February 16, 2026 07:25:21

ਪੀਏਯੂ ਦੇ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਬਣਨ ਵਿੱਚ ਸਮੂਹ ਕਰਮਚਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਹੋਈ, ਲੁਧਿਆਣਾ, 08.09.2025

Sep8,2025 | Meenu Galhotra | Ludhiana

ਅੱਜ ਪੀ ਏ ਯੂ ਦੇ ਡਾ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਯੂਨੀਵਰਸਿਟੀ ਦੇ ਸਮੂਹ ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਐਨ ਆਈ ਆਰ ਐਫ ਦੀ ਰੈਂਕਿੰਗ ਵਿੱਚ ਸਰਵੋਤਮ ਦਰਜਾ ਹਾਸਲ ਕਰਨ ਦੇ ਮੌਕੇ ਤੇ ਸਮੂਹ ਕਰਮਚਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਹੋਈ।

ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਲਗਾਤਾਰ ਤੀਸਰੇ ਸਾਲ ਰਾਸ਼ਟਰ ਪੱਧਰ ਦੀ ਰੈਂਕਿੰਗ ਵਿੱਚ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਨਾਮਜ਼ਦ ਹੋਣਾ ਸਭ ਲਈ ਮਾਣ ਵਾਲੀ ਗੱਲ ਹੈ। ਉਹਨਾਂ ਦੱਸਿਆ ਕਿ ਇਹ ਰੈਂਕਿੰਗ 2015 ਚ ਸ਼ੁਰੂ ਹੋਈ ਸੀ। ਪੀ ਏ ਯੂ ਨੇ ਤਿੰਨ ਸਾਲ ਪਹਿਲਾਂ ਇਸ ਰੈਂਕਿੰਗ ਲਈ ਆਪਣੀ ਨਾਮਜ਼ਦਗੀ ਭੇਜੀ ਅਤੇ ਉਸੇ ਸਾਲ ਇਸ ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਕਰਾਰ ਦਿੱਤਾ ਗਿਆ।

ਇਸ ਵਿੱਚ ਇਸ ਵਰ੍ਹੇ ਕਈ ਵਰਗਾਂ ਵਿੱਚ 14 ਹਜ਼ਾਰ ਦੇ ਕਰੀਬ ਸੰਸਥਾਵਾਂ ਨੇ ਭਾਗ ਲਿਆ। ਦੇਸ਼ ਦੀਆਂ 75 ਰਾਜ ਖੇਤੀ ਯੂਨੀਵਰਸਿਟੀਆਂ ਵਿੱਚੋਂ ਪੀ ਏ ਯੂ ਨੇ ਸਰਵੋਤਮ ਰੈਂਕਿੰਗ ਹਾਸਿਲ ਕਰਕੇ ਜਿੱਤ ਨੂੰ ਲਗਾਤਾਰ ਤੀਸਰੇ ਸਾਲ ਵੀ ਕਾਇਮ ਰੱਖਿਆ।

ਡਾ ਗੋਸਲ ਨੇ ਕਿਹਾ ਕਿ ਸਿਖਰ ਤੇ ਆਉਣਾ ਔਖਾ ਹੈ, ਪਰ ਸਿਖਰ ਉਪਰ ਕਾਇਮ ਰਹਿਣਾ ਉਸ ਤੋਂ ਵੀ ਜ਼ਿਆਦਾ ਦੁਸ਼ਵਾਰ ਹੈ। ਇਸ ਕਾਰਜ ਲਈ ਵੱਧ ਮਿਹਨਤ,ਸਮਰਪਣ ਅਤੇ ਲਗਨ ਦੀ ਲੋੜ ਪੈਂਦੀ ਹੈ। ਉਹਨਾਂ ਕਿਹਾ ਕਿ ਪੀ ਏ ਯੂ ਦੇ ਸਮੂਹ ਕਾਰਜਾਂ ਵਿੱਚ ਗੈਰ- ਅਧਿਆਪਨ ਅਮਲਾ ਰੀੜ ਦੀ ਹੱਡੀ ਵਾਂਗ ਕਾਰਜ ਕਰਦਾ ਹੈ। ਬਹੁਤ ਸਾਰੇ ਕੰਮਾਂ ਦੀ ਕਲਪਨਾ ਸਮੂਹ ਕਰਮਚਾਰੀਆਂ ਦੇ ਸਹਿਯੋਗ ਤੋਂ ਬਿਨਾਂ ਕੀਤੀ ਹੀ ਨਹੀਂ ਜਾ ਸਕਦੀ। ਡਾ ਗੋਸਲ ਨੇ ਇਸ ਮੌਕੇ ਵੱਖ-ਵੱਖ ਖੋਜ ਪ੍ਰੋਜੈਕਟਾਂ ਵਿੱਚ ਯੋਗਦਾਨ ਨਵੀਆਂ ਕਿਸਮਾਂ ਦੇ ਵਿਕਾਸ ਵਿੱਚ ਯੋਗਦਾਨ ਅਤੇ ਪ੍ਰਕਾਸ਼ਨਾਵਾਂ ਵਿੱਚ ਨਿਰੰਤਰ ਸਹਿਯੋਗ ਲਈ ਸਮੂਹ ਕਰਮਚਾਰੀਆਂ ਦੀ ਸਲਾਘਾ ਕੀਤੀ। ਉਹਨਾਂ ਕਿਹਾ ਕਿ ਇਹ ਜਿੱਤ ਸਿਰਫ ਇੱਕ ਸਨਮਾਨ ਚਿੰਨ੍ਹ ਨਹੀਂ, ਬਲਕਿ ਇਸ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਯੂਨੀਵਰਸਿਟੀ ਦਾ ਰੁਤਬਾ ਬਰਕਰਾਰ ਹੁੰਦਾ ਹੈ,ਖੋਜ ਲਈ ਫੰਡਿੰਗ ਮਿਲਦੀ ਹੈ ਅਤੇ ਦੇਸ਼ ਵਿਦੇਸ਼ ਦੇ ਚੰਗੇ ਵਿਦਿਆਰਥੀ ਇੱਥੇ ਪੜਨ ਆਉਣਾ ਚਾਹੁੰਦੇ ਹਨ। ਡਾ ਗੋਸਲ ਨੇ ਇਸ ਰੈਂਕਿੰਗ ਲਈ ਅਪਣਾਏ ਜਾਣ ਵਾਲੇ ਵੱਖ-ਵੱਖ ਮਾਪਦੰਡਾਂ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਕਿਹਾ ਕਿ ਖੋਜ ਲਈ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਸਾਂਝੇਦਾਰੀਆਂ ਦਾ ਦਾਇਰਾ ਵਧਾਉਣ ਦੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।

ਇਸ ਮੌਕੇ ਬੋਲਦਿਆਂ ਪੀ ਏ ਯੂ ਦੇ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਆਈਏਐਸ ਨੇ ਕਿਹਾ ਕਿ ਇਹ ਪ੍ਰਾਪਤੀ ਹੋਰ ਵੀ ਅਹਿਮ ਹੋ ਜਾਂਦੀ ਹੈ,ਕਿਉਂਕਿ ਪੀਏਯੂ ਪਿਛਲੇ ਤਿੰਨ ਸਾਲਾਂ ਤੋਂ ਦੇਸ਼ ਵਿੱਚ ਹੀ ਅੱਵਲ ਨਹੀਂ ਰਿਹਾ ਬਲਕਿ ਪਿੱਛੇ ਜਿਹੇ ਐਜੂ ਰੈਂਕ ਦੀ ਰੈਂਕਿੰਗ ਵਿੱਚ ਅਸੀਂ ਦੁਨੀਆਂ ਦੀਆਂ ਸਰਵੋਤਮ 100 ਖੇਤੀ ਯੂਨੀਵਰਸਿਟੀਆਂ ਵਿੱਚ ਵੀ ਪੈਰ ਧਰਿਆ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦਾ ਨਿਸ਼ਾਨਾ ਆਉਂਦੇ ਸਾਲਾਂ ਵਿੱਚ ਦੁਨੀਆਂ ਦੀਆਂ ਸਰਵੋਤਮ 50 ਖੇਤੀ ਯੂਨੀਵਰਸਿਟੀਆਂ ਵਿੱਚ ਦਾਖਲ ਹੋਣਾ ਹੈ। ਇਸ ਕਾਰਜ ਲਈ ਸਮੂਹ ਅਮਲੇ ਨੂੰ ਡੱਟ ਕੇ ਮਿਹਨਤ ਕਰਨ ਦੀ ਲੋੜ ਹੈ। ਉਨਾਂ ਨੇ ਯੂਨੀਵਰਸਿਟੀ ਦੇ ਸਮੁੱਚੇ ਕਾਰਜਾਂ ਵਿੱਚ ਸਮੂਹ ਕਰਮਚਾਰੀਆਂ ਨੂੰ ਰੀੜ ਦੀ ਹੱਡੀ ਕਹਿੰਦਿਆਂ ਦੁਨੀਆਂ ਦੇ ਨਕਸ਼ੇ ਤੇ ਵੱਡਾ ਨਾਮ ਬਣਾਉਣ ਵਾਲੀ ਇਸ ਸੰਸਥਾ ਦੇ ਵਕਾਰ ਲਈ ਸਮੂਹ ਅਮਲੇ ਵੱਲੋਂ ਪਾਏ ਯੋਗਦਾਨ ਨੂੰ ਭਰਪੂਰ ਸਲਾਹੁਤਾ ਦਿੱਤੀ। ਨਾਲ ਹੀ ਡਾ ਸਿੰਘ ਨੇ ਕਿਹਾ ਕਿ ਸਮੇਂ ਦਾ ਹਾਣੀ ਹੋਣ ਦੇ ਲਈ ਸਾਨੂੰ ਹੋਰ ਸਮਰਪਣ ਅਤੇ ਮਿਹਨਤ ਦੀ ਲੋੜ ਹੈ। ਉਹਨਾਂ ਨੇ ਪੀ ਏ ਯੂ ਦੀਆਂ ਸਮੁੱਚੀਆਂ ਇਮਾਰਤਾਂ , ਬਗੀਚੀਆਂ ਅਤੇ ਖੇਤਾਂ ਵਿੱਚ ਪਸੀਨਾ ਡੋਲਣ ਵਾਲੇ ਗੈਰ ਅਧਿਆਪਨ ਅਮਲੇ ਲਈ ਸ਼ਲਾਘਾ ਭਰੇ ਬੋਲ ਕਹੇ।

ਇਸ ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾਕਟਰ ਵਿਸ਼ਾਲ ਵੈਕਟਰ ਨੇ ਕੀਤਾ ਇਸ ਮੌਕੇ ਸਮੁੱਚੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਤੋਂ ਸਮੂਹ ਕਰਮਚਾਰੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਸੰਚਾਰ ਕੇਂਦਰ ਵੱਲੋਂ ਯੂਨੀਵਰਸਿਟੀ ਦੇ ਵਰਚੁਅਲ ਟੂਰ ਬਾਰੇ ਬਣਾਈ ਗਈ ਡਾਕੂਮੈਂਟਰੀ ਵੀ ਇਸ ਮੌਕੇ ਪ੍ਰਦਰਸ਼ਿਤ ਕੀਤੀ ਗਈ।

Pau-Felicitates-Staff-For-Contribution-Towards-Securing-Top-Rank-Among-State-Agricultural-Universities


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead