October 14, 2026 03:42:26

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਵਿਅਕਤੀ ਕਾਬੂ

Oct13,2026 | Vazul Galhotra | Chandigarh

*— ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ: ਡੀਜੀਪੀ ਗੌਰਵ ਯਾਦਵ*

*— ਪੰਜ ਵੱਖ-ਵੱਖ ਐਫ.ਆਈ.ਆਰਜ਼ ਦਰਜ ਕੀਤੀਆਂ; ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ: ਸੀਪੀ ਅੰਮ੍ਰਿਤਸਰ ਹਰਮਨਬੀਰ ਗਿੱਲ*


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਪੰਜ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਪਿਸਤੌਲ, 4.409 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.90 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਬਰਾਮਦ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਜਬੀਰ ਸਿੰਘ (23), ਗਗਨਪ੍ਰੀਤ ਸਿੰਘ ਉਰਫ਼ ਗਗਨ (31) ਅਤੇ ਸੌਰਵ ਸਿੰਘ ਉਰਫ਼ ਬਹਾਦਰ (23) ਸਾਰੇ ਵਾਸੀ ਅੰਮ੍ਰਿਤਸਰ; ਵਿਸ਼ਾਲ ਸਿੰਘ ਉਰਫ਼ ਟਿਬਰੂ (22) ਅਤੇ ਰਸ਼ਪਾਲ ਸਿੰਘ ਉਰਫ਼ ਬੱਬਾ (44) ਦੋਵੇਂ ਵਾਸੀ ਪਿੰਡ ਨੂਰਪੁਰ, ਲੋਪੋਕੇ; ਵੀਰਪਾਲ ਸਿੰਘ ਉਰਫ਼ ਬਿੱਲਾ (19) ਵਾਸੀ ਪਿੰਡ ਮਾੜੀ ਮੇਘਾ, ਤਰਨ ਤਾਰਨ; ਜਗਵਿੰਦਰ ਸਿੰਘ ਉਰਫ਼ ਕਾਲਾ (19) ਵਾਸੀ ਪਿੰਡ ਅਮੀ ਸ਼ਾਹ, ਤਰਨ ਤਾਰਨ; ਸੁਖਚੈਨ ਸਿੰਘ ਉਰਫ਼ ਸੁੱਖ (20) ਵਾਸੀ ਪਿੰਡ ਖਿਆਲਾ; ਜਸਕਰਨ ਸਿੰਘ ਉਰਫ਼ ਜੱਸੀ (22) ਵਾਸੀ ਪਿੰਡ ਕੋਲੋਵਾਲ ਅਤੇ ਯੁਵਰਾਜ ਸਿੰਘ ਉਰਫ਼ ਜੱਗੂ (20) ਵਾਸੀ ਪਿੰਡ ਗੋਸਨਬਾਦ, ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ।
ਬਰਾਮਦ ਕੀਤੇ ਗਏ ਛੇ ਪਿਸਤੌਲਾਂ ਵਿੱਚ ਇੱਕ ਗਲਾਕ 9ਐਮਐਮ ਅਤੇ ਪੰਜ .30-ਬੋਰ ਦੇ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ 12 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਪੁਲਿਸ ਟੀਮਾਂ ਨੇ ਉਨ੍ਹਾਂ ਦੀਆਂ ਦੋ ਕਾਰਾਂ ਜਿਨ੍ਹਾਂ ਦੀ ਵਰਤੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ ਜਾ ਰਹੀ ਸੀ, ਵੀ ਜ਼ਬਤ ਕਰ ਲਈਆਂ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੀਆਂ-ਪਿਛਲੀਆਂ ਕੜੀਆਂ ਦਾ ਪਤਾ ਲਗਾਇਆ ਜਾ ਸਕੇ।
ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਆਫ਼ ਪੁਲਿਸ (ਸੀਪੀ) ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਆਪਸੀ ਤਾਲਮੇਲ ਵਾਲੇ ਇਹਨਾਂ ਆਪਰੇਸ਼ਨਾਂ ਨੂੰ ਡੀਸੀਪੀ ਜਾਂਚ ਪ੍ਰਭਜੋਤ ਸਿੰਘ ਵਿਰਕ, ਏਡੀਸੀਪੀ ਡਿਟੈਕਟਿਵ ਜਯੰਤ ਪੁਰੀ, ਏਡੀਸੀਪੀ ਸਿਟੀ-3 ਮਨਮੋਹਨ ਸਿੰਘ ਔਲਖ, ਏਸੀਪੀ ਈਸਟ ਰਵਿੰਦਰ ਸਿੰਘ ਅਤੇ ਏਸੀਪੀ ਡਿਟੈਕਟਿਵ ਕਪਿਲ ਕੌਸ਼ਲ ਦੀ ਨਿਗਰਾਨੀ ਹੇਠ ਅੰਜ਼ਾਮ ਦਿੱਤਾ ਗਿਆ।
ਸੀਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪਹਿਲੇ ਆਪਰੇਸ਼ਨ ਦੌਰਾਨ, ਥਾਣਾ ਮਕਬੂਲਪੁਰਾ ਦੀਆਂ ਟੀਮਾਂ ਨੇ ਰਾਜਬੀਰ ਸਿੰਘ, ਗਗਨਪ੍ਰੀਤ ਉਰਫ਼ ਗਗਨ ਅਤੇ ਸੌਰਵ ਉਰਫ਼ ਬਹਾਦਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 169 ਗ੍ਰਾਮ ਹੈਰੋਇਨ, 500 ਗ੍ਰਾਮ ਅਫੀਮ ਅਤੇ 10.90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਦੂਜੇ ਆਪਰੇਸ਼ਨ ਦੌਰਾਨ, ਥਾਣਾ ਛੇਹਰਟਾ ਦੀਆਂ ਟੀਮਾਂ ਨੇ ਵਿਸ਼ਾਲ ਸਿੰਘ ਉਰਫ਼ ਟਿਬਰੂ ਅਤੇ ਰਸ਼ਪਾਲ ਸਿੰਘ ਉਰਫ਼ ਬੱਬਾ ਨੂੰ ਇੱਕ ਕਾਰ ਸਮੇਤ ਰੋਕਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4.130 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ।
ਤੀਜੇ ਆਪਰੇਸ਼ਨ ਦੌਰਾਨ, ਛਾਉਣੀ ਥਾਣੇ ਦੀਆਂ ਟੀਮਾਂ ਨੇ ਤਰਨਤਾਰਨ ਦੇ ਦੋ ਨੌਜਵਾਨਾਂ—ਵੀਰਪਾਲ ਸਿੰਘ ਉਰਫ਼ ਬਿੱਲਾ ਅਤੇ ਜਗਵਿੰਦਰ ਸਿੰਘ ਉਰਫ਼ ਕਾਲਾ—ਨੂੰ ਕਾਬੂ ਕੀਤਾ ਅਤੇ ਉਨ੍ਹਾਂ ਕੋਲੋਂ ਇੱਕ .30-ਬੋਰ ਦਾ ਪਿਸਤੌਲ ਬਰਾਮਦ ਕੀਤਾ। ਚੌਥੇ ਆਪਰੇਸ਼ਨ ਵਿੱਚ, ਛੇਹਰਟਾ ਥਾਣੇ ਦੀਆਂ ਟੀਮਾਂ ਨੇ ਸੁਖਚੈਨ ਸਿੰਘ ਉਰਫ਼ ਸੁੱਖ ਅਤੇ ਜਸਕਰਨ ਸਿੰਘ ਉਰਫ਼ ਜੱਸੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ 110 ਗ੍ਰਾਮ ਹੈਰੋਇਨ, ਇੱਕ .30 ਬੋਰ ਦਾ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ, 2 ਲੱਖ ਰੁਪਏ ਦੀ ਡਰੱਗ ਮਨੀ, ਇੱਕ ਕਾਰ ਅਤੇ ਤਸਕਰੀ ਲਈ ਵਰਤਿਆ ਜਾਣ ਵਾਲਾ ਇੱਕ ਡਰੋਨ ਬਰਾਮਦ ਕੀਤਾ।
ਪੰਜਵੇਂ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਛੇਹਰਟਾ ਥਾਣੇ ਦੀਆਂ ਟੀਮਾਂ ਨੇ ਯੁਵਰਾਜ ਸਿੰਘ ਉਰਫ਼ ਜੱਗੂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਚਾਰ ਪਿਸਤੌਲ—ਜਿਨ੍ਹਾਂ ਵਿੱਚ ਤਿੰਨ .30 ਬੋਰ ਦੇ ਪਿਸਤੌਲ ਅਤੇ ਇੱਕ ਗਲੌਕ 9ਐਮਐਮਪਿਸਤੌਲ ਸ਼ਾਮਲ ਹਨ—ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਇਸ ਸਬੰਧ ਵਿੱਚ ਪੰਜ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ— ਪਹਿਲਾ ਮਾਮਲਾ ਮਿਤੀ 05.10.2026 ਨੂੰ ਐਫਆਈਆਰ ਨੰਬਰ 325 ਅਧੀਨ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਬੀ, 27-ਏ ਅਤੇ 18 ਤਹਿਤ ਥਾਣਾ ਮਕਬੂਲਪੁਰਾ ਵਿਖੇ; ਦੂਜਾ ਮਾਮਲਾ ਮਿਤੀ 08.10.2026 ਨੂੰ ਐਫਆਈਆਰ ਨੰਬਰ 240 ਅਧੀਨ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਸੀ ਅਤੇ 29 ਤਹਿਤ ਥਾਣਾ ਛੇਹਰਟਾ ਵਿਖੇ; ਤੀਜਾ ਮਾਮਲਾ ਮਿਤੀ 09.10.2026 ਨੂੰ ਐਫਆਈਆਰ ਨੰਬਰ 190 ਅਧੀਨ ਆਰਮਜ਼ ਐਕਟ ਦੀ ਧਾਰਾ 25 ਤਹਿਤ ਥਾਣਾ ਛਾਊਣੀ ਵਿਖੇ; ਚੌਥਾ ਮਾਮਲਾ ਮਿਤੀ 10.10.2026 ਨੂੰ ਐਫਆਈਆਰ ਨੰਬਰ 242 ਅਧੀਨ ਭਾਰਤੀ ਵਾਯੂਯਾਨ ਅਧਿਨਿਯਮ ਦੀਆਂ ਧਾਰਾਵਾਂ 25 ਅਤੇ 29, ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਬੀ, 23, 27-ਏ ਅਤੇ 29 ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਥਾਣਾ ਛੇਹਰਟਾ ਵਿਖੇ ਅਤੇ ਪੰਜਵਾਂ ਮਾਮਲਾ ਮਿਤੀ 11.10.2026 ਨੂੰ ਐਫਆਈਆਰ ਨੰਬਰ 245 ਅਧੀਨ ਆਰਮਜ਼ ਐਕਟ ਦੀ ਧਾਰਾ 25 ਤਹਿਤ ਥਾਣਾ ਛੇਹਰਟਾ ਵਿਖੇ ਦਰਜ ਕੀਤਾ ਗਿਆ ਹੈ।------------

10-Held-With-6-Pistols-4-4kg-Heroin-500-gm-Opium-12-9l-Drug-Money-And-One-Drone-In-Amritsar


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead ↑