— ਡੀ.ਆਈ.ਜੀ. ਲੁਧਿਆਣਾ ਰੇਂਜ ਸੰਦੀਪ ਗੋਇਲ ਨੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ‘ਆਪ੍ਰੇਸ਼ਨ ਕਵਚ’ ਦੀ ਕੀਤੀ ਸ਼ੁਰੂਆਤ
— ਗੁਪਤ ਰਿਪੋਰਟਿੰਗ ਅਤੇ ਸ਼ੁਰੂਆਤੀ ਦਖਲਅੰਦਾਜ਼ੀ ਨੂੰ ਸਮਰੱਥ ਬਣਾਉਣ ਲਈ ਵਿੱਦਿਅਕ ਅਦਾਰਿਆਂ ਵਿੱਚ ਗੁਮਨਾਮ 'ਕਵਚ ਕਿਊ.ਆਰ. ਕੋਡ' ਸ਼ੁਰੂ ਕੀਤੇ ਗਏ: ਐਸ.ਐਸ.ਪੀ. ਖੰਨਾ ਡਾ. ਦਰਪਨ ਆਹਲੂਵਾਲੀਆ
ਰਵਾਇਤੀ ਨਸ਼ਾ ਵਿਰੋਧੀ ਇਨਫੋਰਸਮੈਂਟ ਨੂੰ ਵਿਦਿਆਰਥੀ-ਕੇਂਦਰਿਤ ਰੋਕਥਾਮ ਮਾਡਲ ਵਿੱਚ ਬਦਲਣ ਵੱਲ ਇੱਕ ਵੱਡਾ ਕਦਮ ਚੁੱਕਦਿਆਂ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਲੁਧਿਆਣਾ ਰੇਂਜ ਸੰਦੀਪ ਗੋਇਲ ਨੇ ਅੱਜ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ‘ਆਪ੍ਰੇਸ਼ਨ ਕਵਚ’ ਦੀ ਸ਼ੁਰੂਆਤ ਕੀਤੀ। ‘ਆਪ੍ਰੇਸ਼ਨ ਕਵਚ’ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਖੰਨਾ ਡਾ. ਦਰਪਨ ਆਹਲੂਵਾਲੀਆ ਦੀ ਪਹਿਲਕਦਮੀ ਹੈ।
‘ਆਪ੍ਰੇਸ਼ਨ ਕਵਚ’ ਦਾ ਮਕਸਦ ਸਿਰਫ਼ ਪ੍ਰਤੀਕਿਰਿਆਸ਼ੀਲ ਕਾਰਵਾਈ ਦੀ ਬਜਾਏ ਸ਼ੁਰੂਆਤੀ ਦਖਲਅੰਦਾਜ਼ੀ ਅਤੇ ਸਾਥੀਆਂ ਦੇ ਸਹਿਯੋਗ 'ਤੇ ਧਿਆਨ ਕੇਂਦਰਿਤ ਕਰਕੇ ਨੌਜਵਾਨਾਂ ਲਈ ਇੱਕ ਮਜ਼ਬੂਤ ਸੁਰੱਖਿਆ ਨੈੱਟਵਰਕ ਤਿਆਰ ਕਰਨਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਡੀ.ਆਈ.ਜੀ. ਸੰਦੀਪ ਗੋਇਲ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਸਾਥੀਆਂ ਜ਼ਰੀਏ ਫੈਲਦਾ ਹੈ, ਜਿੱਥੇ ਇੱਕ ਨਸ਼ਾ ਕਰਨ ਵਾਲਾ ਅਣਜਾਣੇ ਵਿੱਚ ਦੂਜਿਆਂ ਨੂੰ ਇਸ ਲਤ ਵਿੱਚ ਧਕੇਲ ਦਿੰਦਾ ਹੈ, ਜੋ ਅੱਗੇ ਚੱਲ ਕੇ ਸਪਲਾਈ ਚੇਨ ਦਾ ਰੂਪ ਧਾਰਨ ਕਰ ਲੈਂਦੀ ਹੈ। ਡੀ.ਆਈ.ਜੀ. ਨੇ ਕਿਹਾ, “ਆਪ੍ਰੇਸ਼ਨ ਕਵਚ ਦਾ ਉਦੇਸ਼ ਇਸ ਨੈੱਟਵਰਕ ਪ੍ਰਭਾਵ ਨੂੰ ਖ਼ਤਮ ਕਰਨਾ ਹੈ। ਦੋਸਤਾਂ ਦੇ ਸਮੂਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਜਾਣ ਦਾ ਰਸਤਾ ਬਣਨ ਦੇਣ ਦੀ ਬਜਾਏ, 'ਕਵਚ' ਉਨ੍ਹਾਂ ਨੂੰ ਇੱਕ ਸੁਰੱਖਿਆ ਢਾਲ ਵਜੋਂ ਕੰਮ ਕਰਨ ਦੇ ਯੋਗ ਬਣਾਏਗਾ, ਜਿਸ ਤਹਿਤ ਸਮੱਸਿਆਵਾਂ ਦੀ ਪਛਾਣ ਸ਼ੁਰੂਆਤ ਵਿੱਚ ਹੀ ਕਰ ਲਈ ਜਾਏਗੀ ਅਤੇ ਸਮੱਸਿਆ ਦੇ ਗੰਭੀਰ ਰੂਪ ਧਾਰਨ ਕਰਨ ਜਾਂ ਅਪਰਾਧ ਬਣਨ ਤੋਂ ਬਹੁਤ ਪਹਿਲਾਂ ਮਦਦ ਮੁਹੱਈਆ ਕਰਵਾਈ ਜਾਵੇਗੀ।”
ਇਸ ਪਹਿਲਕਦਮੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਖੰਨਾ ਡਾ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ 'ਆਪ੍ਰੇਸ਼ਨ ਕਵਚ' ਤਿੰਨ ਆਪਸੀ ਜੁੜੇ ਥੰਮ੍ਹਾਂ 'ਕਨੈਕਟ, ਡਿਟੈਕਟ ਅਤੇ ਪ੍ਰੋਟੈਕਟ' 'ਤੇ ਅਧਾਰਤ ਹੈ।
ਉਨ੍ਹਾਂ ਦੱਸਿਆ ਕਿ 'ਕਨੈਕਟ' ਦੇ ਹਿੱਸੇ ਵਜੋਂ, ਵਿਦਿਆਰਥੀਆਂ ਨੂੰ 'ਪੀਅਰ ਗਰੁੱਪ' ਬਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ, ਜੋ ਬਾਅਦ ਵਿੱਚ ਆਪਸੀ ਸਹਾਇਤਾ ਨੈੱਟਵਰਕ ਵਜੋਂ ਵਿਕਸਤ ਹੋਣਗੇ। ਇਸ ਦਾ ਬੁਨਿਆਦੀ ਸਿਧਾਂਤ ਇਹ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਉਸਨੂੰ ਕਿਸੇ ਔਖੀ ਸਥਿਤੀ ਦਾ ਇਕੱਲੇ ਹੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪੀਅਰ ਗਰੁੱਪ ਨਾਮਜ਼ਦ ਸਿਵਲ ਅਤੇ ਪੁਲਿਸ ਮੈਂਟਰਜ਼ ਨਾਲ ਜੋੜੇ ਜਾਣਗੇ, ਜਿਸ ਨਾਲ ਵਿਦਿਆਰਥੀਆਂ ਅਤੇ ਪ੍ਰਸ਼ਾਸਨ ਵਿਚਕਾਰ ਇੱਕ ਭਰੋਸੇਯੋਗ ਸਹਾਇਤਾ ਢਾਂਚਾ ਤਿਆਰ ਹੋਵੇਗਾ।
ਇਸੇ ਤਰ੍ਹਾਂ 'ਡਿਟੈਕਟ' ਪੜਾਅ ਵਿਦਿਆਰਥੀਆਂ ਨੂੰ 'ਕਵਚ ਕਿਊ.ਆਰ. ਕੋਡ' ਦੀ ਵਿਸ਼ੇਸ਼ ਸੁਵਿਧਾ ਰਾਹੀਂ ਇੱਕ ਸੁਰੱਖਿਅਤ ਮਾਧਿਅਮ ਪ੍ਰਦਾਨ ਕਰਦਾ ਹੈ। ਵਿਦਿਆਰਥੀ ਇਸ ਕਿਊ.ਆਰ. ਕੋਡ ਨੂੰ ਸਕੈਨ ਕਰਕੇ ਤਿੰਨ ਮੁੱਖ ਵਿਕਲਪਾਂ ਤਹਿਤ ਗੁਮਨਾਮ ਰੂਪ ਵਿੱਚ ਆਪਣੀ ਗੱਲ ਦੱਸ ਸਕਦੇ ਹਨ: ਜਦੋਂ ਵਿਦਿਆਰਥੀ ਖੁਦ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੋਵੇ, ਤਾਂ ਉਹ ਸੰਪਰਕ ਕਰਕੇ ਦੱਸ ਸਕਦਾ ਹੈ, ‘ਮੈਨੂੰ ਮਦਦ ਦੀ ਲੋੜ ਹੈ’; ਜਦੋਂ ਕੋਈ ਵਿਦਿਆਰਥੀ ਆਪਣੇ ਦੋਸਤ ਜਾਂ ਸਾਥੀ ਵਿਦਿਆਰਥੀ ਬਾਰੇ ਚਿੰਤਤ ਹੋਵੇ, ਤਾਂ ਉਹ ਸੰਪਰਕ ਕਰਕੇ ਕਹਿ ਸਕਦਾ ਹੈ, ‘ਮੈਨੂੰ ਕਿਸੇ ਬਾਰੇ ਚਿੰਤਾ ਹੈ’; ਸ਼ੱਕੀ ਨਸ਼ਾ ਤਸਕਰੀ, ਖੱਜਲ-ਖੁਆਰੀ/ਪ੍ਰੇਸ਼ਾਨੀ, ਅਸੁਰੱਖਿਅਤ ਮਾਹੌਲ ਜਾਂ ਕਿਸੇ ਹੋਰ ਚਿੰਤਾ ਬਾਰੇ ਜਾਣਕਾਰੀ ਦੇਣ ਬਾਰੇ ਉਹ ਦੱਸ ਸਕਦਾ ਹੈ, ‘ਮੈਂ ਕੁਝ ਰਿਪੋਰਟ ਕਰਨਾ ਚਾਹੁੰਦਾ ਹਾਂ’।
ਤੀਜਾ ਅਤੇ ਸਭ ਤੋਂ ਮਹੱਤਵਪੂਰਨ ਥੰਮ੍ਹ 'ਪ੍ਰੋਟੈਕਟ' ਸਮੇਂ ਸਿਰ ਸਹਾਇਤਾ ਅਤੇ ਦਖਲਅੰਦਾਜ਼ੀ ਨੂੰ ਯਕੀਨੀ ਬਣਾਉਣ ਬਾਰੇ ਹੈ। 'ਕਵਚ' ਪ੍ਰਣਾਲੀ ਰਾਹੀਂ ਪ੍ਰਾਪਤ ਹੋਈ ਜਾਣਕਾਰੀ ਨੂੰ ਨਾਮਜ਼ਦ ਸਿਵਲ ਅਤੇ ਪੁਲਿਸ ਮੈਂਟਰਜ਼ ਰਾਹੀਂ ਯੋਗ ਕਾਰਵਾਈ ਲਈ ਅੱਗੇ ਭੇਜਿਆ ਜਾਵੇਗਾ।
ਐਸ.ਐਸ.ਪੀ. ਡਾ. ਦਰਪਨ ਆਹਲੂਵਾਲੀਆ ਨੇ ਅੱਗੇ ਦੱਸਿਆ, “ਇੱਕ ਵਿਦਿਆਰਥੀ ਪੁਲਿਸ ਸਟੇਸ਼ਨ ਜਾਣ ਤੋਂ ਝਿਜਕ ਸਕਦਾ ਹੈ, ਪਰ ਉਹ ਮਦਦ ਲੈਣ ਜਾਂ ਕਿਸੇ ਮੁੱਦੇ ਨੂੰ ਗੁਪਤ ਰੂਪ ਵਿੱਚ ਰੱਖਣ ਲਈ ਆਸਾਨੀ ਨਾਲ ਕਿਊ.ਆਰ. ਕੋਡ ਸਕੈਨ ਕਰ ਸਕਦਾ ਹੈ। 'ਆਪ੍ਰੇਸ਼ਨ ਕਵਚ' ਦਾ ਮੁੱਖ ਉਦੇਸ਼ ਸਪੱਸ਼ਟ ਹੈ: ਇਸ ਤੋਂ ਪਹਿਲਾਂ ਕਿ ਨਸ਼ਾ ਕਿਸੇ ਵਿਦਿਆਰਥੀ ਤੱਕ ਪਹੁੰਚੇ, 'ਕਵਚ' ਨੂੰ ਉਨ੍ਹਾਂ ਤੱਕ ਪਹੁੰਚਾਉਣਾ ਹੈ।”
ਇਸ ਮੌਕੇ ਸੁਪਰਡੈਂਟ ਆਫ਼ ਪੁਲਿਸ (ਹੈੱਡਕੁਆਰਟਰ) ਖੰਨਾ ਹਰਪਿੰਦਰ ਕੌਰ ਗਿੱਲ, ਸੁਪਰਡੈਂਟ ਆਫ਼ ਪੁਲਿਸ (ਜਾਂਚ) ਖੰਨਾ ਰਾਕੇਸ਼ ਕੁਮਾਰ ਯਾਦਵ, ਕਾਲਜ ਪ੍ਰਬੰਧਕ, ਫੈਕਲਟੀ, ਵਿਦਿਆਰਥੀ, ਅਤੇ 'ਯੁੱਧ ਨਸ਼ਿਆਂ ਵਿਰੁੱਧ' ਦੇ ਜ਼ਿਲ੍ਹਾ ਤੇ ਤਿੰਨ ਹਲਕਾ ਕੋਆਰਡੀਨੇਟਰ ਵੀ ਹਾਜ਼ਰ ਸਨ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)