— ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
— ਜਾਂਚ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮਨਿੰਦਰ ਨੇ ਹਥਿਆਰਾਂ ਦਾ ਕੀਤਾ ਸੀ ਪ੍ਰਬੰਧ: ਡੀਜੀਪੀ ਗੌਰਵ ਯਾਦਵ
— ਇਸ ਮਾਮਲੇ ਦੀ ਹੋਰ ਜਾਂਚ ਜਾਰੀ, ਹੋਰ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ: ਐਸਐਸਪੀ ਜਲੰਧਰ ਦਿਹਾਤੀ ਗੁਰਮੀਤ ਸਿੰਘ
ਚੰਡੀਗੜ੍ਹ/ਜਲੰਧਰ, 30 ਮਾਰਚ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਜਲੰਧਰ ਵਿੱਚ ਯੂਟਿਊਬਰ ਦੇ ਘਰ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਇੱਕ ਹੋਰ ਗ੍ਰਿਫ਼ਤਾਰੀ ਕੀਤੀ ਹੈ, ਜਿਸ ਨਾਲ ਇਸ ਮਾਮਲੇ ਵਿੱਚ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ ਸੱਤ ਹੋ ਗਈ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦਿਆਂ, ਜਲੰਧਰ ਦਿਹਾਤੀ ਪੁਲਿਸ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਜਲੰਧਰ ਦੇ ਅਲੀਚੱਕ ਦੇ ਰਹਿਣ ਵਾਲੇ ਮਨਿੰਦਰ ਉਰਫ਼ ਬੌਬੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, 15 ਅਤੇ 16 ਮਾਰਚ, 2025 ਦੀ ਦਰਮਿਆਨੀ ਰਾਤ ਨੂੰ ਕੁਝ ਵਿਅਕਤੀਆਂ ਨੇ ਯੂਟਿਊਬਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਰੋਜਰ ਸੰਧੂ ਦੇ ਪਿੰਡ ਰਾਏਪੁਰ ਰਸੂਲਪੁਰ, ਜਲੰਧਰ ਸਥਿਤ ਘਰ 'ਤੇ ਹਮਲਾ ਕੀਤਾ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਮਨਿੰਦਰ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ ਅਤੇ ਉਸਨੇ ਇਹ ਹਥਿਆਰ ਦੋਸ਼ੀ ਰੋਹਿਤ ਬਸਰਾ, ਜਿਸਨੇ 8 ਮਾਰਚ ਨੂੰ ਜੰਡੂ ਸਿੰਘਾ ਵਿਖੇ ਅੰਮ੍ਰਿਤਪ੍ਰੀਤ ਅਤੇ ਧੀਰਜ ਨੂੰ ਹਥਿਆਰ ਮੁਹੱਈਆ ਕਰਵਾਏ ਸਨ, ਨੂੰ ਸੌਂਪੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਮਨਿੰਦਰ ਵਿਰੁੱਧ ਅਸਲਾ ਐਕਟ ਤਹਿਤ ਕਈ ਮਾਮਲੇ ਦਰਜ ਹਨ। ਡੀਜੀਪੀ ਨੇ ਦੱਸਿਆ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ। ਇਹ ਸਫਲਤਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸ਼ਾਮਲ ਛੇ ਮੁਲਜ਼ਮਾਂ ਜਿਨ੍ਹਾਂ ਵਿੱਚ ਅੰਮ੍ਰਿਤਪ੍ਰੀਤ ਸਿੰਘ ਉਰਫ਼ ਸੁੱਖਾ, ਹਾਰਦਿਕ ਕੰਬੋਜ, ਧੀਰਜ ਕੁਮਾਰ, ਸੰਤੋਸ਼ ਕੁਮਾਰ ਉਰਫ਼ ਪਾਂਡੇ, ਲਛਮੀ ਅਤੇ ਰੋਹਿਤ ਬਸਰਾ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਕਰਨ ਤੋਂ ਕੁਝ ਦਿਨਾਂ ਬਾਅਦ ਪ੍ਰਾਪਤ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ, ਦੋ .32 ਬੋਰ ਦੇ ਪਿਸਤੌਲਾਂ ਸਮੇਤ ਗੋਲੀ-ਸਿੱਕਾ ਅਤੇ ਤਿੰਨ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਹੋਰ ਜਾਣਕਾਰੀ ਸਾਂਝੀ ਕਰਦਿਆਂ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਜਲੰਧਰ ਦਿਹਾਤੀ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਮਨਿੰਦਰ ਦੇ ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚਣ ਬਾਰੇ ਮਿਲੀ ਭਰੋਸੇਯੋਗ ਸੂਹ ‘ਤੇ ਕਾਰਵਾਈ ਕਰਦਿਆਂ ਜਲੰਧਰ ਦਿਹਾਤੀ ਤੋਂ ਪੁਲਿਸ ਟੀਮਾਂ ਤੁਰੰਤ ਚੰਡੀਗੜ੍ਹ ਰਵਾਨਾ ਹੋਈਆਂ ਅਤੇ ਦੋਸ਼ੀ ਦੇ ਹਵਾਈ ਅੱਡੇ 'ਤੇ ਪਹੁੰਚਣ 'ਤੇ ਉਸਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
Attack-On-Youtuber-s-House-Punjab-Police-Arrests-7th-Accused-From-Chandigarh-Airport
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)