June 27, 2026 23:32:38

ਸਰਹੱਦ ਪਾਰੋਂ ਹਥਿਆਰ ਤਸਕਰੀ ਵਾਲੇ ਨੈੱਟਵਰਕ ਨਾਲ ਸਬੰਧਤ ਚਾਰ ਵਿਅਕਤੀ 10 ਆਧੁਨਿਕ ਪਿਸਤੌਲਾਂ ਸਣੇ ਕਾਬੂ

Jun27,2026 | Vazul Galhotra/Amit Galhotra | Amritsar

— ਗ੍ਰਿਫਤਾਰ ਮੁਲਜ਼ਮ ਸਰਹੱਦ ਪਾਰ ਦੇ ਰੂਟਾਂ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਕੇ ਅੱਗੇ ਅਪਰਾਧਿਕ ਅਨਸਰਾਂ ਨੂੰ ਕਰਦੇ ਸਨ ਸਪਲਾਈ: ਡੀਜੀਪੀ ਗੌਰਵ ਯਾਦਵ
— ਸਾਰੇ ਮੁਲਜ਼ਮ ਅੰਤਰਰਾਸ਼ਟਰੀ ਸਰਹੱਦ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਹਨ: ਸੀ.ਪੀ. ਅੰਮ੍ਰਿਤਸਰ ਗੁਰਪ੍ਰੀਤ ਭੁੱਲਰ



ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਚਾਰ ਵਿਅਕਤੀਆਂ ਨੂੰ 10 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਰਵੀ ਸਿੰਘ (33) ਅਤੇ ਸ਼ਰਨਬੀਰ ਸਿੰਘ ਉਰਫ਼ ਸੰਨੀ (31) ਦੋਵੇਂ ਵਾਸੀ ਪਿੰਡ ਮਹਾਵਾ (ਅੰਮ੍ਰਿਤਸਰ); ਮਨਪ੍ਰੀਤ ਸਿੰਘ ਉਰਫ਼ ਮੰਨੂ (21) ਵਾਸੀ ਪਿੰਡ ਨਿਹਾਲਾ ਕਿਲਚਾ, ਫਿਰੋਜ਼ਪੁਰ ਅਤੇ ਪਿੱਪਲ ਸਿੰਘ (22) ਵਾਸੀ ਪਿੰਡ ਫਤਿਹਵਾਲਾ ਹਿਠਾੜ, ਫਿਰੋਜ਼ਪੁਰ ਵਜੋਂ ਹੋਈ ਹੈ। ਬਰਾਮਦ ਹਥਿਆਰਾਂ ਵਿੱਚ ਤਿੰਨ .30 ਬੋਰ (ਮੇਡ ਇਨ ਚਾਈਨਾ), ਇੱਕ 9ਐਮਐਮ ਗਲਾਕ (ਮੇਡ ਇਨ ਆਸਟਰੀਆ), ਇੱਕ ਹੋਰ 9ਐਮਐਮ ਪਿਸਤੌਲ, ਪੰਜ .30 ਬੋਰ ਪਿਸਤੌਲ ਅਤੇ ਨੌਂ ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਿਸ ਟੀਮਾਂ ਮੁਲਜ਼ਮਾਂ ਦੇ ਦੋ ਮੋਟਰਸਾਈਕਲ ਵੀ ਜ਼ਬਤ ਕਰ ਲਏ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਗ੍ਰਿਫਤਾਰ ਮੁਲਜ਼ਮ ਵਿਦੇਸ਼-ਅਧਾਰਤ ਤਸਕਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ ਅਤੇ ਸਰਹੱਦ ਪਾਰ ਦੇ ਰੂਟਾਂ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਕੇ ਅੱਗੇ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਦੇ ਸਨ।
ਡੀਜੀਪੀ ਨੇ ਦੱਸਿਆ ਕਿ ਗੈਰ-ਕਾਨੂੰਨੀ ਹਥਿਆਰਾਂ ਦੀ ਇਸ ਸਪਲਾਈ ਚੇਨ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਲਈ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਪੁਖਤਾ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਰਵੀ ਸਿੰਘ ਅਤੇ ਸ਼ਰਨਬੀਰ ਉਰਫ਼ ਸੰਨੀ ਨੂੰ ਤਿੰਨ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਖੁਲਾਸਿਆਂ ਦੇ ਆਧਾਰ 'ਤੇ ਦੋ ਹੋਰ ਪਿਸਤੌਲ ਬਰਾਮਦ ਕੀਤੇ ਅਤੇ ਜਾਂਚ ਜਾਰੀ ਰੱਖੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਿਦੇਸ਼-ਅਧਾਰਤ ਤਸਕਰ ਬਾਰੇ ਹੋਰ ਸੁਰਾਗ ਮਿਲਣ 'ਤੇ ਜਾਂਚ ਨੂੰ ਤੇਜ਼ ਕਰਦਿਆਂ ਪੁਲਿਸ ਟੀਮਾਂ ਨੇ ਮਨਪ੍ਰੀਤ ਉਰਫ਼ ਮੰਨੂ ਅਤੇ ਪਿੱਪਲ ਸਿੰਘ ਨੂੰ ਤਿੰਨ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਮੰਨੂ ਅਤੇ ਪਿੱਪਲ ਸਿੰਘ ਤੋਂ ਅਗਲੇਰੀ ਪੁੱਛਗਿੱਛ ਦੌਰਾਨ ਦੋ ਹੋਰ ਪਿਸਤੌਲ ਬਰਾਮਦ ਹੋਏ, ਜਿਸ ਨਾਲ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਚੇਨ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਦਾ ਪਰਦਾਫਾਸ਼ ਹੋਇਆ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਅਪਰਾਧਕ ਪਿਛੋਕੜ ਦੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸ਼ਰਨਬੀਰ ਉਰਫ਼ ਸੰਨੀ ਅਤੇ ਰਵੀ ਸਿੰਘ ਪਹਿਲਾਂ ਹੀ ਇਰਾਦਾ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਮਾਮਲੇ ਵਿੱਚ ਲੋੜੀਂਦੇ ਸਨ।
ਸੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਚਾਰੇ ਮੁਲਜ਼ਮ ਅੰਤਰਰਾਸ਼ਟਰੀ ਸਰਹੱਦ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਹਨ, ਜੋ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਪਹੁੰਚ ਅਤੇ ਸ਼ਮੂਲੀਅਤ ਨੂੰ ਦਰਸਾਉਂਦਾ ਹੈ।
ਇਸ ਸਬੰਧ ਵਿੱਚ, ਦੋ ਵੱਖ-ਵੱਖ ਮਾਮਲੇ— ਥਾਣਾ ਛੇਹਰਟਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25 (6, 7, 8) ਤਹਿਤ ਐਫਆਈਆਰ ਨੰਬਰ 140 ਮਿਤੀ 21.06.2026 ਅਤੇ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਵਿਖੇ ਅਸਲਾ ਐਕਟ ਦੀ ਧਾਰਾ 25(8) ਤਹਿਤ ਐਫਆਈਆਰ ਨੰਬਰ 198 ਮਿਤੀ 22.06.2026— ਦਰਜ ਕੀਤੇ ਗਏ ਹਨ।

Four-Linked-To-Cross-border-Arms-Smuggling-Network-Held-With-10-Sophisticated-Pistols


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead