ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਥਰਮਲ ਪਾਵਰ ਪਲਾਂਟਾਂ ਲਈ ਨਿਰਵਿਘਨ ਅਤੇ ਕਿਫ਼ਾਇਤੀ ਕੋਲੇ ਦੀ ਸਪਲਾਈ ਨੂੰ ਯਕੀਨੀ ਬਣਾਉਣ ਵੱਲ ਇੱਕ ਵੱਡੀ ਸਫ਼ਲਤਾ ਤਹਿਤ, ਵਿੱਤੀ ਸਾਲ 2024-25 ਵਿੱਚ ਆਪਣੀ ਪਛਵਾੜਾ ਕੇਂਦਰੀ ਕੋਲਾ ਖਾਨ ਵਿਖੇ 70 ਲੱਖ ਟਨ ਕੋਲਾ ਕੱਢ ਕੇ ਪੀਕ ਰੇਟਿਡ ਕਪੈਸਟੀ ਪ੍ਰਾਪਤ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ। ਇਹ ਜਾਣਕਾਰੀ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਕੈਬਨਿਟ ਮੰਤਰੀ ਸ. ਹਰਭਜਨ ਸਿੰਘ. ਨੇ ਕਿਹਾ ਕਿ ਪਛਵਾੜਾ ਖਾਨ, ਜੋ ਕਿ 31 ਮਾਰਚ, 2015 ਤੋਂ ਬੰਦ ਸੀ, ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਗਰਮ ਤੇ ਦੂਰਅੰਦੇਸ਼ ਅਗਵਾਈ ਹੇਠ ਦਸੰਬਰ 2022 ਵਿੱਚ ਸਫਲਤਾਪੂਰਵਕ ਮੁੜ ਸੁਰਜੀਤ ਕੀਤਾ ਗਿਆ। ਪੁਨਰ ਸੁਰਜੀਤੀ ਤੋਂ ਬਾਅਦ, ਇਸ ਕੋਲ ਖਾਨ ਨੇ ਪੀ.ਐਸ.ਪੀ.ਸੀ.ਐਲ. ਦੇ ਥਰਮਲ ਪਾਵਰ ਸਟੇਸ਼ਨਾਂ ਨੂੰ 115 ਲੱਖ ਟਨ ਕੋਲਾ ਸਪਲਾਈ ਕੀਤਾ ਹੈ, ਜਿਸ ਨਾਲ ਕੋਲ ਇੰਡੀਆ ਲਿਮਟਿਡ (ਸੀ.ਆਈ.ਐਲ.) ਤੋਂ ਪ੍ਰਾਪਤ ਕੀਤੇ ਗਏ ਕੋਲੇ ਦੇ ਮੁਕਾਬਲੇ 950 ਕਰੋੜ ਰੁਪਏ ਦੀ ਅਨੁਮਾਨਤ ਬੱਚਤ ਹੋਈ ਹੈ, ਜਿਸ ਨਾਲ ਬਿਜਲੀ ਉਤਪਾਦਨ ਲਾਗਤਾਂ ਵਿੱਚ ਕਾਫ਼ੀ ਕਮੀ ਆਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਛਵਾੜਾ ਖਾਨ ਵਿਖੇ ਉੱਚ ਦਰਜਾ ਪ੍ਰਾਪਤ ਸਮਰੱਥਾ ਪ੍ਰਾਪਤ ਕਰਨਾ ਇਹ ਦਰਸਾਉਂਦਾ ਹੈ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਊਰਜਾ ਸੁਰੱਖਿਆ, ਸੰਚਾਲਨ ਕੁਸ਼ਲਤਾ ਅਤੇ ਵਿੱਤੀ ਸੂਝ-ਬੂਝ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਮੀਲ ਪੱਥਰ ਕੋਲਾ ਖ਼ਰੀਦ ਵਿੱਚ ਸਵੈ-ਨਿਰਭਰਤਾ ਵਧਾਏਗਾ, ਬਾਹਰੀ ਸਰੋਤਾਂ ’ਤੇ ਨਿਰਭਰਤਾ ਘਟਾਏਗਾ ਅਤੇ ਪੰਜਾਬ ਲਈ ਬਿਜਲੀ ਸਪਲਾਈ ਨੂੰ ਸਥਿਰ ਕਰੇਗਾ।
ਇਸ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ, ‘‘ਪਛਵਾੜਾ ਖਾਨ ਵਿਖੇ ਇਹ ਸ਼ਾਨਦਾਰ ਸਫ਼ਲਤਾ ਪੰਜਾਬ ਦੀ ਊਰਜਾ ਸੁਰੱਖਿਆ ਨੂੰ ਵਧਾਉਣ ਪ੍ਰਤੀ ਵਿਭਾਗ ਦੇ ਸਮਰਪਣ ਨੂੰ ਦਰਸਾਉਂਦੀ ਹੈ। ਕੋਲੇ ਦੀ ਸਥਿਰ ਅਤੇ ਕਿਫਾਇਤੀ ਸਪਲਾਈ ਨੂੰ ਯਕੀਨੀ ਬਣਾ ਕੇ, ਅਸੀਂ ਖਪਤਕਾਰਾਂ ਨੂੰ ਭਰੋਸੇਯੋਗ ਅਤੇ ਕਿਫਾਇਤੀ ਬਿਜਲੀ ਪ੍ਰਦਾਨ ਕਰਨ ਲਈ ਵਚਨਬੱਧ ਹਾਂ।’’ ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਾਪਤੀ ਤੋਂ ਰਾਜ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਸਥਿਰ ਬਿਜਲੀ ਦਰਾਂ ਨੂੰ ਬਣਾਈ ਰੱਖਣ ਵਿੱਚ ਮਦਦ ਮਿਲਣ ਦੀ ਆਸ ਹੈ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਖਾਨ ਦੇ ਸੰਚਾਲਨ ਦੇ ਨਾਲ, ਪੀ.ਐਸ.ਪੀ.ਸੀ.ਐਲ. ਨੇ ਫਲੈਕਸੀ ਨੀਤੀ ਦੇ ਤਹਿਤ ਤਲਵੰਡੀ ਸਾਬੋ ਅਤੇ ਰਾਜਪੁਰਾ ਵਿਖੇ ਆਪਣੇ ਕੋਲ ਇੰਡੀਆ ਲਿੰਕੇਜ ਨੂੰ ਸੁਤੰਤਰ ਬਿਜਲੀ ਉਤਪਾਦਕਾਂ (ਆਈ.ਪੀ.ਪੀ.) ਨੂੰ ਤਬਦੀਲ ਕਰ ਦਿੱਤਾ ਹੈ, ਜਿਸ ਨਾਲ ਆਯਾਤ ਕੀਤੇ ਜਾਂ ਵਿਕਲਪਕ ਕੋਲੇ ਦੀ ਜ਼ਰੂਰਤ ਖਤਮ ਕਰਕੇ ਸਾਡੇ ਦੇਸ਼ ਲਈ ਕੀਮਤੀ ਵਿਦੇਸ਼ੀ ਮੁਦਰਾ ਨੂੰ ਬਚਾਉਣ ਵਿੱਚ ਯੋਗਦਾਨ ਪਾਇਆ। ਉੱਚ-ਗੁਣਵੱਤਾ ਵਾਲੇ ਕੋਲੇ ਦੀ ਉਪਲਬਧਤਾ ਨੇ ਪੀ.ਐਸ.ਪੀ.ਸੀ.ਐਲ. ਦੇ ਆਪਣੇ ਥਰਮਲ ਪਾਵਰ ਪਲਾਂਟਾਂ ਦੇ ਪਲਾਂਟ ਲੋਡ ਫੈਕਟਰ (ਪੀਐਲਐਫ) ਵਿੱਚ ਕਾਫ਼ੀ ਸੁਧਾਰ ਕੀਤਾ ਹੈ।
Pspcl-Achieves-Peak-Rated-Capacity-At-Pachwara-Coal-Mine-In-Fy-2024-25-Harbhajan-Singh-Eto
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)