* ਭਗਵੰਤ ਮਾਨ ਸਰਕਾਰ ਨਾਲੋਂ ਵੱਧ ਸਨਾਤਨ ਧਰਮ ਲਈ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ: ਅਰਵਿੰਦ ਕੇਜਰੀਵਾਲ
* ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਸਮਾਗਮਾਂ ਵਿੱਚ ਸ਼ਰਧਾਲੂਆਂ ਦਾ ਵੱਡਾ ਇਕੱਠ ਹੋ ਰਿਹਾ ਹੈ: ਅਰਵਿੰਦ ਕੇਜਰੀਵਾਲ
* ਪੰਜਾਬ ਦੀ ਉਪਜਾਊ ਧਰਤੀ ’ਤੇ ਨਫ਼ਰਤ ਦਾ ਕੋਈ ਬੀਜ ਕਦੇ ਨਹੀਂ ਉੱਗ ਸਕਦਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਆਗੂਆਂ ਨੇ ਲੋਕਾਂ ਨੂੰ ਧਰਮ ਅਤੇ ਜਾਤ ਦੇ ਨਾਂ ’ਤੇ ਵੰਡਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪੰਜਾਬ ਕਦੇ ਨਹੀਂ ਵੰਡਿਆ ਗਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਪਹਿਲੀ ਦਸੰਬਰ ਨੂੰ ‘ਮਾਵਾਂ-ਧੀਆਂ’ ਦੇ ਮੋਬਾਈਲ ਫ਼ੋਨਾਂ ’ਤੇ ‘ਸਨਮਾਨ ਰਾਸ਼ੀ’ ਦੀ ‘ਟੂੰ-ਟੂੰ’ ਮੁੜ ਗੂੰਜੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਪਿਛਲੀਆਂ ਸਰਕਾਰਾਂ ਨੇ ਨੰਗਲ ਇਲਾਕੇ ਨਾਲ ਅਛੂਤਾਂ ਵਰਗਾ ਵਿਵਹਾਰ ਕੀਤਾ, ਅਸੀਂ ਇਸ ਨੂੰ ਬਣਦਾ ਮਾਣ-ਸਤਿਕਾਰ ਦਿੱਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੰਗਲ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਭਜਨ ਸੰਧਿਆ ਵਿੱਚ ਕੀਤੀ ਸ਼ਿਰਕਤ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨੰਗਲ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਭਜਨ ਸੰਧਿਆ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਸੂਬੇ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ’ਤੇ ਚਾਨਣਾ ਪਾਇਆ।
‘ਆਪ’ ਮੁਖੀ ਨੇ ਐਲਾਨ ਕੀਤਾ ਕਿ ਪਟਿਆਲਾ ਸਥਿਤ ਮਾਤਾ ਕਾਲੀ ਮੰਦਰ ਲਗਪਗ ਤਿਆਰ ਹੈ ਅਤੇ ਇਸ ਦਾ ਉਦਘਾਟਨ 13 ਦਸੰਬਰ ਨੂੰ ਕੀਤਾ ਜਾਵੇਗਾ, ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੂੰ ਧਰਮ ਜਾਂ ਜਾਤ ਦੇ ਆਧਾਰ ’ਤੇ ਵੰਡਣ ਦੀ ਕੋਈ ਵੀ ਕੋਸ਼ਿਸ਼ ਸੂਬੇ ਦੀ ਭਾਈਚਾਰਕ ਸਾਂਝ ਨੂੰ ਕਮਜ਼ੋਰ ਨਹੀਂ ਕਰ ਸਕਦੀ। ਸ਼ਰਧਾਲੂਆਂ ਦੇ ਇਸ ਵਿਸ਼ਾਲ ਇਕੱਠ ਦੌਰਾਨ ਦੋਵਾਂ ਆਗੂਆਂ ਨੇ ਕਿਹਾ ਕਿ ਹਰ ਧਰਮ ਦਾ ਸਤਿਕਾਰ ਕਰਨ ਅਤੇ ਰਲ-ਮਿਲ ਕੇ ਤਿਉਹਾਰ ਮਨਾਉਣ ਦੀ ਪੰਜਾਬ ਦੀ ਪਰੰਪਰਾ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਟੇਜ ’ਤੇ ਬਿਰਾਜਮਾਨ ਸੰਤਾਂ-ਮਹਾਂਪੁਰਸ਼ਾਂ ਅਤੇ ਧਾਰਮਿਕ ਆਗੂਆਂ ਦਾ ਸਵਾਗਤ ਕੀਤਾ ਅਤੇ ਇਸ ਸ਼ੁਭ ਮੌਕੇ ’ਤੇ ਆਸ਼ੀਰਵਾਦ ਦੇਣ ਲਈ ਸਮਾਂ ਕੱਢਣ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਭਗਤੀਮਈ ਸ਼ਾਮ ਦਾ ਹਿੱਸਾ ਬਣੇ ਪ੍ਰਸਿੱਧ ਗਾਇਕ ਕੈਲਾਸ਼ ਖੇਰ ਅਤੇ ਹੰਸਰਾਜ ਰਘੂਵੰਸ਼ੀ ਦਾ ਵੀ ਸਵਾਗਤ ਕੀਤਾ। ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ, “ਭਗਵੰਤ ਮਾਨ ਸਰਕਾਰ ਨੇ ਸਨਾਤਨ ਧਰਮ ਲਈ ਜਿੰਨਾ ਕੰਮ ਕੀਤਾ ਹੈ, ਉਹ ਬੇਮਿਸਾਲ ਹੈ। ਮੈਨੂੰ ਨਹੀਂ ਲੱਗਦਾ ਕਿ ਪੂਰੇ ਭਾਰਤ ਵਿੱਚ ਕਿਸੇ ਵੀ ਸਰਕਾਰ ਨੇ ਸਨਾਤਨ ਧਰਮ ਦੇ ਪੈਰੋਕਾਰਾਂ ਲਈ ਐਨਾ ਕੰਮ ਕੀਤਾ ਹੋਵੇ, ਜਿੰਨਾ ਭਗਵੰਤ ਮਾਨ ਸਰਕਾਰ ਨੇ ਕੀਤਾ ਹੈ।”
‘ਆਪ’ ਮੁਖੀ ਨੇ ਕਿਹਾ, “ਪੂਰੇ ਪੰਜਾਬ ਵਿੱਚ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਕਿਸੇ ਵੀ ਸਰਕਾਰ ਨੇ ਕਦੇ ਵੀ ਇੰਨੇ ਵੱਡੇ ਪੱਧਰ ’ਤੇ ਧਾਰਮਿਕ ਪ੍ਰੋਗਰਾਮ ਨਹੀਂ ਕਰਵਾਏ। ਜਿੱਥੇ ਵੀ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਉੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ ਅਤੇ ਭਜਨਾਂ ਰਾਹੀਂ ਭਗਵਾਨ ਸ਼ਿਵ ਦੀ ਭਗਤੀ ਦਾ ਆਨੰਦ ਮਾਣ ਰਹੇ ਹਨ।”
ਇਕੱਠ ਨਾਲ ਇੱਕ ਹੋਰ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਟਿਆਲਾ ਵਿਖੇ ਮਾਤਾ ਕਾਲੀ ਮੰਦਰ ਲਗਪਗ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ, “ਤੁਸੀਂ ਪਟਿਆਲਾ ਵਿੱਚ ਮਾਤਾ ਕਾਲੀ ਮੰਦਰ ਦੇ ਨਿਰਮਾਣ ਦੀ ਉਡੀਕ ਕਰ ਰਹੇ ਸੀ। ਮੈਨੂੰ ਇਹ ਦੱਸਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਮੰਦਰ ਲਗਪਗ ਤਿਆਰ ਹੈ ਅਤੇ ਇਸ ਦਾ ਉਦਘਾਟਨ 13 ਦਸੰਬਰ ਨੂੰ ਹੋਵੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਵੱਡੀ ਗਿਣਤੀ ਵਿੱਚ ਉਦਘਾਟਨ ਸਮਾਰੋਹ ਵਿੱਚ ਪਹੁੰਚਣ ਦੀ ਅਪੀਲ ਕਰਦਾ ਹਾਂ। ਜੇ ਤੁਸੀਂ ਉਸ ਦਿਨ ਨਹੀਂ ਆ ਸਕਦੇ ਤਾਂ ਬਾਅਦ ਵਿੱਚ ਮੰਦਰ ਦੇ ਦਰਸ਼ਨ ਜ਼ਰੂਰ ਕਰੋ, ਮਾਤਾ ਕਾਲੀ ਦਾ ਆਸ਼ੀਰਵਾਦ ਲਓ ਅਤੇ ਉਨ੍ਹਾਂ ਦੀ ਕਿਰਪਾ ਪ੍ਰਾਪਤ ਕਰੋ।”
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਵਿਸਥਾਰ ਬਾਰੇ ਦੱਸਦਿਆਂ ‘ਆਪ’ ਮੁਖੀ ਨੇ ਕਿਹਾ ਕਿ ਸਰਕਾਰ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਤਿੰਨ ਨਵੇਂ ਤੀਰਥ ਰੂਟ ਸ਼ਾਮਲ ਕੀਤੇ ਹਨ। ਉਨ੍ਹਾਂ ਕਿਹਾ, “ਪਹਿਲਾਂ ਇਸ ਯੋਜਨਾ ਤਹਿਤ ਲੋਕਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਸਨ। ਹੁਣ ਇਸ ਵਿੱਚ ਤਿੰਨ ਹੋਰ ਰੂਟ ਜੋੜੇ ਗਏ ਹਨ। ਲੋਕ ਹੁਣ ਸਾਲਾਸਰ ਬਾਲਾਜੀ ਅਤੇ ਖਾਟੂ ਸ਼ਿਆਮ, ਹਰਿਦੁਆਰ ਅਤੇ ਰਿਸ਼ੀਕੇਸ਼ ਅਤੇ ਮਥੁਰਾ ਤੇ ਵ੍ਰਿੰਦਾਵਨ ਦੇ ਦਰਸ਼ਨ ਕਰ ਸਕਦੇ ਹਨ। ਜਿਨ੍ਹਾਂ ਨੇ ਪਹਿਲਾਂ ਹੀ ਇਹ ਯਾਤਰਾਵਾਂ ਕੀਤੀਆਂ ਹਨ, ਉਹ ਤੁਹਾਨੂੰ ਦੱਸ ਸਕਦੇ ਹਨ ਕਿ ਉਨ੍ਹਾਂ ਦਾ ਤਜਰਬਾ ਕਿੰਨਾ ਸ਼ਾਨਦਾਰ ਰਿਹਾ ਹੈ। ਇਸ ਲਈ ਲੰਬੀ ਉਡੀਕ ਸੂਚੀ ਹੈ ਅਤੇ ਮੈਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਾ ਹਾਂ, ਜਿਨ੍ਹਾਂ ਨੇ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਹ ਆਪਣੇ ਨਾਮ ਦਰਜ ਕਰਵਾਉਣ ਅਤੇ ਇਸ ਯੋਜਨਾ ਦਾ ਲਾਭ ਉਠਾਉਣ।”
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਪਛਾਣ ਇਸ ਦੇ ਸੱਭਿਆਚਾਰ, ਰਵਾਇਤਾਂ ਅਤੇ ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਆਪਸੀ ਸਤਿਕਾਰ ਵਿੱਚ ਵਸੀ ਹੋਈ ਹੈ। ਉਨ੍ਹਾਂ ਕਿਹਾ, “ਇਹ ਪੰਜਾਬ ਹੈ, ਜਿੱਥੇ ਸਾਰੇ ਧਾਰਮਿਕ ਜੈਕਾਰੇ ਅਤੇ ਨਾਅਰੇ ਇਕੱਠੇ ਗੂੰਜਦੇ ਹਨ। ਪੰਜਾਬ ਬਹੁਤ ਹੀ ਉਪਜਾਊ ਧਰਤੀ ਹੈ। ਇਸ ਮਿੱਟੀ ਵਿੱਚ ਲਗਪਗ ਹਰ ਬੀਜ ਉੱਗ ਸਕਦਾ ਹੈ, ਪਰ ਨਫ਼ਰਤ ਦਾ ਬੀਜ ਇੱਥੇ ਕਦੇ ਜੜ੍ਹ ਨਹੀਂ ਫੜ ਸਕਦਾ। ਸਾਡੀ ਰਾਮ ਨੌਮੀ ਸਾਂਝੀ ਹੈ, ਸਾਡੇ ਗੁਰਪੁਰਬ ਸਾਂਝੇ ਹਨ, ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਾਂਝੇ ਹਨ ਅਤੇ ਸਾਡੀ ਈਦ ਵੀ ਸਾਂਝੀ ਹੈ। ਸਾਡੇ ਸਾਰੇ ਤਿਉਹਾਰ ਸਭ ਦੇ ਸਾਂਝੇ ਹਨ।”
ਭਾਈਚਾਰਕ ਸਾਂਝ ਦੀ ਭਾਵਨਾ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਇੱਕ-ਦੂਜੇ ਦੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਹਰ ਧਰਮ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ, “ਅਸੀਂ ਇੱਥੇ ਇੱਕ-ਦੂਜੇ ਦੇ ਧਾਰਮਿਕ ਤਿਉਹਾਰਾਂ ਵਿੱਚ ਸ਼ਾਮਲ ਹੋਣ ਲਈ ਆਏ ਹਾਂ। ਅੱਜ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਬੈਠੇ ਹਨ। ਜਿੱਥੇ ਤੁਹਾਡਾ ਦਿਲ ਕਰਦਾ ਹੈ, ਉੱਥੇ ਜਾਓ ਅਤੇ ਜਿੱਥੇ ਤੁਹਾਡੀ ਸ਼ਰਧਾ ਹੈ, ਉੱਥੇ ਸਿਰ ਝੁਕਾਓ। ਇਹੀ ਪੰਜਾਬ ਦੀ ਖ਼ੂਬਸੂਰਤੀ ਹੈ। ਅੱਜ ਤੁਸੀਂ ਜੋ ਪਿਆਰ ਦਿਖਾਇਆ ਹੈ, ਉਹ ਸਾਡੇ ਭਾਈਚਾਰੇ ਅਤੇ ਸਾਂਝੇ ਸੱਭਿਆਚਾਰ ਦਾ ਪ੍ਰਤੀਬਿੰਬ ਹੈ।”
ਧਰਮ ਅਤੇ ਜਾਤ ਦੇ ਆਧਾਰ ’ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨ ਵਾਲੇ ਸਿਆਸੀ ਆਗੂਆਂ ’ਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਕਦੇ ਵੀ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਤੋੜਨ ਵਿੱਚ ਕਾਮਯਾਬ ਨਹੀਂ ਹੋਈਆਂ। ਉਨ੍ਹਾਂ ਕਿਹਾ, “ਇਨ੍ਹਾਂ ਸਿਆਸਤਦਾਨਾਂ ਨੇ ਧਰਮ ਅਤੇ ਜਾਤ ਦੇ ਨਾਂ ’ਤੇ ਲੋਕਾਂ ਨੂੰ ਵੰਡਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ, ਪਰ ਪੰਜਾਬ ਕਦੇ ਨਹੀਂ ਵੰਡਿਆ ਗਿਆ। ਪੰਜਾਬ ਕਦੇ ਵੰਡਿਆ ਜਾ ਵੀ ਨਹੀਂ ਸਕਦਾ। ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਅਤੇ ਮਿਲ-ਜੁਲ ਕੇ ਰਹਿਣ ਵਿੱਚ ਵਿਸ਼ਵਾਸ ਰੱਖਦੇ ਹਾਂ। ਕੱਲ੍ਹ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਸੀ ਅਤੇ ਅੱਜ ਅਸੀਂ ਭਗਤੀ ਭਜਨਾਂ ਰਾਹੀਂ ਸਨਾਤਨ ਪਰੰਪਰਾਵਾਂ ਦੀ ਮਹਿਮਾ ਦਾ ਜਸ਼ਨ ਮਨਾਉਣ ਲਈ ਇੱਥੇ ਹਾਂ। ਇਹੀ ਅਸਲੀ ਪੰਜਾਬ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੀਆਂ ਸਰਕਾਰਾਂ ਵੱਲੋਂ ਨੰਗਲ ਇਲਾਕੇ ਦੀ ਇਤਿਹਾਸਕ ਅਣਦੇਖੀ ਬਾਰੇ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਇਸ ਇਲਾਕੇ ਨੂੰ ਉਹ ਧਿਆਨ ਅਤੇ ਸਤਿਕਾਰ ਮਿਲੇ, ਜਿਸ ਦਾ ਇਹ ਹੱਕਦਾਰ ਹੈ। ਉਨ੍ਹਾਂ ਕਿਹਾ, “ਪਹਿਲਾਂ ਬਹੁਤ ਘੱਟ ਲੋਕ ਇਸ ਇਲਾਕੇ ਵਿੱਚ ਆਉਂਦੇ ਸਨ। ਇਸ ਨੂੰ ਪੰਜਾਬ ਦਾ ਇੱਕ ਦੂਰ-ਦੁਰਾਡਾ ਕੋਨਾ ਸਮਝਿਆ ਜਾਂਦਾ ਸੀ ਅਤੇ ਚੋਣਾਂ ਤੋਂ ਬਾਅਦ ਸਿਆਸੀ ਆਗੂ ਵੀ ਇੱਥੇ ਨਹੀਂ ਆਉਂਦੇ ਸਨ। ਲੋਕਾਂ ਤੋਂ ਸਿਰਫ਼ ਵੋਟਾਂ ਪਾਉਣ ਦੀ ਉਮੀਦ ਕੀਤੀ ਜਾਂਦੀ ਸੀ, ਜਦੋਂ ਕਿ ਉਨ੍ਹਾਂ ਦਾ ਇਲਾਕਾ ਅਣਗੌਲਿਆ ਹੀ ਰਹਿੰਦਾ ਸੀ। ਅਸੀਂ ਇਸ ਨੂੰ ਬਦਲ ਦਿੱਤਾ ਹੈ। ਤੁਹਾਡੇ ਇਲਾਕੇ ਨੂੰ ਹੁਣ ਉਹ ਸਤਿਕਾਰ ਅਤੇ ਪਛਾਣ ਮਿਲੀ ਹੈ, ਜਿਸ ਦਾ ਇਹ ਹੱਕਦਾਰ ਸੀ।”
ਨੰਗਲ ਦੀ ਰਣਨੀਤਕ ਅਤੇ ਵਾਤਾਵਰਣਕ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਇਲਾਕਾ ਸੂਬੇ ਦੀਆਂ ਜੀਵਨ-ਰੇਖਾਵਾਂ, ਜਿਵੇਂ ਕਿ ਸਤਲੁਜ ਦਰਿਆ ਅਤੇ ਭਾਖੜਾ ਡੈਮ ਨਾਲ ਨੇੜਿਓਂ ਜੁੜਿਆ ਹੋਇਆ ਹੈ। ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, “ਗੁਰੂ ਸਾਹਿਬ ਨੇ ਸਾਨੂੰ ਕੁਦਰਤ ਅਤੇ ਇਸ ਦੇ ਸਰੋਤਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ। ਸਤਲੁਜ ਅਤੇ ਭਾਖੜਾ ਇਸ ਇਲਾਕੇ ਨਾਲ ਨੇੜਿਓਂ ਜੁੜੇ ਹੋਏ ਹਨ ਅਤੇ ਤੁਸੀਂ ਪੰਜਾਬ ਦੀ ਜੀਵਨ-ਰੇਖਾ ਦਾ ਇੱਕ ਅਹਿਮ ਹਿੱਸਾ ਹੋ।”
ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਅਤੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ ਲਗਪਗ 78,000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ, “ਇਨ੍ਹਾਂ ਭਰਤੀਆਂ ਵਿੱਚ ਕੋਈ ਵੀ ਇੱਕ ਰੁਪਏ ਦੇ ਭ੍ਰਿਸ਼ਟਾਚਾਰ ਵੱਲ ਵੀ ਉਂਗਲ ਨਹੀਂ ਉਠਾ ਸਕਦਾ। ਸਾਡੀ ਸਰਕਾਰ ਨੇ ਘਰਾਂ ਲਈ ਮੁਫ਼ਤ ਬਿਜਲੀ ਯਕੀਨੀ ਬਣਾਈ ਹੈ ਅਤੇ ਅਸੀਂ ਇਹ ਵੀ ਯਕੀਨੀ ਬਣਾ ਰਹੇ ਹਾਂ ਕਿ ਉਨ੍ਹਾਂ ਇਲਾਕਿਆਂ ਦੇ ਕਿਸਾਨਾਂ ਤੱਕ ਨਹਿਰੀ ਪਾਣੀ ਪਹੁੰਚੇ, ਜੋ ਦਹਾਕਿਆਂ ਤੋਂ ਇਸ ਤੋਂ ਵਾਂਝੇ ਸਨ।”
ਪਹਿਲਾਂ ਅਣਗੌਲੇ ਰਹੇ ਕੰਢੀ ਅਤੇ ਚੰਗਰ ਇਲਾਕਿਆਂ ਵਿੱਚ ਨਹਿਰੀ ਪਾਣੀ ਦੀ ਉਪਲਬਧਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਲਾਂ ਤੱਕ ਲੋਕਾਂ ਨੂੰ ਇਹੀ ਦੱਸਿਆ ਜਾਂਦਾ ਰਿਹਾ ਕਿ ਨਹਿਰਾਂ ਬਣ ਗਈਆਂ ਹਨ, ਪਰ ਪਾਣੀ ਕਦੇ ਉਨ੍ਹਾਂ ਦੇ ਖੇਤਾਂ ਤੱਕ ਨਹੀਂ ਪਹੁੰਚਿਆ। 40 ਤੋਂ 50 ਸਾਲਾਂ ਬਾਅਦ ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਨੂੰ ਆਖ਼ਰਕਾਰ ਨਹਿਰੀ ਪਾਣੀ ਮਿਲ ਰਿਹਾ ਹੈ। ਚੰਗਰ ਇਲਾਕੇ ਅਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ਹੁਣ ਪਾਣੀ ਮਿਲ ਰਿਹਾ ਹੈ। ਇਸ ਨਾਲ ਫ਼ਸਲਾਂ ਦਾ ਝਾੜ ਵਧਿਆ ਹੈ ਅਤੇ ਵਾਹੀਯੋਗ ਜ਼ਮੀਨ ਦੀ ਕੀਮਤ ਵੀ ਵਧੀ ਹੈ। ਸਾਡੀ ਵਚਨਬੱਧਤਾ ਹੈ ਕਿ ਵਿਕਾਸ ਸਿਰਫ਼ ਕੁਝ ਚੋਣਵੇਂ ਇਲਾਕਿਆਂ ਤੱਕ ਸੀਮਤ ਨਾ ਰਹੇ, ਸਗੋਂ ਹਰ ਖੇਤਰ ਤੱਕ ਪਹੁੰਚੇ।”
ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਪਣੇ ਮੋਬਾਈਲ ਫ਼ੋਨ ਆਪਣੇ ਕੋਲ ਰੱਖੋ। ਕਿਸੇ ਹੋਰ ਨੂੰ ਆਪਣੇ ਫ਼ੋਨ ਦਾ ਕੰਟਰੋਲ ਨਾ ਲੈਣ ਦਿਓ ਜਾਂ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਨਾ ਕਢਵਾਉਣ ਦਿਓ। ਇਹ ਪੈਸਾ ਤੁਹਾਡਾ ਹੈ ਅਤੇ ਇਸ ’ਤੇ ਤੁਹਾਡਾ ਪੂਰਾ ਕੰਟਰੋਲ ਹੋਣਾ ਚਾਹੀਦਾ ਹੈ। ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਪੈਸਿਆਂ ਦੀ ਮੰਗ ਨਾਲ ਜੂਝਣਾ ਪੈਂਦਾ ਸੀ, ਪਰ ਹੁਣ ਔਰਤਾਂ ਨੂੰ ਸਿੱਧੀ ਵਿੱਤੀ ਸਹਾਇਤਾ ਮਿਲ ਰਹੀ ਹੈ। ਇਹ ਮਾਵਾਂ ਅਤੇ ਧੀਆਂ ਨੂੰ ਆਰਥਿਕ ਆਜ਼ਾਦੀ ਅਤੇ ਸਵੈ-ਮਾਣ ਦੇਣ ਦਾ ਉਪਰਾਲਾ ਹੈ।”
ਆਪਣੇ ਸੰਬੋਧਨ ਦੇ ਅੰਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੰਗਲ ਦੇ ਲੋਕਾਂ ਦਾ ਭਰਵੀਂ ਸ਼ਮੂਲੀਅਤ ਅਤੇ ਪਿਆਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਸਮਾਜ ਦੇ ਹਰ ਵਰਗ ਦੀ ਸੇਵਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵਿਕਾਸ, ਸਤਿਕਾਰ ਅਤੇ ਮੌਕੇ ਪੰਜਾਬ ਦੇ ਹਰ ਕੋਨੇ ਤੱਕ ਪਹੁੰਚਣ।
*ਕੈਲਾਸ਼ ਖੇਰ ਅਤੇ ਹੰਸਰਾਜ ਰਘੂਵੰਸ਼ੀ ਨੇ ਭਗਵਾਨ ਸ਼ਿਵ ਨੂੰ ਸਮਰਪਿਤ ਰੂਹਾਨੀ ਭਜਨਾਂ ਨਾਲ ਸ਼ਰਧਾਲੂਆਂ ਨੂੰ ਕੀਤਾ ਮੰਤਰ-ਮੁਗਧ*
ਪ੍ਰਸਿੱਧ ਗਾਇਕ ਕੈਲਾਸ਼ ਖੇਰ ਅਤੇ ਹੰਸਰਾਜ ਰਘੂਵੰਸ਼ੀ ਨੇ ਭਗਵਾਨ ਸ਼ਿਵ ਨੂੰ ਸਮਰਪਿਤ ਭਜਨਾਂ ਦੀ ਆਪਣੀ ਰੂਹਾਨੀ ਪੇਸ਼ਕਾਰੀ ਨਾਲ ਇਕੱਠ ਨੂੰ ਮੰਤਰ-ਮੁਗਧ ਕਰ ਦਿੱਤਾ। ਉਨ੍ਹਾਂ ਦੀਆਂ ਦਮਦਾਰ ਪੇਸ਼ਕਾਰੀਆਂ ਨੇ ਸ਼ਰਧਾ ਅਤੇ ਅਧਿਆਤਮਿਕ ਉਤਸ਼ਾਹ ਦਾ ਮਾਹੌਲ ਸਿਰਜ ਦਿੱਤਾ, ਜਿੱਥੇ ਹਜ਼ਾਰਾਂ ਸ਼ਰਧਾਲੂ ਸੰਗੀਤ ਵਿੱਚ ਲੀਨ ਹੋ ਗਏ ਅਤੇ ਸ਼ਰਧਾ ਤੇ ਭਗਤੀ ਭਾਵਨਾ ਨਾਲ ਇਸ ਸ਼ਾਮ ਦਾ ਆਨੰਦ ਮਾਣਿਆ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)