ਨਤੀਜਿਆਂ ਦੇ ਨਾਲ-ਨਾਲ ਜ਼ਰੂਰੀ ਮੁਰੰਮਤ, ਮਜ਼ਬੂਤੀ ਜਾਂ ਪੁਨਰਵਾਸ ਲਈ ਸਿਫ਼ਾਰਸ਼ਾਂ ਨੂੰ ਸਹੀ ਢੰਗ ਨਾਲ ਦਰਜ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਟਰਾਂਸਪੋਰਟ ਨੈੱਟਵਰਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਮੀਟਿੰਗ ਦੌਰਾਨ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਰਾਜ ਮਾਰਗਾਂ ਅਤੇ ਸੰਪਰਕ ਸੜਕਾਂ ਨਾਲ ਸਬੰਧਤ ਚੱਲ ਰਹੇ ਕਾਰਜਾਂ ਦੀ ਹਲਕਾ-ਵਾਰ ਅਤੇ ਡਿਵੀਜ਼ਨ-ਵਾਰ ਸਥਿਤੀ ਦਾ ਵੀ ਜਾਇਜ਼ਾ ਲਿਆ।
ਕਾਰਜਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਸੂਬੇ ਵਿੱਚ ਸੰਪਰਕ ਸੜਕਾਂ ਨਾਲ ਸਬੰਧਤ ਵੱਖ-ਵੱਖ ਪ੍ਰੋਜੈਕਟਾਂ ਜਿਵੇਂ ਕਿ ਐਸਏਐਸਸੀਆਈ, ਪੀਐਮਜੀਐਸਵਾਈ ਅਤੇ ਨਾਬਾਰਡ ਆਦਿ ਨੂੰ ਨਿਰਧਾਰਤ ਟੀਚਿਆਂ ਮੁਤਾਬਕ ਸਮੇਂ ਸਿਰ ਮੁਕੰਮਲ ਕੀਤਾ ਜਾਵੇ।
ਇਸ ਤੋਂ ਇਲਾਵਾ, ਸਰਦੀਆਂ ਦੇ ਮੌਸਮ ਵਿੱਚ ਧੁੰਦ ਦੌਰਾਨ ਸੜਕੀ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ, ਬਾਕੀ ਰਹਿੰਦੀਆਂ ਸੜਕਾਂ 'ਤੇ ਲੇਨ ਮਾਰਕਿੰਗ ਅਤੇ ਹੋਰ ਉਪਕਰਣ ਲਗਾਉਣ ਦੇ ਨਿਰਦੇਸ਼ ਦਿੱਤੇ ਗਏ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 45,000 ਕਿਲੋਮੀਟਰ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ।
ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸ੍ਰੀ ਰਵੀ ਭਗਤ, ਜੁਆਇੰਟ ਸਕੱਤਰ ਅਮਰਬੀਰ ਸਿੱਧੂ ਪੀਸੀਐਸ, ਇੰਜੀਨੀਅਰ-ਇਨ-ਚੀਫ਼ ਸ੍ਰੀ ਗਗਨਦੀਪ ਸਿੰਘ, ਮੁੱਖ ਇੰਜੀਨੀਅਰ ਸ੍ਰੀ ਅਰਸ਼ਦੀਪ ਸਿੰਘ, ਸੁਪਰਵਾਈਜ਼ਿੰਗ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਮੌਜੂਦ ਸਨ।
-----------

Pwd-Minister-Directs-Inspection-Of-All-Bridges-Across-Punjab


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead ↑