March 15, 2026 01:04:23

ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿਟ: ਯੂਕੇ ਦੀ ਫਰਮ “3 ਐਸੋਸੀਏਟਸ” ਵੱਲੋਂ ਪੰਜਾਬ ਵਿੱਚ 1,407 ਕਰੋੜ ਰੁਪਏ ਦਾ ਨਿਵੇਸ਼

Mar13,2026 | Meenu Galhotra/Anupam | MOHALI (SAS NAGAR)

• ਉਦਯੋਗ ਮੰਤਰੀ ਸੰਜੀਵ ਅਰੋੜਾ ਦੀ ਲਗਾਤਾਰ ਪਹੁੰਚ ਅਤੇ ਨਿਵੇਸ਼ਕ-ਪੱਖੀ ਸੁਧਾਰਾਂ ਨਾਲ ਪੰਜਾਬ ਪ੍ਰਤੀ ਵਿਸ਼ਵ ਪੱਧਰ 'ਤੇ ਵਧਿਆ ਭਰੋਸਾ
• ਕੈਬਨਿਟ ਮੰਤਰੀ ਬੈਂਸ ਨੇ ਕੈਂਬ੍ਰਿਜ ਅਤੇ ਆਕਸਫੋਰਡ ਵਰਗੀਆਂ ਯੂਕੇ ਦੀਆਂ ਪ੍ਰਮੁੱਖ ਸੰਸਥਾਵਾਂ ਨਾਲ ਅਕਾਦਮਿਕ ਸਹਿਯੋਗ ਦੀ ਇੱਛਾ ਪ੍ਰਗਟਾਈ

ਪੰਜਾਬ ਵਿੱਚ ਨਿਵੇਸ਼ ਲਈ ਬਣੇ ਪ੍ਰੋ-ਇੰਡਸਟਰੀ ਮਾਹੌਲ 'ਤੇ ਵਿਸ਼ਵ ਪੱਧਰ 'ਤੇ ਵਧਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਦਿਆਂ ਯੂ.ਕੇ. ਅਧਾਰਿਤ ਕੰਪਨੀ “3 ਐਸੋਸੀਏਟਸ” ਨੇ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਤਹਿਤ ਸੂਬੇ ਵਿੱਚ 1,407 ਕਰੋੜ ਰੁਪਏ ਦੇ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ।
ਇਹ ਵੱਡਾ ਨਿਵੇਸ਼ ਐਲਾਨ ਪੰਜਾਬ ਦੇ ਉਦਯੋਗ ਅਤੇ ਵਪਾਰ ਮੰਤਰੀ ਸ੍ਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਕੀਤੀਆਂ ਲਗਾਤਾਰ ਨਿਵੇਸ਼ਕ ਸੰਪਰਕ ਮੁਹਿੰਮਾਂ ਅਤੇ ਨੀਤੀਗਤ ਸੁਧਾਰਾਂ ਦਾ ਨਤੀਜਾ ਹੈ, ਜਿਨ੍ਹਾਂ ਨੇ ਪੰਜਾਬ ਨੂੰ ਨਿਵੇਸ਼ ਲਈ ਇੱਕ ਪਸੰਦੀਦਾ ਮੰਜ਼ਿਲ ਵਜੋਂ ਉਭਾਰਿਆ ਹੈ।
ਇਸ ਨਿਵੇਸ਼ ਦਾ ਐਲਾਨ “3 ਐਸੋਸੀਏਟਸ” ਦੇ ਸੀਈਓ ਸ੍ਰੀ ਜਸਦੇਵ ਸੱਗਰ ਵੱਲੋਂ ਪਲਕਸ਼ਾ ਯੂਨੀਵਰਸਿਟੀ, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਆਯੋਜਿਤ ਇੱਕ ਉੱਚ ਪੱਧਰੀ ਸੈਸ਼ਨ ਸੈਸ਼ਨ "ਅਨਲੋਕਿੰਗ ਆਪਰਚੁਨਿਟੀਜ਼ ਅੰਡਰ ਸੀ.ਈ.ਟੀ.ਏ.: ਸਟਰੈਂਥਨਿੰਗ ਯੂਕੇ ਪੰਜਾਬ ਟਰੇਡ ਇਨਵੈਸਟਮੈਂਟ ਪਾਰਟਨਰਸ਼ਿਪਸ" ਦੌਰਾਨ ਕੀਤਾ ਗਿਆ। ਇਸ ਮੌਕੇ ਉਦਯੋਗ ਮੰਤਰੀ ਸ੍ਰੀ ਸੰਜੀਵ ਅਰੋੜਾ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੀ ਹਾਜ਼ਰ ਸਨ।
ਪ੍ਰਸਤਾਵਿਤ ਪ੍ਰੋਜੈਕਟ, ਜਿਸ ਦੀ ਅਨੁਮਾਨਿਤ ਗ੍ਰੋਸ ਡਿਵੈਲਪਮੈਂਟ ਵੈਲਯੂ (GDV) 4,700 ਕਰੋੜ ਰੁਪਏ ਹੈ, ਨਾਲ ਵੱਡੇ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ ਅਤੇ ਇਸ ਨਾਲ ਗਿਆਨ-ਅਧਾਰਿਤ ਅਤੇ ਡਿਜ਼ੀਟਲ ਅਰਥਵਿਵਸਥਾ ਦੇ ਖੇਤਰਾਂ ਵਿੱਚ ਪੰਜਾਬ ਦੀ ਅਗਵਾਈ ਹੋਰ ਮਜ਼ਬੂਤ ਹੋਵੇਗੀ।
ਇਸ ਮੌਕੇ ਬੋਲਦਿਆਂ ਉਦਯੋਗ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ “3 ਐਸੋਸੀਏਟਸ” ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪੰਜਾਬ 'ਤੇ ਭਰੋਸਾ ਜਤਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਨਿਵੇਸ਼ਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪ੍ਰੋ-ਐਕਟਿਵ ਗਵਰਨੈਂਸ, ਨੀਤੀਗਤ ਸਥਿਰਤਾ ਅਤੇ ਨਿਵੇਸ਼ਕ ਸਹਾਇਤਾ ਪ੍ਰਣਾਲੀਆਂ ਰਾਹੀਂ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸ਼੍ਰੀ ਅਰੋੜਾ ਨੇ ਦੱਸਿਆ ਕਿ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਕਈ ਮਹੀਨਿਆਂ ਤੋਂ ਚੱਲ ਰਹੀਆਂ ਵਿਸ਼ਵ ਪੱਧਰੀ ਪਹੁੰਚ ਮੁਹਿੰਮਾਂ, ਉਦਯੋਗਿਕ ਆਗੂਆਂ ਨਾਲ ਰਣਨੀਤਿਕ ਮੁਲਾਕਾਤਾਂ ਅਤੇ ਨਿਵੇਸ਼ ਇਰਾਦਿਆਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਕੀਤੇ ਲਗਾਤਾਰ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀਆਂ ਪ੍ਰਗਤੀਸ਼ੀਲ ਉਦਯੋਗ ਨੀਤੀਆਂ, ਕਾਰੋਬਾਰ ਕਰਨ ਦੀ ਪ੍ਰਕਿਰਿਆ ਵਿੱਚ ਸੁਧਾਰ, ਮਜ਼ਬੂਤ ਬੁਨਿਆਦੀ ਢਾਂਚਾ ਅਤੇ ਹੁਨਰਮੰਦ ਮਾਨਵ ਸੰਸਾਧਨ ਸੂਬੇ ਵਿੱਚ ਉਦਯੋਗਿਕ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਨ।
ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਵੀ ਉਦਯੋਗ ਮੰਤਰੀ ਵੱਲੋਂ ਪਿਛਲੇ ਕਈ ਮਹੀਨਿਆਂ ਦੌਰਾਨ ਇਤਿਹਾਸਕ ਨਿਵੇਸ਼ ਖਿੱਚਣ ਲਈ ਕੀਤੀਆਂ ਲਗਾਤਾਰ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਨਾਲ ਪੰਜਾਬ ਦੀ ਅਰਥਵਿਵਸਥਾ ਬਾਰੇ ਸਕਾਰਾਤਮਕ ਨਵਾਂ ਦ੍ਰਿਸ਼ਟੀਕੋਣ ਸਾਹਮਣੇ ਆ ਰਿਹਾ ਹੈ। ਉਨ੍ਹਾਂ ਨੇ ਖੁਰਾਕ ਪ੍ਰੋਸੈਸਿੰਗ ਅਤੇ ਐਡਵਾਂਸਡ ਮੈਨੂਫੈਕਚਰਿੰਗ ਵਰਗੇ ਖੇਤਰਾਂ ਵਿੱਚ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ 'ਤੇ ਜ਼ੋਰ ਦਿੰਦਿਆਂ ਯੂਕੇ ਦੀਆਂ ਆਧੁਨਿਕ ਸਿੱਖਿਆ ਸੰਸਥਾਵਾਂ ਜਿਵੇਂ ਕਿ ਕੈਂਬ੍ਰਿਜ ਅਤੇ ਆਕਸਫੋਰਡ ਨਾਲ ਅਕਾਦਮਿਕ ਸਾਂਝ ਬਣਾਉਣ ਦੀ ਵੀ ਪੇਸ਼ਕਸ਼ ਕੀਤੀ।
ਪੰਜਾਬ ਦੀਆਂ ਖਾਸੀਅਤਾਂ ਬਾਰੇ ਗੱਲ ਕਰਦਿਆਂ ਸ੍ਰੀ ਜਸਦੇਵ ਸੱਗਰ ਨੇ ਕਿਹਾ ਕਿ ਸੂਬੇ ਦੀ ਨੌਜਵਾਨ ਅਤੇ ਗਤੀਸ਼ੀਲ ਆਬਾਦੀ, ਮਜ਼ਬੂਤ ਸੰਸਥਾਗਤ ਢਾਂਚਾ ਅਤੇ ਪ੍ਰਗਤੀਸ਼ੀਲ ਨੀਤੀਗਤ ਮਾਹੌਲ ਕੰਪਨੀ ਦੇ ਪੰਜਾਬ ਵਿੱਚ ਨਿਵੇਸ਼ ਕਰਨ ਦੇ ਫੈਸਲੇ ਲਈ ਮਹੱਤਵਪੂਰਨ ਕਾਰਕ ਰਹੇ ਹਨ। ਉਨ੍ਹਾਂ ਪੰਜਾਬ ਨੂੰ ਲੰਬੇ ਸਮੇਂ ਦੇ ਵਿਕਾਸ ਅਤੇ ਨਵੀਨਤਾ-ਅਧਾਰਿਤ ਤਰੱਕੀ ਲਈ ਇੱਕ ਉਮੀਦਭਰੀ ਮੰਜ਼ਿਲ ਕਰਾਰ ਦਿੱਤਾ।
ਵਧੀਕ ਮੁੱਖ ਸਕੱਤਰ (ਤਕਨੀਕੀ ਸਿੱਖਿਆ) ਸ਼੍ਰੀ ਤੇਜਵੀਰ ਸਿੰਘ ਨੇ ਸੂਬੇ ਦੀ ਅਗਾਂਹ ਵਧੂ ਸੋਚ ਵਾਲੀ ਉਦਯੋਗ ਨੀਤੀ ਅਤੇ ਮੋਹਾਲੀ ਸਮੇਤ ਆਲੇ-ਦੁਆਲੇ ਦੇ ਖੇਤਰਾਂ ਵਿੱਚ ਉੱਚ ਸਿੱਖਿਆ ਸੰਸਥਾਵਾਂ, ਗਲੋਬਲ ਕੈਪੇਬਿਲਿਟੀ ਸੈਂਟਰਾਂ ਅਤੇ ਗਿਆਨ-ਅਧਾਰਿਤ ਉਦਯੋਗਾਂ ਦੀ ਸਥਾਪਨਾ ਲਈ ਮੌਜੂਦ ਰਣਨੀਤਿਕ ਫਾਇਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਯੂਕੇ ਦੀ ਡਿਪਟੀ ਹਾਈ ਕਮਿਸ਼ਨਰ ਮਿਸ ਅਲਬਾ ਸਮੇਰਿਗਲਿਓ ਨੇ ਕਿਹਾ ਕਿ ਪੰਜਾਬ–ਯੂਕੇ ਭਾਗੀਦਾਰੀ ਸਾਂਝੀਆਂ ਮਹੱਤਵਾਕਾਂਸ਼ਾਵਾਂ ਅਤੇ ਆਪਸੀ ਭਰੋਸੇ 'ਤੇ ਆਧਾਰਿਤ ਲੰਬੇ ਸਮੇਂ ਦੀ ਯਾਤਰਾ ਹੈ। ਉਨ੍ਹਾਂ ਦੱਸਿਆ ਕਿ ਭਾਰਤ–ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (CETA) ਨਾਲ ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਸੰਬੰਧ ਹੋਰ ਮਜ਼ਬੂਤ ਹੋਣਗੇ ਅਤੇ ਨਿਵੇਸ਼ ਤੇ ਸਹਿਯੋਗ ਲਈ ਨਵੇਂ ਮੌਕੇ ਖੁਲ੍ਹਣਗੇ।
ਯੂਕੇ ਦੇ ਡਿਪਾਰਟਮੈਂਟ ਫਾਰ ਬਿਜ਼ਨਸ ਐਂਡ ਟਰੇਡ ਤੋਂ ਸ਼੍ਰੀ ਹਰਜਿੰਦਰ ਕੰਗ ਨੇ ਹਿੱਸੇਦਾਰਾਂ ਨੂੰ ਭਾਰਤ ਅਤੇ ਯੂਕੇ ਵਿਚਕਾਰ ਸਾਂਝੀ ਖੁਸ਼ਹਾਲੀ ਲਈ ਉਭਰ ਰਹੇ ਮੌਕਿਆਂ ਦਾ ਲਾਭ ਲੈਣ ਦੀ ਅਪੀਲ ਕੀਤੀ। ਪੰਜਾਬ ਡਿਵੈਲਪਮੈਂਟ ਕਮਿਸ਼ਨ ਦੀ ਵਾਈਸ-ਚੇਅਰਪਰਸਨ ਮਿਸ ਸੀਮਾ ਬੰਸਲ ਵੀ ਇਸ ਸੈਸ਼ਨ ਦੌਰਾਨ ਮੌਜੂਦ ਸਨ।
ਇਹ ਤਾਜ਼ਾ ਨਿਵੇਸ਼ ਐਲਾਨ ਉਦਯੋਗ ਮੰਤਰੀ ਸ਼੍ਰੀ ਸੰਜੀਵ ਅਰੋੜਾ ਦੇ ਲਗਾਤਾਰ ਯਤਨਾਂ ਨਾਲ ਹਾਸਲ ਕੀਤੀਆਂ ਵੱਡੀਆਂ ਉਦਯੋਗਿਕ ਵਚਨਬੱਧਤਾਵਾਂ ਦੀ ਲੜੀ ਵਿੱਚ ਇੱਕ ਹੋਰ ਮਹੱਤਵਪੂਰਨ ਕੜੀ ਹੈ, ਜਿਸ ਨਾਲ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਨੂੰ ਸੂਬੇ ਦੀ ਆਰਥਿਕ ਤਬਦੀਲੀ ਦੀ ਯਾਤਰਾ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਬਣਾਉਣ ਵੱਲ ਮਜ਼ਬੂਤੀ ਮਿਲ ਰਹੀ ਹੈ।

Progressive-Punjab-Investors-Summit-Gains-Major-Momentum-Uk-Firm-3-Associates-Announces-1-407-crore-Investment


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead