March 15, 2026 00:59:39

ਪੰਜਾਬ ਵਿੱਚ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਪੈਸੇ ਵਸੂਲਣ ਵਾਲੇ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼; 3.49 ਲੱਖ ਰੁਪਏ, 500 ਡਾਲਰ ਸਮੇਤ ਤਿੰਨ ਕਾਬੂ

Mar10,2026 | Abhi | Chandigarh

*— ਪੁਲਿਸ ਟੀਮਾਂ ਨੇ 29 ਮੋਬਾਈਲ ਫ਼ੋਨ, ਇੱਕ ਲੈਪਟਾਪ, ਇੱਕ ਟੈਬ, ਆਦਿ ਵੀ ਕੀਤੇ ਬਰਾਮਦ*
*— ਪੀੜਤਾਂ ਨੂੰ ਨਿਸ਼ਾਨਾ ਬਣਾਉਣ ਲਈ ਮੁਲਜ਼ਮਾਂ ਨੇ ਵਰਤੇ ਵੌਇਸ-ਚੇਂਜਿੰਗ ਸੌਫਟਵੇਅਰ, ਜਾਅਲੀ ਪ੍ਰੋਫਾਈਲ; ਏਆਈ-ਜਨਰੇਟਿਡ ਇਤਰਾਜ਼ਯੋਗ ਵੀਡੀਓਜ਼ ਨੂੰ ਪ੍ਰਕਾਸ਼ਿਤ ਕਰਨ ਦੀ ਧਮਕੀ ਦੇ ਕੇ ਪੈਸੇ ਵਸੂਲੇ: ਡੀਜੀਪੀ ਪੰਜਾਬ ਗੌਰਵ ਯਾਦਵ*
*— ਇਸ ਰੈਕੇਟ ਨੇ ਇਹਨਾਂ ਤਰੀਕਿਆਂ ਨਾਲ ਲਗਭਗ 40 ਲੱਖ ਠੱਗੇ: ਸਪੈਸ਼ਲ ਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ*

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸੋਸ਼ਲ ਮੀਡੀਆ 'ਤੇ ਔਰਤਾਂ ਬਣ ਕੇ ਅਣਜਾਣ ਪੀੜਤਾਂ ਨਾਲ ਧੋਖਾਧੜੀ ਕਰਨ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਵਾਲੇ ਅੰਤਰ-ਰਾਜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਭਿਸ਼ੇਕ ਭਾਰਗਵ, ਆਕਾਸ਼ ਭਾਰਗਵ ਉਰਫ਼ ਅਮਨ ਅਤੇ ਲੱਕੀ ਭਾਰਗਵ ਤਿੰਨੋਂ ਵਾਸੀ ਝੁੰਝੁਨੂ, ਰਾਜਸਥਾਨ ਵਜੋਂ ਹੋਈ ਹੈ ਜੋ ਤਿੰਨੋ ਭਰਾ ਹਨ ਅਤੇ ਮੌਜੂਦਾ ਸਮੇਂ ਇਹ ਸੈਕਟਰ 70, ਐਸਏਐਸ ਨਗਰ (ਮੋਹਾਲੀ) ਵਿਖੇ ਰਹਿ ਰਹੇ ਸਨ।
ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3.49 ਲੱਖ ਰੁਪਏ ਦੀ ਨਕਦੀ, 500 ਅਮਰੀਕੀ ਡਾਲਰ, 29 ਮੋਬਾਈਲ ਫੋਨ, ਇੱਕ ਲੈਪਟਾਪ, ਇੱਕ ਡੌਂਗਲ, ਇੱਕ ਟੈਬਲੇਟ ਅਤੇ ਮੋਬਾਈਲ ਫੋਨਾਂ ਦੇ 38 ਖਾਲੀ ਡੱਬੇ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੇ ਇੰਸਟਾਗ੍ਰਾਮ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਔਰਤਾਂ ਬਣਕੇ ਫਰਜ਼ੀ ਪ੍ਰੋਫਾਈਲ ਬਣਾਏ ਹੋਏ ਸਨ ਅਤੇ ਇਹਨਾਂ ਰਾਹੀਂ ਆਪਣੇ ਟਾਰਗੇਟ ਨਾਲ ਸੰਪਰਕ ਕਰਦੇ ਸਨ। ਉਨ੍ਹਾਂ ਦੱਸਿਆ, "ਦੋਸ਼ੀ ਆਪਣੇ ਟਾਰਗੇਟ, ਖਾਸ ਕਰਕੇ ਔਰਤਾਂ ਦਾ ਵਿਸ਼ਵਾਸ ਜਿੱਤਣ ਕਰਨ ਲਈ ਔਰਤਾਂ ਵਰਗੀ ਆਵਾਜ਼ ਕੱਢਣ ਵਾਸਤੇ ਆਵਾਜ਼ ਬਦਲਣ ਵਾਲੇ ਸਾਫਟਵੇਅਰ ਦੀ ਵਰਤੋਂ ਕਰਦੇ ਸਨ। ਫਿਰ ਉਹ ਪੀੜਤਾਂ ਦੇ ਏਆਈ ਦੁਆਰਾ ਤਿਆਰ ਕੀਤੇ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕਰਨ ਦੀ ਧਮਕੀ ਦੇ ਕੇ ਪੈਸੇ ਵਸੂਲਦੇ ਸਨ।"
ਇਸ ਆਪਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਦੱਸਿਆ ਕਿ ਇੱਕ ਪੀੜਤ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਪੀੜਤ ਨਾਲ ਸਾਲ 2023 ਅਤੇ 2025 ਦੇ ਵਿਚਕਾਰ ਉਸ ਸਮੇਂ 3.10 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ, ਜਦੋਂ ਉਹ ਕੈਨੇਡਾ ਵਿੱਚ ਰਹਿ ਰਹੀ ਸੀ।
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਐਸਪੀ ਜਸਪਿੰਦਰ ਸਿੰਘ ਦੀ ਨਿਗਰਾਨੀ ਹੇਠ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਐਸਐਚਓ ਅਮਨਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਸਰਗਨਾ ਆਕਾਸ਼ ਭਾਰਗਵ ਨੇ ਦੋ ਸਾਲ ਪਹਿਲਾਂ ਇਹ ਢੰਗ-ਤਰੀਕਾ ਤਿਆਰ ਕੀਤਾ ਸੀ ਜਿਸ ਰਾਹੀਂ ਉਹ ਨਕਲੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਵਰਤੋਂ ਕਰਕੇ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ ਅਤੇ ਨਕਲੀ ਧਾਰਮਿਕ ਗੁਰੂ ਜਾਂ ਜੋਤਸ਼ੀ ਬਣ ਕੇ ਉਨ੍ਹਾਂ ਨਾਲ ਧੋਖਾ ਕਰ ਰਹੇ ਸਨ। ਪੁੱਛਗਿੱਛ ਦੌਰਾਨ, ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਸ ਢੰਗ ਦੀ ਵਰਤੋਂ ਕਰਕੇ ਲਗਭਗ 40 ਲੱਖ ਰੁਪਏ ਠੱਗੇ ਹਨ।
ਉਨ੍ਹਾਂ ਕਿਹਾ ਕਿ ਮਾਮਲਿਆਂ ਵਿੱਚ ਸ਼ਾਮਲ ਹੋਰ ਵਿਅਕਤੀਆਂ ਅਤੇ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣੇ ਹੋਰ ਪੀੜਤਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਇਸ ਸਬੰਧੀ, ਐਫਆਈਆਰ ਨੰਬਰ 14 ਮਿਤੀ 08.08.2025 ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 308(2) ਅਤੇ 61(2) ਅਤੇ ਆਈਟੀ ਐਕਟ ਦੀ ਧਾਰਾ 67 ਤਹਿਤ ਥਾਣਾ ਸਟੇਟ ਸਾਈਬਰ ਕ੍ਰਾਈਮ, ਮੋਹਾਲੀ ਵਿਖੇ ਦਰਜ ਕੀਤੀ ਗਈ ਹੈ।

*ਬਾਕਸ: ਐਡਵਾਈਜ਼ਰੀ*

ਵਿਸ਼ੇਸ਼ ਡੀਜੀਪੀ ਵੀ. ਨੀਰਜਾ ਨੇ ਸਲਾਹ ਦਿੱਤੀ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ, ਖਾਸ ਕਰਕੇ ਔਰਤਾਂ, ਜੋਤਸ਼ੀਆਂ ਅਤੇ ਹੋਰ ਅਜਿਹੇ ਵਿਅਕਤੀਆਂ ਤੋਂ ਸਾਵਧਾਨ ਰਹਿਣਾ ਜੋ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਦਭਾਵਨਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਵੇਰਵੇ ਅਤੇ ਜਾਣਕਾਰੀ ਕਿਸੇ ਵੀ ਕੀਮਤ 'ਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਂਝੀ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਸ ਦੀ ਦੁਰਵਰਤੋਂ ਹੋ ਸਕਦੀ ਹੈ।
ਜੇਕਰ ਕੋਈ ਵਿਅਕਤੀ ਫੋਟੋਆਂ ਅਤੇ ਵੀਡੀਓਜ਼ ਸਮੇਤ ਸਾਂਝੀ ਕੀਤੀ ਗਈ ਜਾਣਕਾਰੀ ਦੀ ਦੁਰਵਰਤੋਂ ਕਰਨ ਦੀ ਧਮਕੀ ਦਿੰਦਾ ਹੈ ਤਾਂ ਪੀੜਤ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 'ਤੇ ਕਾਲ ਜਾਂcybercrime.gov.in'ਤੇ ਆਨਲਾਈਨ ਸ਼ਿਕਾਇਤ ਦਰਜ ਕਰਨੀ ਚਾਹੀਦੀ ਹੈ। ਕਦੇ ਵੀ ਸੋਸ਼ਲ ਮੀਡੀਆ 'ਤੇ ਕਿਸੇ ਨੂੰ ਵੀ ਪੈਸੇ ਟ੍ਰਾਂਸਫਰ ਨਹੀਂ ਕਰਨੇ ਚਾਹੀਦੇ।
ਹਾਲਾਂਕਿ, ਜੇਕਰ ਅਜਿਹੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕੀਤੇ ਗਏ ਹਨ ਤਾਂ ਇਸਦੀ ਸੂਚਨਾ ਤੁਰੰਤ 1930 ਨੂੰ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ੱਕੀ ਬੈਂਕ ਖਾਤੇ ਵਿੱਚ ਟ੍ਰਾਂਸਫਰ ਨੂੰ ਲੀਅਨ ਮਾਰਕ ਕੀਤਾ ਜਾ ਸਕੇ।

Cyber-Fraud-Racket-Targeting-Women-To-Extort-Money-Busted-In-Punjab-Three-Held-With-3-49l-500


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead