*— ਸੂਬੇ ਭਰ ਵਿੱਚ ਚਲਾਈ ਗਈ ਮੁਹਿੰਮ ਦੌਰਾਨ 39,872 ਚਲਾਨ ਕੀਤੇ, 412 ਵਾਹਨ ਜ਼ਬਤ ਕੀਤੇ ਅਤੇ 2600 ਤੋਂ ਵੱਧ ਅਣਅਧਿਕਾਰਤ ਉਪਕਰਨ ਹਟਾਏ*
*— ਸਿਗਨਲ ਵਾਲੇ ਉਪਕਰਨ ਸਿਰਫ਼ ਐਮਰਜੈਂਸੀ ਵਾਹਨਾਂ ਲਈ ਹਨ; ਜ਼ੀਰੋ ਟਾਲਰੈਂਸ ਨੀਤੀ ਤਹਿਤ ਮੁਹਿੰਮ ਜਾਰੀ ਰਹੇਗੀ: ਵਿਸ਼ੇਸ਼ ਡੀ.ਜੀ.ਪੀ. ਪ੍ਰਵੀਨ ਸਿਨਹਾ*
*— 'ਗੈਂਗਸਟਰਾਂ ‘ਤੇ ਵਾਰ' ਮੁਹਿੰਮ ਦਾ 157ਵਾਂ ਦਿਨ: ਪੰਜਾਬ ਪੁਲਿਸ ਵੱਲੋਂ 333 ਵਿਅਕਤੀ ਅਤੇ 2 ਭਗੌੜੇ ਅਪਰਾਧੀ ਗ੍ਰਿਫਤਾਰ*
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਵਿੱਢੀ ਗਈ ਸਖ਼ਤ ਮੁਹਿੰਮ ਤਹਿਤ, ਪੰਜਾਬ ਪੁਲਿਸ ਨੇ ਵਾਹਨਾਂ 'ਤੇ ਗੈਰ-ਕਾਨੂੰਨੀ ਹੂਟਰਾਂ, ਸਾਈਰਨਾਂ, ਫਲੈਸ਼ਰਾਂ ਅਤੇ ਬਲੈਕ ਫਿਲਮਾਂ ਦੀ ਅਣਅਧਿਕਾਰਤ ਵਰਤੋਂ ਵਿਰੁੱਧ 15 ਦਿਨਾਂ ਦੀ ਵਿਸ਼ੇਸ਼ ਰਾਜ ਵਿਆਪੀ ਮੁਹਿੰਮ ਚਲਾਈ, ਜਿਸ ਦੌਰਾਨ ਸੂਬੇ ਭਰ ਵਿੱਚ 1.80 ਲੱਖ ਤੋਂ ਵੱਧ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਚਲਾਈ ਗਈ ਇਸ ਮੁਹਿੰਮ ਦਾ ਮੁੱਖ ਉਦੇਸ਼ ਉਨ੍ਹਾਂ ਨਿੱਜੀ ਵਾਹਨਾਂ 'ਤੇ ਸੀ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ, ਆਪਣੀ ਪਛਾਣ ਛੁਪਾਉਣ ਅਤੇ ਗੈਰ-ਕਾਨੂੰਨੀ ਪ੍ਰਭਾਵ ਪਾਉਣ ਲਈ ਸਿਗਨਲ ਵਾਲੇ ਉਪਕਰਨਾਂ ਜਾਂ ਕਾਲੇ ਸ਼ੀਸ਼ਿਆਂ ਦੀ ਵਰਤੋਂ ਕਰ ਰਹੇ ਸਨ।
ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀ.ਜੀ.ਪੀ.) ਲਾਅ ਐਂਡ ਆਰਡਰ ਪ੍ਰਵੀਨ ਸਿਨਹਾ ਨੇ ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ ਸਪੱਸ਼ਟ ਕੀਤਾ ਕਿ ਹੂਟਰ, ਸਾਈਰਨ ਅਤੇ ਫਲੈਸ਼ਰ ਸਿਰਫ ਐਮਰਜੈਂਸੀ ਵਾਹਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਹਨ, ਜਦੋਂ ਕਿ ਬਲੈਕ ਫਿਲਮਾਂ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਨਿੱਜੀ ਵਿਅਕਤੀ ਨੂੰ ਇਨ੍ਹਾਂ ਅਣਅਧਿਕਾਰਤ ਉਪਕਰਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਇਸ 15 ਦਿਨਾਂ ਦੀ ਮੁਹਿੰਮ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਵਿਸ਼ੇਸ਼ ਡੀ.ਜੀ.ਪੀ. ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਕੁੱਲ 1,79,980 ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਵਿਆਪਕ ਚੈਕਿੰਗ ਦੌਰਾਨ ਟੀਮਾਂ ਨੇ ਅਣਅਧਿਕਾਰਤ ਵਾਹਨਾਂ ਤੋਂ 202 ਹੂਟਰ, 49 ਸਾਈਰਨ ਅਤੇ 2,430 ਫਲੈਸ਼ਰ ਸਫਲਤਾਪੂਰਵਕ ਹਟਾਏ।
ਉਨ੍ਹਾਂ ਅੱਗੇ ਦੱਸਿਆ ਕਿ ਕਾਲੇ ਸ਼ੀਸ਼ਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਗਈ, ਜਿਸ ਤਹਿਤ 2,445 ਵਾਹਨਾਂ ਤੋਂ ਮੌਕੇ 'ਤੇ ਹੀ ਗੈਰ-ਕਾਨੂੰਨੀ ਬਲੈਕ ਫਿਲਮਾਂ ਹਟਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਕੁੱਲ 39,872 ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ ਅਤੇ 412 ਵਾਹਨਾਂ ਨੂੰ ਜ਼ਬਤ ਕੀਤਾ ਗਿਆ।
ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਕਾਨੂੰਨੀ ਨਤੀਜਿਆਂ ਦੀ ਚੇਤਾਵਨੀ ਦਿੰਦਿਆਂ ਵਿਸ਼ੇਸ਼ ਡੀ.ਜੀ.ਪੀ. ਪ੍ਰਵੀਨ ਸਿਨਹਾ ਨੇ ਕਿਹਾ ਕਿ ਇਹ ਮੁਹਿੰਮ ਨਿਯਮਤ ਚੈਕਿੰਗ ਦੇ ਨਾਲ ਸੂਬੇ ਭਰ ਵਿੱਚ ਜਾਰੀ ਰਹੇਗੀ ਅਤੇ ਫਲੈਸ਼ਰਾਂ, ਸਾਈਰਨਾਂ, ਹੂਟਰਾਂ ਜਾਂ ਬਲੈਕ ਫਿਲਮਾਂ ਦੀ ਅਣਅਧਿਕਾਰਤ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਦੌਰਾਨ 'ਗੈਂਗਸਟਰਾਂ ‘ਤੇ ਵਾਰ' ਮੁਹਿੰਮ 157ਵੇਂ ਦਿਨ ਵੀ ਜਾਰੀ ਰਹੀ, ਜਿਸ ਤਹਿਤ ਪੁਲਿਸ ਟੀਮਾਂ ਨੇ ਸੱਤ ਹਥਿਆਰਾਂ ਸਮੇਤ 333 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 40,684 ਹੋ ਗਈ ਹੈ। ਇਸ ਤੋਂ ਇਲਾਵਾ 157 ਵਿਅਕਤੀਆਂ ਖ਼ਿਲਾਫ਼ ਇਹਤਿਹਾਤੀ ਕਾਰਵਾਈ ਕੀਤੀ ਗਈ ਹੈ, ਜਦਕਿ ਤਿੰਨ ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਜਾਣ ਦਿੱਤਾ ਗਿਆ। ਮੁਹਿੰਮ ਦੌਰਾਨ ਪੁਲਿਸ ਟੀਮਾਂ ਨੇ ਦੋ ਭਗੌੜੇ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)