*- ਮੁਲਜ਼ਮ ਡਰੋਨ ਰਾਹੀਂ ਭੇਜੀਆਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪਾਂ ਪ੍ਰਾਪਤ ਕਰ ਰਹੇ ਸਨ: ਡੀਜੀਪੀ ਗੌਰਵ ਯਾਦਵ*
*- ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ: ਏਆਈਜੀ ਸੁਖਮਿੰਦਰ ਮਾਨ*
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਦੋ ਵੱਖ-ਵੱਖ ਆਪਰੇਸ਼ਨਾਂ ਦੌਰਾਨ ਛੇ ਵਿਅਕਤੀਆਂ ਨੂੰ 2.9 ਕਿਲੋਗ੍ਰਾਮ ਹੈਰੋਇਨ ਅਤੇ ਅੱਠ ਅਧੁਨਿਕ ਪਿਸਤੌਲਾਂ ਦੇ ਨਾਲ-ਨਾਲ ਛੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਕੇ ਹਥਿਆਰ ਅਤੇ ਨਸ਼ਾ ਤਸਕਰੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਇੰਦਰਪਾਲ ਸਿੰਘ ਅਤੇ ਸਿਕੰਦਰਜੀਤ ਸਿੰਘ, ਦੋਵੇਂ ਵਾਸੀ ਪਿੰਡ ਭਿੰਡੀ ਔਲਖ, ਅੰਮ੍ਰਿਤਸਰ; ਹੈਪੀ ਸਿੰਘ ਉਰਫ਼ ਵੀਰਪਾਲ ਸਿੰਘ, ਵਾਸੀ ਕੱਕੜ, ਅੰਮ੍ਰਿਤਸਰ; ਸੁਨੀਲ ਮਸੀਹ ਅਤੇ ਰਾਜਨ ਮਸੀਹ, ਦੋਵੇਂ ਵਾਸੀ ਮਾਹਲ, ਗੁਰਦਾਸਪੁਰ ਅਤੇ ਪਰਦੀਪ ਸਿੰਘ ਵਾਸੀ ਨੂਰਪੁਰ, ਅੰਮ੍ਰਿਤਸਰ ਵਜੋਂ ਹੋਈ ਹੈ।
ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਬਰਾਮਦਗੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਹੁੰਡਈ ਵੈਨਿਊ ਕਾਰ (ਪੀਬੀ02ਐਫਸੀ 2504) ਅਤੇ ਸਪਲੈਂਡਰ ਮੋਟਰਸਾਈਕਲ (ਪੀਬੀ06ਬੀਐਚ3781) ਜਿਹਨਾਂ ਦੀ ਵਰਤੋਂ ਤਸਕਰੀ ਸਬੰਧੀ ਗਤੀਵਿਧੀਆਂ ਲਈ ਕੀਤੀ ਜਾ ਰਹੀ ਸੀ, ਨੂੰ ਵੀ ਜ਼ਬਤ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰੋਂ ਚੱਲ ਰਹੀ ਤਸਕਰੀ ਵਿੱਚ ਸ਼ਾਮਲ ਸਨ ਅਤੇ ਉਹ ਡਰੋਨ ਰਾਹੀਂ ਭੇਜੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਦੇ ਸਨ ਅਤੇ ਸੂਬੇ ਵਿੱਚ ਅਪਰਾਧਿਕ ਤੱਤਾਂ ਨੂੰ ਡਿਲੀਵਰ ਕਰਦੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿੱਛਲੇ ਸਬੰਧਾਂ ਨੂੰ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਸਰਹੱਦ ਪਾਰ ਦੇ ਨੈਟਵਰਕ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।
ਪਹਿਲੇ ਆਪ੍ਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਸੀਆਈ ਅੰਮ੍ਰਿਤਸਰ ਦੀਆਂ ਟੀਮਾਂ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਸ਼ੱਕੀ ਸੁਨੀਲ ਅਤੇ ਰਾਜਨ ਨੇ ਗੈਰ-ਕਾਨੂੰਨੀ ਪਿਸਤੌਲਾਂ ਦੀ ਵੱਡੀ ਖੇਪ ਪ੍ਰਾਪਤ ਕੀਤੀ ਹੈ ਅਤੇ ਉਹ ਸੰਭਾਵੀ ਤੌਰ ‘ਤੇ ਇਹ ਖੇਪ ਅੰਮ੍ਰਿਤਸਰ ਦੇ ਪਿੰਡ ਨੂਰਪੁਰ ਦੇ ਇਲਾਕੇ ਵਿੱਚ ਆਪਣੇ ਸਾਥੀ ਪਰਦੀਪ ਸਿੰਘ ਨੂੰ ਡਿਲੀਵਰ ਕਰਨਗੇ। ਉਨ੍ਹਾਂ ਕਿਹਾ ਕਿ ਇਸ ਜਾਣਕਾਰੀ ਦੇ ਅਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਤਿੰਨਾਂ ਨੂੰ ਸੱਤ ਪਿਸਤੌਲਾਂ ਸਮੇਤ ਕਾਬੂ ਕਰ ਲਿਆ।
ਦੂਜੇ ਆਪਰੇਸ਼ਨ ਬਾਰੇ ਏਆਈਜੀ ਨੇ ਦੱਸਿਆ ਕਿ ਐਸਐਸਓਸੀ ਅੰਮ੍ਰਿਤਸਰ ਦੀਆਂ ਟੀਮਾਂ ਨੇ ਇੰਦਰਪਾਲ, ਸਿਕੰਦਰਜੀਤ ਅਤੇ ਹੈਪੀ ਸਿੰਘ ਨੂੰ 2.9 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ।
ਏਆਈਜੀ ਸੁਖਮਿੰਦਰ ਮਾਨ ਨੇ ਦੱਸਿਆ ਕਿ ਇਸ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ, ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਜਿਸ ਤਹਿਤ ਪਹਿਲਾ ਮਾਮਲਾ ਐਫਆਈਆਰ ਨੰਬਰ 53 ਮਿਤੀ 27-08-2026 ਨੂੰ ਅਸਲਾ ਐਕਟ ਦੀ ਧਾਰਾ 25 ਅਤੇ 25 (8) ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਐਕਟ ਦੀਆਂ ਧਾਰਾਵਾਂ 61(2) ਅਤੇ 111 ਤਹਿਤ ਅਤੇ ਦੂਜਾ ਮਾਮਲਾ ਐਫਆਈਆਰ ਨੰਬਰ 52 ਮਿਤੀ 27.08.2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21, 25 ਅਤੇ 29, ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਵਾਯੂਆਨ ਅਧਿਨਿਯਮ ਦੀਆਂ ਧਾਰਾਵਾਂ 25, 26, 27, 28 ਅਤੇ 29 ਤਹਿਤ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)