ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀ ਇਹ ਨਜ਼ਾਰਾ : ਸਰਪੰਚ
ਬੁੱਢੇ ਦਰਿਆ ਵਿੱਚ ਛੱਡਿਆ ਗਿਆ 150 ਕਿਊਸਿਕ ਸਾਫ਼ ਪਾਣੀ
35 ਸਾਲਾਂ ਬਾਅਦ ਬੁੱਢੇ ਦੁਿਰਆ ਵਿੱਚ ਸਾਫ ਪਾਣੀ ਦੇਖਕੇ ਪਿੰਡ ਵਾਲਿਆਂ ਨੇ ਵੰਡਿਆ ਦਲੀਆ
ਦਰਿਆ ਦੇ ਰਹਿੰਦੇ ਹਿੱਸੇ ਦੀ ਸਫਾਈ ਲਗਾਤਾਰ ਜਾਰੀ
ਲੁਧਿਆਣਾ, 28 ਮਾਰਚ
“ਸੀਚੇਵਾਲ ਮਾਡਲ” ਦੇ ਸਦਕਾ ਬੁੱਢੇ ਦਰਿਆ ਵਿੱਚ ਦਹਾਕਿਆਂ ਬਾਅਦ ਸਾਫ਼ ਪਾਣੀ ਵਗਣ ਲੱਗ ਗਿਆ ਹੈ। ਬੁੱਢੇ ਦਰਿਆ ਦੀ ਪਵਿੱਤਰਤਾ ਬਹਾਲ ਕਰਨ ਦੇ ਯਤਨਾਂ ਵਿੱਚ ਲੱਗੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਦਾ ਸਿਹਰਾ ਸੰਗਤਾਂ ਸਿਰ ਬੰਨ੍ਹਦਿਆ ਕਿਹਾ ਕਿ ਇਹ ਇਤਿਹਾਸਿਕ ਮੋੜਾ ਹੈ ਜਦੋਂ ਦਹਾਕਿਆ ਬਾਅਦ ਬੁੱਢੇ ਦਰਿਆ ਵਿੱਚ ਸਾਫ ਪਾਣੀ ਵਗਣ ਦੀ ਮੁੜ ਸ਼ੁਰੂਆਤ ਹੋਈ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਗੁਰਦੁਆਰਾ ਗਊਘਾਟ ਤੱਕ ਜਿੱਥੋਂ ਜਿੱਥੋਂ ਵੀ ਦਰਿਆ ਵਿੱਚ ਗੰਦਾ ਪਾਣੀ ਪੈਂਦਾ ਸੀ। ਉਸਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਦਰਿਆ ਵਿੱਚ ਸਭ ਤੋਂ ਵੱਧ ਗੋਹਾ ਪੈ ਰਿਹਾ ਸੀ ਜਿਹੜਾ ਕਿ ਚਾਰ ਚਾਰ ਫੱੁਟ ਤੋਂ ਵੀ ਵੱਧ ਸੀ। ਇਸਦੇ ਕਿਨਾਰੇ ਤੇ 72 ਦੇ ਕਰੀਬ ਡੇਅਰੀਆਂ ਸਨ। ਜਿਸਦਾ ਸਿੱਧਾ ਗੋਹਾ ਤੇ ਮੁਤਰਾਲ ਬੁੱਢੇ ਦਰਿਆ ਵਿੱਚ ਪਾਇਆ ਜਾ ਰਿਹਾ ਸੀ। ਪਿਛਲੇ ਢਾਈ ਮਹੀਨਿਆਂ ਤੋਂ ਜਿੱਥੇ ਦਰਿਆ ਵਿੱਚੋਂ ਗੋਹਾ ਕੱਢਿਆ ਗਿਆ ਉੱਥੇ 5 ਪਿੰਡਾਂ ਵਿੱਚ ਸੀਚੇਵਾਲ ਮਾਡਲ ਸਥਾਪਿਤ ਕੀਤੇ ਗਏ। ਜ਼ਿਕਰਯੋਗ ਹੈ ਕਿ ਕੂੰਮਕਲਾਂ ਡਰੇਨ ਤੋਂ ਲੈ ਕੇ ਗੁਰਦੁਆਰਾ ਗਊਘਾਟ ਤੱਕ ਹੁਣ ਬੁੱਢਾ ਦਰਿਆ ਵਿੱਚ ਸਾਫ਼ ਪਾਣੀ ਦੀ ਆਮਦ ਹੋ ਚੁੱਕੀ ਹੈ। ਬਾਕੀ ਦੇ ਰਹਿੰਦੇ ਹਿੱਸੇ ਦੀ ਸਫਾਈ ਜਾਰੀ।
ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱੁਢੇ ਦਰਿਆ ਵਿੱਚ ਪਹਿਲੇ ਦਿਨ 100 ਕਿਊਸਿਕ ਪਾਣੀ ਛੱਡਿਆ ਗਿਆ ਸੀ। ਜਿਸਤੋਂ ਬਾਅਦ ਰੋਜ਼ਾਨਾ ਇਸ ਵਿੱਚ 20 ਕਿਊਸਿਕ ਪਾਣੀ ਦਾ ਵਾਧਾ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਕੱੁਝ ਦਿਨਾਂ ਵਿੱਚ ਹੀ ਬੱੁਢੇ ਦਰਿਆ ਵਿੱਚ 200 ਕਿਊਸਿਕ ਪਾਣੀ ਵਗੇਗਾ।
ਭੂਖੜੀ ਖੁਰਦ ਨੇੜੇ 35 ਸਾਲਾਂ ਬਾਅਦ ਪਹੁੰਚੇ ਸਾਫ਼ ਪਾਣੀ ਨੂੰ ਦਿਖਾ ਕਿ ਪਿੰਡ ਵਾਸੀਆਂ ਦੇ ਚਿਹਰੇ ਖਿੜ ਉਠੇ। ਸਾਫ਼ ਪਾਣੀ ਆਉਣ ਤੇ ਸਰਪੰਚ ਸਤਪਾਲ ਸਿੰਘ ਤੇ ਨੰਬਰਦਾਰ ਨਰਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਦਲੀਆ ਵੰਡ ਕਿ ਇਸ ਇਤਿਹਾਸਕ ਪਲ ਦੀ ਖੁਸ਼ੀ ਮਨਾਈ। ਜ਼ਿਕਰਯੋਗ ਹੈ ਕਿ ਪਹਿਿਲਆਂ ਸਮਿਆਂ ਵਿੱਚ ਵੀ ਜਦੋਂ ਨਲਕਿਆਂ ਅਤੇ ਮੋਟਰਾਂ ਦੇ ਬੋਰ ਪਹਿਲੀ ਵਾਰ ਚਾਲੂ ਕੀਤੇ ਜਾਂਦੇ ਸਨ ਤਾਂ ਪਾਣੀ ਆਉਣ ਤੇ ਦਲੀਆ ਵੰਡਿਆ ਜਾਂਦਾ ਸੀ ਤੇ ਖਵਾਜ਼ਾ ਪੀਰ ਨੂੰ ਯਾਦ ਕੀਤਾ ਜਾਂਦਾ ਸੀ। ਪਿੰਡ ਵਾਸੀਆਂ ਨੇ ਇਸੇ ਪੁਰਾਤਨ ਰਸਮ ਨੂੰ ਨਿਭਾਇਆ।
ਪਿੰਡ ਭੂਖੜੀ ਖੁਰਦ ਦੇ ਸਰਪੰਚ ਸਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਇਸ ਜਨਮ ਵਿੱਚ ਇੱਥੇ ਅਜਿਹਾ ਸਾਫ਼ ਪਾਣੀ ਦੇਖ ਸਕਣਗੇ। ਉਹਨਾਂ ਇਸ ਨਜ਼ਾਰੇ ਨੂੰ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀ ਦੱਸਿਆ। ਉਹਨਾਂ ਕਿਹਾ ਕਿ ਹੁਣ ਇਸ ਦਰਿਆ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਇਸੇ ਪਿੰਡ ਦੇ ਹੀ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਸਾਫ਼ ਪਾਣੀ ਧਨਾਨਸੂ ਪਿੰਡ ਤੱਕ ਹੀ ਵਗਦਾ ਸੀ ਕਿਉਂਕਿ ਭੂਖੜੀ ਖੁਰਦ ਵਿੱਚ ਡੇਅਰੀਆਂ ਦਾ ਗੋਹਾ ਤੇ ਮੁਤਰਾਲ ਵੱਡੇ ਪੱਧਰ ਤੇ ਪੈ ਰਿਹਾ ਸੀ।
ਇਹ ਕ੍ਰਿਸ਼ਮਾ ਪਹਿਲੀ ਵਾਰ ਨਹੀ ਹੋਇਆ : ਕਾਰਸੇਵਕ
ਘਾਟਾਂ ਦੀ ਸੇਵਾ ਕਰ ਰਹੇ ਸੇਵਾਦਾਰਾਂ ਨੇ ਖੁਸ਼ੀ ਜ਼ਾਹਿਰ ਕਰਦਿਆ ਕਿਹਾ ਕਿ ਇਹ ਕ੍ਰਿਸ਼ਮਾ ਉਹਨਾਂ ਇਸਤੋਂ ਪਹਿਲਾਂ ਵੀ ਦੇਖਿਆ ਹੈ। ਜਦੋਂ ਪਵਿੱਤਰ ਵੇਂਈ ਦੀ ਕਾਰਸੇਵਾ ਦੌਰਾਨ ਵੇਂਈ ਵਿੱਚ ਦਹਾਕਿਆਂ ਬਾਅਦ ਸਾਫ਼ ਪਾਣੀ ਦੀ ਆਹਟ ਸੁਣਾਈ ਦਿੱਤੀ ਸੀ। ਸੇਵਾਦਾਰ ਹਰਦੀਪ ਸਿੰਘ ਟੀਟੂ ਨੇ ਦੱਸਿਆ ਕਿ ਇਸਤੋਂ ਪਹਿਲਾਂ ਵੀ ਸੰਤ ਸੀਚੇਵਾਲ ਜੀ ਵੱਲੋਂ ਸੁਲਤਾਨਪੁਰ ਲੋਧੀ ਘਾਟ ਬਣਾਉਣ ਤੋਂ ਬਾਅਦ ਵੇਂਈ ਦੇ ਮੁੱਢ ਸਰੋਤ ਤੋਂ ਇਸਦੀ ਸਫਾਈ ਸ਼ੁਰੂ ਕੀਤੀ ਸੀ। ਇਸੇ ਤਰ੍ਹਾਂ ਬੱੁਢੇ ਦਰਿਆ ਤੇ ਵੀ ਘਾਟ ਬਣਾਉਣ ਦੀ ਸੇਵਾ ਜਾਰੀ ਹੈ ਤੇ ਨਾਲ ਹੀ ਪਿੱਛੋਂ ਇਸਦੀ ਸਫਾਈ ਦੀ ਸੇਵਾ ਵੀ ਜਾਰੀ ਹੈ।
ਦਰਿਆ ਵਿੱਚ ਸਾਫ਼ ਪਾਣੀ ਵਗਦਾ ਦੇਖ ਬਾਗੋਬਾਗ ਹੋਏ ਕੈਬਨਿਟ ਮੰਤਰੀ
ਵਿਧਾਨ ਸਭਾ ਹਲਕੇ ਸਹਾਨੇਵਾਲ ਦੀ ਪ੍ਰਤੀਨਿਧਤਾ ਕਰਦੇ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਬੁੱਢੇ ਦਰਿਆ ਵਿੱਚ ਸਾਫ਼ ਪਾਣੀ ਦੀ ਆਮਦ ਹੋਣ ਤੇ ਵਾਤਾਵਰਣ ਪ੍ਰੇੁਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਲੋਕਾਂ ਵਿੱਚ ਇਹ ਯਕੀਨ ਬਣਿਆ ਹੋਇਆ ਸੀ ਕਿ ਬੁੱਢਾ ਦਰਿਆ ਕਦੇ ਸਾਫ਼ ਨਹੀ ਹੋ ਸਕਦਾ ਪਰ ਸੰਤ ਸੀਚੇਵਾਲ ਜੀ ਨੇ ਲੋਕਾਂ ਦੀ ਇਸ ਧਾਰਨਾ ਨੂੰ ਤੋੜਦਿਆ ਸਾਬਿਤ ਕਰ ਦਿੱਤਾ ਹੈ ਕਿ ਦੁਨੀਆ ਵਿੱਚ ਕੋਈ ਵੀ ਕੰਮ ਅਸੰਭਵ ਨਹੀ ਹੁੰਦਾ ਹੈ। ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਗੁਰਦੁਆਰਾ ਗਊਘਾਟ ਤੱਕ ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀ ਸੰਤ ਸੀਚੇਵਾਲ ਜੀ ਦੇ ਯਤਨਾ ਸਦਕਾ ਬੰਦ ਹੋ ਗਏ ਹਨ ਤੇ ਬਾਕੀ ਰਹਿੰਦੇ ਦਰਿਆ ਦੇ ਹਿੱਸੇ ਨੂੰ ਜਲਦ ਹੀ ਸਾਫ਼ ਕਰ ਦਿੱਤਾ ਜਾਵੇਗਾ।
Effect-Of-Seechewal-Model-After-Decades-Clean-Water-Flows-In-Budha-Dariya-Near-Bhukhri-Khurd
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)