ਸ਼ੈਰੀ ਕਲਸੀ ਨੇ ਭਾਜਪਾ ਦੀ ਨੀਅਤ 'ਤੇ ਚੁੱਕੇ ਸਵਾਲ : ਜਦੋਂ ਤੁਹਾਡੇ ਆਗੂ ਖੁੱਲ੍ਹ ਕੇ ਕਾਂਗਰਸੀ ਉਮੀਦਵਾਰ ਦਾ ਸਮਰਥਨ ਕਰ ਰਹੇ ਹਨ ਤਾਂ ਤੁਸੀਂ ਆਪਣਾ ਉਮੀਦਵਾਰ ਕਿਉਂ ਕੀਤਾ ਖੜ੍ਹਾ ?
ਭਾਜਪਾ ਤੇ ਕਾਂਗਰਸ ਕੁਰਸੀਆਂ ਪਿੱਛੇ ਅਕਸਰ ਸਮਝੌਤੇ ਕਰਦੇ ਰਹਿੰਦੇ ਹਨ, ਸਿਰਫ਼ ਆਮ ਆਦਮੀ ਪਾਰਟੀ ਇਮਾਨਦਾਰ: ਸ਼ੈਰੀ ਕਲਸੀ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਸੱਚ ਅਤੇ ਝੂਠ, ਇਮਾਨਦਾਰੀ ਅਤੇ ਭ੍ਰਿਸ਼ਟਾਚਾਰ ਦੇ ਵਿਚਕਾਰ ਦੀ ਲੜਾਈ: ਡਾ. ਆਹਲੂਵਾਲੀਆ
ਸਿਰਸਾ ਦੇ ਬਿਆਨ ਨੇ ਆਪ ਉਮੀਦਵਾਰ ਸੰਜੀਵ ਅਰੋੜਾ ਦੀ ਮਜ਼ਬੂਤ ਦਾਅਵੇਦਾਰੀ ਦੀ ਕੀਤੀ ਪੁਸ਼ਟੀ- ਹਰਚੰਦ ਸਿੰਘ ਬਰਸਟ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ 'ਤੇ ਮਿਲੀਭੁਗਤ ਦਾ ਦੋਸ਼ ਲਗਾਇਆ ਹੈ। ਇੱਕ ਪ੍ਰੈੱਸ ਕਾਨਫ਼ਰੰਸ ਵਿੱਚ, 'ਆਪ' ਪੰਜਾਬ ਦੇ ਜਨਰਲ ਸਕੱਤਰ ਡਾ. ਸੰਨੀ ਆਹਲੂਵਾਲੀਆ, ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਭਾਜਪਾ ਨੇਤਾਵਾਂ ਦੇ ਬਿਆਨਾਂ ਅਤੇ ਕਾਂਗਰਸ ਨਾਲ ਉਨ੍ਹਾਂ ਦੇ ਗੱਠਜੋੜ ਨੂੰ ਬੇਨਕਾਬ ਕੀਤਾ।
'ਆਪ' ਨੇਤਾ ਸ਼ੈਰੀ ਕਲਸੀ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਦੇ ਹਾਲੀਆ ਬਿਆਨ ਜਿਸ ਵਿੱਚ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਮਰਥਨ ਦੇ ਦਿਓ, ਪਰ 'ਆਪ' ਉਮੀਦਵਾਰ ਸੰਜੀਵ ਅਰੋੜਾ ਨੂੰ ਹਰਾਓ 'ਤੇ ਟਿੱਪਣੀ ਕਰਦਿਆਂ ਕਿਹਾ "ਅਸੀਂ ਵਾਰ-ਵਾਰ ਕਿਹਾ ਹੈ ਕਿ ਭਾਜਪਾ ਅਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਦੀ ਮਿਲੀਭੁਗਤ ਹੁਣ ਬੇਨਕਾਬ ਹੋ ਗਈ ਹੈ।"
ਸ਼ੈਰੀ ਕਲਸੀ ਨੇ ਕਿਹਾ ਕਿ ਇਹ ਚੋਣ ਸੱਚ ਅਤੇ ਝੂਠ, ਇਮਾਨਦਾਰ ਸ਼ਾਸਨ ਬਨਾਮ ਬੇਈਮਾਨੀ ਵਿਚਕਾਰ ਦੀ ਲੜਾਈ ਹੈ। ਉਨ੍ਹਾਂ ਕਿਹਾ, "ਭਾਜਪਾ ਆਗੂਆਂ ਦੇ ਬਿਆਨਾਂ ਨੇ ਉਨ੍ਹਾਂ ਦਾ ਮਖੌਟਾ ਬੇਨਕਾਬ ਕਰ ਦਿੱਤਾ ਹੈ। ਜੇਕਰ ਉਨ੍ਹਾਂ ਨੇ ਕਾਂਗਰਸ ਦਾ ਹੀ ਸਮਰਥਨ ਕਰਨਾ ਸੀ ਤਾਂ ਆਪਣਾ ਉਮੀਦਵਾਰ ਕਿਉਂ ਖੜ੍ਹਾ ਕੀਤਾ? ਆਪਣੇ ਉਮੀਦਵਾਰ ਦਾ ਖੁੱਲ੍ਹ ਕੇ ਸਮਰਥਨ ਨਾ ਕਰਨਾ ਉਨ੍ਹਾਂ ਦੀ ਝਿਜਕ ਅਤੇ ਉਨ੍ਹਾਂ ਦੇ ਲੁਕਵੇਂ ਏਜੰਡੇ ਬਾਰੇ ਬਹੁਤ ਕੁਝ ਦੱਸਦੀ ਹੈ।"
ਕਲਸੀ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਸਹੀ ਅਤੇ ਗ਼ਲਤ ਦੀ ਪਹਿਚਾਣ ਕਰਨ ਦੀ ਅਪੀਲ ਕੀਤੀ ਅਤੇ ਕਿਹਾ, "ਇਹ ਨਿਆਂ ਅਤੇ ਅਧਿਕਾਰਾਂ ਦੀ ਚੋਣ ਹੈ। ਭਾਜਪਾ ਅਤੇ ਕਾਂਗਰਸ ਨੇ ਸੱਤਾ ਲਈ ਸਮਝੌਤਾ ਕੀਤਾ ਹੈ, ਪਰ ਆਪ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ।"
ਮੀਡੀਆ ਨੂੰ ਸੰਬੋਧਨ ਕਰਦਿਆਂ ਡਾ. ਸੰਨੀ ਆਹਲੂਵਾਲੀਆ ਨੇ ਕਿਹਾ, "ਕਾਂਗਰਸ ਨੇ ਆਸ਼ੂ ਵਰਗੇ ਦਾਗੀਂ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਿਨ੍ਹਾਂ ਦਾ ਗੈਰ-ਕਾਨੂੰਨੀ ਸੌਦੇਬਾਜ਼ੀ ਅਤੇ ਜਨਤਕ ਜਾਇਦਾਦਾਂ 'ਤੇ ਕਬਜ਼ਿਆਂ ਦਾ ਇਤਿਹਾਸ ਰਿਹਾ ਹੈ। ਅਜਿਹੇ ਵਿਅਕਤੀ ਸਿਸਟਮ ਵਿੱਚ ਕਿਵੇਂ ਬਦਲਾਅ ਲਿਆ ਸਕਦੇ ਹਨ? ਦੂਜੇ ਪਾਸੇ, 'ਆਪ' ਆਮ ਪਰਿਵਾਰਾਂ ਦੇ ਇਮਾਨਦਾਰ ਵਿਅਕਤੀਆਂ ਨੂੰ ਵਿਧਾਇਕ ਅਤੇ ਮੰਤਰੀ ਬਣਾ ਕੇ ਸਸ਼ਕਤ ਬਣਾਉਂਦੀ ਹੈ।"
'ਆਪ' ਉਮੀਦਵਾਰ ਦੀ ਸਾਖ ਨੂੰ ਉਜਾਗਰ ਕਰਦੇ ਹੋਏ, ਡਾ. ਆਹਲੂਵਾਲੀਆ ਨੇ ਕਿਹਾ, "ਸੰਜੀਵ ਅਰੋੜਾ ਇੱਕ ਸਵੈ-ਨਿਰਮਿਤ ਕਾਰੋਬਾਰੀ ਅਤੇ ਸੇਵਾ-ਮੁਖੀ ਪਹੁੰਚ ਵਾਲੇ ਰਾਜ ਸਭਾ ਮੈਂਬਰ ਹਨ। ਉਹ ਲੁਧਿਆਣਾ ਦੇ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਅਤੇ ਕਾਰੋਬਾਰਾਂ ਦੀ ਤਰੱਕੀ ਲਈ ਵਚਨਬੱਧ ਹਨ। ਵਿਰੋਧੀ ਧਿਰ ਉਨ੍ਹਾਂ ਦੀ ਵਧਦੀ ਪ੍ਰਸਿੱਧੀ ਨੂੰ ਹਜ਼ਮ ਨਹੀਂ ਕਰ ਪਾ ਰਹੀ ਹੈ।"
ਹਰਚੰਦ ਸਿੰਘ ਬਰਸਟ ਨੇ ਕਿਹਾ, "ਭਾਜਪਾ-ਕਾਂਗਰਸ ਗੱਠਜੋੜ ਹੁਣ ਬੇਨਕਾਬ ਹੋ ਗਿਆ ਹੈ। ਸਿਰਸਾ ਦਾ ਬਿਆਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ 'ਆਪ' ਦੇ ਸੰਜੀਵ ਅਰੋੜਾ ਸਭ ਤੋਂ ਅੱਗੇ ਹਨ। ਲੁਧਿਆਣਾ ਦੇ ਲੋਕ ਸਮਝਦਾਰ ਹਨ ਉਹ ਅਜਿਹੀਆਂ ਚਾਲਾਂ ਦਾ ਵਿੱਚ ਨਹੀਂ ਫਸਣਗੇ। ਉਹ ਆਸ਼ੂ, ਭਾਜਪਾ ਅਤੇ ਅਕਾਲੀ ਦਲ ਦੀ ਸੱਚਾਈ ਜਾਣਦੇ ਹਨ।"
ਬਰਸਟ ਨੇ ਲੁਧਿਆਣਾ ਵਿੱਚ 'ਆਪ' ਦੀਆਂ ਪਰਿਵਰਤਨਸ਼ੀਲ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ, "ਆਪ' ਦੀਆਂ ਨੀਤੀਆਂ ਅਤੇ ਕੰਮ ਸਾਡੀ ਵਚਨਬੱਧਤਾ ਦਾ ਪ੍ਰਮਾਣ ਹਨ। ਲੋਕਾਂ ਦਾ ਭਾਰੀ ਸਮਰਥਨ ਇਹ ਯਕੀਨੀ ਬਣਾਉਂਦਾ ਹੈ ਕਿ ਸੰਜੀਵ ਅਰੋੜਾ ਇੱਕ ਵੱਡੇ ਫ਼ਰਕ ਨਾਲ ਜਿੱਤਣਗੇ।"
ਪ੍ਰੈੱਸ ਕਾਨਫ਼ਰੰਸ ਵਿੱਚ 'ਆਪ' ਆਗੂ ਗੁਰਦੇਵ ਸਿੰਘ ਲਾਖਣਾ ਅਤੇ ਬੁਲਾਰੇ ਰਮਨ ਚੰਦੀ ਵੀ ਮੌਜੂਦ ਸਨ। ਉਨ੍ਹਾਂ ਨੇ ਇਮਾਨਦਾਰ ਸ਼ਾਸਨ ਅਤੇ ਜਨਤਕ ਸੇਵਾ 'ਤੇ ਪਾਰਟੀ ਦੇ ਧਿਆਨ ਨੂੰ ਦੁਹਰਾਇਆ, ਵੋਟਰਾਂ ਨੂੰ ਵੰਡਣ ਵਾਲੀ ਰਾਜਨੀਤੀ ਨੂੰ ਨਕਾਰਣ ਅਤੇ 'ਆਪ' ਉਮੀਦਵਾਰ ਸੰਜੀਵ ਅਰੋੜਾ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
Aap-Exposes-Bjp-congress-Collusion-In-Ludhiana-West-By-election
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)