June 27, 2026 23:31:55

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਐਮਰਜੈਂਸੀ ਦਿਲ ਦੇ ਇਲਾਜ ਨਾਲ ਪੰਜਾਬ ਵਿੱਚ ਬਚ ਰਹੀਆਂ ਹਨ ਅਣਗਿਣਤ ਜਾਨਾਂ, ਸਿਰਫ਼ 5 ਮਹੀਨਿਆਂ ਵਿੱਚ 6,000 ਤੋਂ ਵੱਧ ਕਾਰਡਿਅਕ ਪ੍ਰਕਿਰਿਆਵਾਂ ਕੀਤੀਆਂ

Jun27,2026 | Meenu Galhotra | Chandigarh

*ਸਮੇਂ ਸਿਰ ਇਲਾਜ ਲਈ ਪੈਸਿਆਂ ਦਾ ਪ੍ਰਬੰਧ ਨਾ ਹੋਣ ਕਰਕੇ ਕੋਈ ਵੀ ਪਰਿਵਾਰ ਹੁਣ ਆਪਣੇ ਪਰਿਵਾਰਕ ਮੈਂਬਰ ਨੂੰ ਨਹੀਂ ਗੁਆਏਗਾ— ਡਾ. ਬਲਬੀਰ ਸਿੰਘ*
*ਮੁੱਖ ਮੰਤਰੀ ਸਿਹਤ ਯੋਜਨਾ ਸਦਕਾ ਬਿਨਾਂ ਕਿਸੇ ਆਰਥਿਕ ਬੋਝ ਦੇ ਸਮੇਂ ਸਿਰ ਇਲਾਜ ਸੰਭਵ ਹੋ ਸਕਿਆ— ਸ਼ੇਖ ਜ਼ੀਸ਼ਾਨ ਕੁਰੈਸ਼ੀ, ਲਾਭਪਾਤਰੀ*
*ਹਾਰਟ ਅਟੈਕ ਦੌਰਾਨ ਹਰ ਮਿੰਟ ਕੀਮਤੀ ਹੁੰਦਾ ਹੈ ਅਤੇ ਕੈਸ਼ਲੈੱਸ ਇਲਾਜ ਡਾਕਟਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਰੀਜ਼ ਦੀ ਜਾਨ ਬਚਾਉਣ ਦਾ ਮੌਕਾ ਦਿੰਦਾ ਹੈ — ਡਾ. ਸੌਰਭ ਸ਼ਰਮਾ*


ਜਦੋਂ ਮਲੇਰਕੋਟਲਾ ਦੇ ਰਹਿਣ ਵਾਲੇ ਸ਼ੇਖ ਜ਼ੀਸ਼ਾਨ ਕੁਰੈਸ਼ੀ ਨੂੰ ਦਿਲ ਦੀ ਗੰਭੀਰ ਸਮੱਸਿਆ ਹੋਈ ਤਾਂ ਉਨ੍ਹਾਂ ਨੂੰ ਤੁਰੰਤ ਇਲਾਜ ਦੀ ਲੋੜ ਪਈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਪਰਕਿਊਟੇਨਿਅਸ ਟ੍ਰਾਂਸਲਿਊਮਿਨਲ ਕੋਰੋਨਰੀ ਐਂਜਿਓਪਲਾਸਟੀ (ਪੀਟੀਸੀਏ), ਜਿਸਨੂੰ ਆਮ ਤੌਰ ’ਤੇ ਐਂਜਿਓਪਲਾਸਟੀ ਕਿਹਾ ਜਾਂਦਾ ਹੈ, ਦੇ ਨਾਲ ਡਾਇਗਨੋਸਟਿਕ ਐਂਜਿਓਗ੍ਰਾਮ ਕੀਤਾ।
ਪੀਟੀਸੀਏ ਇੱਕ ਜੀਵਨ ਬਚਾਉਣ ਵਾਲੀ ਪ੍ਰਕਿਰਿਆ ਹੈ, ਜਿਸ ਰਾਹੀਂ ਦਿਲ ਦੀਆਂ ਧਮਨੀਆਂ ਵਿੱਚ ਆਈ ਰੁਕਾਵਟ ਨੂੰ ਦੂਰ ਕਰਕੇ ਖੂਨ ਦਾ ਪ੍ਰਵਾਹ ਮੁੜ ਬਹਾਲ ਕੀਤਾ ਜਾਂਦਾ ਹੈ। ਡਾਕਟਰਾਂ ਦੇ ਅਨੁਸਾਰ ਹਾਰਟ ਅਟੈਕ ਦੌਰਾਨ ਹਰ ਮਿੰਟ ਬਹੁਤ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਲਾਜ ਵਿੱਚ ਦੇਰੀ ਨਾਲ ਦਿਲ ਨੂੰ ਸਥਾਈ ਨੁਕਸਾਨ ਪਹੁੰਚ ਸਕਦਾ ਹੈ ਅਤੇ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ। ਪਰ ਕਈ ਪਰਿਵਾਰਾਂ ਲਈ ਐਮਰਜੈਂਸੀ ਇਲਾਜ ਲਈ ਤੁਰੰਤ ਪੈਸਿਆਂ ਦਾ ਪ੍ਰਬੰਧ ਕਰਨਾ ਮੁਸ਼ਕਲ ਹੁੰਦਾ ਹੈ, ਜਿਸ ਕਾਰਨ ਇਲਾਜ ਵਿੱਚ ਕਾਫ਼ੀ ਦੇਰੀ ਹੋ ਜਾਂਦੀ ਹੈ।
ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਇਸ ਆਰਥਿਕ ਰੁਕਾਵਟ ਨੂੰ ਦੂਰ ਕਰਦਿਆਂ ਯੋਗ ਪਰਿਵਾਰਾਂ ਨੂੰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾ ਰਹੀ ਹੈ। ਸ਼ੇਖ ਜ਼ੀਸ਼ਾਨ ਕੁਰੈਸ਼ੀ ਦੇ ਮਾਮਲੇ ਵਿੱਚ 80,320 ਰੁਪਏ ਦੇ ਇਲਾਜ ਦਾ ਸਾਰਾ ਖ਼ਰਚਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਵਰ ਕੀਤਾ ਗਿਆ। ਸ਼ੇਖ ਜ਼ੀਸ਼ਾਨ ਕੁਰੈਸ਼ੀ ਨੇ ਕਿਹਾ, “ਮੇਰੇ ਅਤੇ ਮੇਰੇ ਪਰਿਵਾਰ ਲਈ ਇਹ ਬਹੁਤ ਵੱਡੀ ਰਾਹਤ ਸੀ ਕਿ ਮੇਰਾ ਇਲਾਜ ਸਮੇਂ ਸਿਰ ਅਤੇ ਬਿਨਾਂ ਕਿਸੇ ਆਰਥਿਕ ਬੋਝ ਦੇ ਹੋ ਗਿਆ। ਮੁੱਖ ਮੰਤਰੀ ਸਿਹਤ ਯੋਜਨਾ ਨੇ ਪੰਜਾਬ ਭਰ ਦੇ ਲੋਕਾਂ ਲਈ ਐਮਰਜੈਂਸੀ ਸਿਹਤ ਸੇਵਾਵਾਂ ਤੱਕ ਪਹੁੰਚ ਹੋਰ ਆਸਾਨ ਬਣਾ ਦਿੱਤੀ ਹੈ।”
ਰਾਜ ਸਿਹਤ ਏਜੰਸੀ (ਐੱਸਐੱਚਏ), ਪੰਜਾਬ ਅਨੁਸਾਰ, ਪਿਛਲੇ ਪੰਜ ਮਹੀਨਿਆਂ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 6,000 ਤੋਂ ਵੱਧ ਕਾਰਡਿਅਕ ਪ੍ਰਕਿਰਿਆਵਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਪੀਟੀਸੀਏ ਪ੍ਰਕਿਰਿਆਵਾਂ ਸ਼ਾਮਲ ਹਨ, ਜਿਸ ਨਾਲ ਮਰੀਜ਼ਾਂ ਨੂੰ ਹਸਪਤਾਲ ਦੇ ਖ਼ਰਚ ਦੀ ਚਿੰਤਾ ਤੋਂ ਬਿਨਾਂ ਤੁਰੰਤ ਇਲਾਜ ਮਿਲ ਸਕਿਆ। ਡਾਇਗਨੋਸਟਿਕ ਐਂਜਿਓਗ੍ਰਾਮ ਸਮੇਤ ਪੀਟੀਸੀਏ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 64.82 ਕਰੋੜ ਰੁਪਏ ਦੇ ਖ਼ਰਚ ਨਾਲ ਦੂਜੀ ਸਭ ਤੋਂ ਵੱਧ ਖ਼ਰਚ ਵਾਲੀ ਇਲਾਜ ਸ਼੍ਰੇਣੀ ਹੈ, ਜੋ ਸਿਰਫ਼ ਗੋਡੇ ਬਦਲਣ (ਨੀ ਰਿਪਲੇਸਮੈਂਟ) ਤੋਂ ਬਾਅਦ ਆਉਂਦੀ ਹੈ। ਇਸ ਇਲਾਜ ਦਾ ਲਾਭ ਹੁਣ ਤੱਕ ਪੰਜਾਬ ਦੇ 6,138 ਮਰੀਜ਼ਾਂ ਨੂੰ ਮਿਲਿਆ ਹੈ ਅਤੇ ਮਰੀਜ਼ਾਂ ਦੀ ਗਿਣਤੀ ਦੇ ਆਧਾਰ ’ਤੇ ਇਹ ਯੋਜਨਾ ਵਿੱਚ ਛੇਵੇਂ ਸਥਾਨ ’ਤੇ ਹੈ। ਪ੍ਰਤੀ ਮਾਮਲਾ ਔਸਤ ਇਲਾਜ ਲਾਗਤ 1,05,611 ਰੁਪਏ (ਲਗਭਗ 1.06 ਲੱਖ ਰੁਪਏ) ਰਹੀ ਹੈ। ਹਾਲਾਂਕਿ, ਹਰ ਮਰੀਜ਼ ਦੀ ਸਥਿਤੀ ਅਨੁਸਾਰ ਇਲਾਜ ਦੀ ਲਾਗਤ ਵੱਖ-ਵੱਖ ਹੋ ਸਕਦੀ ਹੈ।
ਹਾਰਟ ਅਟੈਕ ਦੌਰਾਨ ਪੀਟੀਸੀਏ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਜੀਵਨ ਬਚਾਉਣ ਵਾਲਾ ਇਲਾਜ ਹੈ, ਜਿਸ ਨੂੰ ਸਮੇਂ ਸਿਰ ਕਰਨਾ ਮਰੀਜ਼ ਦੀ ਜਾਨ ਬਚਾਉਣ ਲਈ ਬੇਹੱਦ ਜ਼ਰੂਰੀ ਹੁੰਦਾ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਉਪਲੱਬਧ ਕੈਸ਼ਲੈੱਸ ਸਹੂਲਤ ਸਦਕਾ ਹਸਪਤਾਲ ਆਰਥਿਕ ਰਸਮੀ ਕਾਰਵਾਈਆਂ ਦੀ ਉਡੀਕ ਕੀਤੇ ਬਿਨਾਂ ਤੁਰੰਤ ਇਲਾਜ ਸ਼ੁਰੂ ਕਰ ਸਕਦੇ ਹਨ।
ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੀ 60 ਸਾਲਾ ਹਰਜਿੰਦਰ ਕੌਰ ਨੇ ਵੀ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਲਿਆ। ਅੰਮ੍ਰਿਤਸਰ ਦੇ ਮਹਾਜਨ ਹਸਪਤਾਲ ਵਿੱਚ ਉਨ੍ਹਾਂ ਦੀ ਪੀਟੀਸੀਏ, ਡਾਇਗਨੋਸਟਿਕ ਐਂਜਿਓਗ੍ਰਾਮ ਅਤੇ ਅਸਥਾਈ ਪੇਸਮੇਕਰ ਇੰਪਲਾਂਟੇਸ਼ਨ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਗੁਰਮੀਤ ਸਿੰਘ, ਜੋ ਇੱਕ ਕਿਸਾਨ ਹਨ, ਨੇ ਦੱਸਿਆ ਕਿ ਉਹ ਆਪਣੇ ਪੱਧਰ ’ਤੇ ਇਸ ਇਲਾਜ ਦਾ ਖ਼ਰਚ ਨਹੀਂ ਝੱਲ ਸਕਦੇ ਸਨ।
ਉਨ੍ਹਾਂ ਕਿਹਾ, “ਜੇ ਸਿਹਤ ਕਾਰਡ ਨਾ ਹੁੰਦਾ ਤਾਂ ਮੈਂ ਆਪਣੀ ਮਾਂ ਦਾ ਇਲਾਜ ਨਹੀਂ ਕਰਵਾ ਸਕਦਾ ਸੀ। ਇਲਾਜ ਦਾ ਖ਼ਰਚ ਸਾਡੀ ਸਮਰੱਥਾ ਤੋਂ ਬਾਹਰ ਸੀ। ਅੱਜ ਮੇਰੀ ਮਾਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਬਦੌਲਤ ਠੀਕ ਹੋ ਰਹੀ ਹੈ।”
ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਕਾਰਡੀਓਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਡਾ. ਸੌਰਭ ਸ਼ਰਮਾ ਨੇ ਕਿਹਾ ਕਿ ਪੀਟੀਸੀਏ ਹਾਰਟ ਅਟੈਕ ਦੇ ਮਰੀਜ਼ਾਂ ਲਈ ਸਭ ਤੋਂ ਮਹੱਤਵਪੂਰਨ ਐਮਰਜੈਂਸੀ ਇਲਾਜਾਂ ਵਿੱਚੋਂ ਇੱਕ ਹੈ।
ਉਨ੍ਹਾਂ ਕਿਹਾ, “ਇਲਾਜ ਵਿੱਚ ਹਰ ਮਿੰਟ ਦੀ ਦੇਰੀ ਨਾਲ ਦਿਲ ਨੂੰ ਸਥਾਈ ਨੁਕਸਾਨ ਪਹੁੰਚਣ ਦਾ ਖ਼ਤਰਾ ਵੱਧ ਜਾਂਦਾ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਇਲਾਜ ਉਪਲੱਬਧ ਹੋਣ ਕਾਰਨ ਡਾਕਟਰ ਪਰਿਵਾਰ ਵੱਲੋਂ ਪੈਸਿਆਂ ਦਾ ਪ੍ਰਬੰਧ ਕਰਨ ਦੀ ਉਡੀਕ ਕੀਤੇ ਬਿਨਾਂ ਤੁਰੰਤ ਇਲਾਜ ਸ਼ੁਰੂ ਕਰ ਸਕਦੇ ਹਨ।”
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਯੋਜਨਾ ਪੰਜਾਬ ਭਰ ਵਿੱਚ ਐਮਰਜੈਂਸੀ ਦਿਲ ਦੇ ਇਲਾਜ ਤੱਕ ਲੋਕਾਂ ਦੀ ਪਹੁੰਚ ਨੂੰ ਬਿਹਤਰ ਬਣਾ ਰਹੀ ਹੈ। ਉਨ੍ਹਾਂ ਕਿਹਾ, “ਕੈਸ਼ਲੈੱਸ ਇਲਾਜ ਦੀ ਸਹੂਲਤ ਨਾਲ ਮੈਡੀਕਲ ਐਮਰਜੈਂਸੀ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਿਚਕਚਾਹਟ ਘੱਟ ਹੋਈ ਹੈ। ਹੁਣ ਵੱਧ ਤੋਂ ਵੱਧ ਲੋਕ ਸਮੇਂ ਸਿਰ ਹਸਪਤਾਲ ਪਹੁੰਚ ਰਹੇ ਹਨ ਅਤੇ ਡਾਕਟਰ ਬਿਨਾਂ ਕਿਸੇ ਆਰਥਿਕ ਦੇਰੀ ਦੇ ਤੁਰੰਤ ਇਲਾਜ ਸ਼ੁਰੂ ਕਰ ਸਕਦੇ ਹਨ। ਇਸ ਨਾਲ ਜਾਨਾਂ ਬਚਾਉਣ ਵਿੱਚ ਮਦਦ ਮਿਲ ਰਹੀ ਹੈ।”
ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵਧ ਰਹੀਆਂ ਕਾਰਡਿਅਕ ਪ੍ਰਕਿਰਿਆਵਾਂ ਦੀ ਗਿਣਤੀ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਵਿੱਚ ਯੋਜਨਾ ਪ੍ਰਤੀ ਜਾਗਰੂਕਤਾ ਵਧੀ ਹੈ ਅਤੇ ਸਰਕਾਰ ਵੱਲੋਂ ਸਮਰਥਿਤ ਸਿਹਤ ਸੇਵਾਵਾਂ ਉੱਤੇ ਉਨ੍ਹਾਂ ਦਾ ਭਰੋਸਾ ਮਜ਼ਬੂਤ ਹੋਇਆ ਹੈ।
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਪਰਿਵਾਰਾਂ ਨੂੰ ਕੈਸ਼ਲੈੱਸ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ, ਜਿਸ ਵਿੱਚ ਅਤਿ ਆਧੁਨਿਕ ਢੰਗ ਨਾਲ ਦਿਲ ਦੇ ਇਲਾਜ ਸਮੇਤ ਕਈ ਤਰ੍ਹਾਂ ਦੀਆਂ ਮੈਡੀਕਲ ਸੇਵਾਵਾਂ ਸ਼ਾਮਲ ਹਨ।

Cashless-Emergency-Heart-Treatment-Under-Mukh-Mantri-Sehat-Yojana-Is-Saving-Lives-Across-Punjab-With-More-Than-6-000-Cardiac-Procedures-Performed-In-Just-5-Months


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead