*ਅਜਨਾਲਾ ਨੂੰ ਵਾਰ-ਵਾਰ ਆਉਣ ਵਾਲੇ ਹੜ੍ਹਾਂ ਤੋਂ ਬਚਾਉਣ, ਲੋਕਾਂ ਦੇ ਜੀਵਨ ਤੇ ਰੋਜ਼ੀ-ਰੋਟੀ ਨੂੰ ਸੁਰੱਖਿਅਤ ਕਰਨ ਲਈ ਉਝ ਡੈਮ ਬਹੁਤ ਜ਼ਰੂਰੀ: ਕੁਲਦੀਪ ਸਿੰਘ ਧਾਲੀਵਾਲ**ਧਾਲੀਵਾਲ ਦੇ ਨਾਲ ਅਜਨਾਲਾ ਦੇ ਸਰਪੰਚਾਂ ਦਾ ਵਫ਼ਦ ਵੀ ਰਿਹਾ ਮੌਜੂਦ, ਕੇਂਦਰ ਸਰਕਾਰ ਤੋਂ ਉਝ ਡੈਮ ਦੇ ਪ੍ਰੋਜੈਕਟ ਵਿੱਚ ਤੇਜ਼ੀ ਲਿਆਉਣ ਦੀ ਕੀਤੀ ਮੰਗ*ਅਜਨਾਲਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਦੇ ਸਰਪੰਚਾਂ ਦੇ ਵਫ਼ਦ ਨਾਲ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨਾਲ ਮੁਲਾਕਾਤ ਕੀਤੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਜਨਾਲਾ ਨੂੰ ਬਾਰ-ਬਾਰ ਆਉਂਦੇ ਹੜ੍ਹਾਂ ਤੋਂ ਬਚਾਉਣ ਲਈ ਜੰਮੂ-ਕਸ਼ਮੀਰ ਵਿੱਚ ਉਝ ਨਦੀ 'ਤੇ ਡੈਮ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ।ਮੁਲਾਕਾਤ ਦੌਰਾਨ ਧਾਲੀਵਾਲ ਨੇ ਉਝ ਨਦੀ ਦੇ ਪਾਣੀ ਕਾਰਨ ਅਜਨਾਲਾ ਦੇ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਇਸ ਨਦੀ ਨੇ ਅਜਨਾਲਾ ਵਿੱਚ ਵਾਰ-ਵਾਰ ਹੜ੍ਹ ਅਤੇ ਤਬਾਹੀ ਮਚਾਈ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਦੇ ਜੀਵਨ ਅਤੇ ਰੋਜ਼ੀ-ਰੋਟੀ 'ਤੇ ਬੁਰਾ ਅਸਰ ਪਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਹੜ੍ਹਾਂ ਦੇ ਲਗਾਤਾਰ ਖ਼ਤਰੇ ਨੇ ਇਲਾਕੇ ਦੇ ਆਰਥਿਕ ਵਿਕਾਸ ਨੂੰ ਵੀ ਪ੍ਰਭਾਵਿਤ ਕੀਤਾ ਹੈ। ਜਿਸ ਇਲਾਕੇ ਵਿੱਚ ਲਗਾਤਾਰ ਹੜ੍ਹਾਂ ਅਤੇ ਤਬਾਹੀ ਦਾ ਡਰ ਬਣਿਆ ਰਹਿੰਦਾ ਹੋਵੇ, ਉੱਥੇ ਕੋਈ ਵੀ ਉਦਯੋਗ ਸਥਾਪਿਤ ਕਰਨ ਲਈ ਤਿਆਰ ਨਹੀਂ ਹੁੰਦਾ। ਅਜਨਾਲਾ ਦੇ ਲੋਕ ਇਸ ਬਾਰ-ਬਾਰ ਆਉਂਦੇ ਸੰਕਟ ਤੋਂ ਪੱਕੇ ਹੱਲ ਅਤੇ ਟਿਕਾਊ ਵਿਕਾਸ ਦੇ ਸਪੱਸ਼ਟ ਰਾਹ ਦੇ ਹੱਕਦਾਰ ਹਨ।ਧਾਲੀਵਾਲ ਨੇ ਕਿਹਾ ਕਿ ਉਝ ਨਦੀ ਵਾਰ-ਵਾਰ ਇਲਾਕੇ ਵਿੱਚ ਹੜ੍ਹ ਲਿਆਉਂਦੀ ਹੈ ਅਤੇ ਕਈ ਵਾਰ ਤਬਾਹੀ ਮਚਾ ਚੁੱਕੀ ਹੈ। ਸਾਡੀਆਂ ਕਈ ਪੀੜ੍ਹੀਆਂ ਨੇ ਹੜ੍ਹਾਂ ਦਾ ਸੰਤਾਪ ਭੋਗਿਆ ਹੈ, ਅਤੇ ਅਸੀਂ ਇਸ ਵਾਰ-ਵਾਰ ਦੇ ਸੰਕਟ ਤੋਂ ਆਪਣੇ ਆਪ ਨੂੰ ਪੱਕੇ ਤੌਰ 'ਤੇ ਬਚਾਉਣਾ ਚਾਹੁੰਦੇ ਹਾਂ। ਇਸ ਲਈ ਉਝ ਨਦੀ ਦਾ ਯੋਗ ਪ੍ਰਬੰਧਨ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਵਫ਼ਦ ਨੇ ਉਝ ਨਦੀ 'ਤੇ ਡੈਮ ਬਣਾਉਣ ਦਾ ਮੁੱਦਾ ਚੁੱਕਿਆ ਤਾਂ ਜੋ ਪੰਜਾਬ ਵੱਲ ਵਗਦੇ ਪਾਣੀ ਨੂੰ ਨਿਯੰਤਰਿਤ ਕੀਤਾ ਜਾ ਸਕੇ ਅਤੇ ਅਜਨਾਲਾ ਵਿੱਚ ਹੜ੍ਹਾਂ ਦੇ ਲਗਾਤਾਰ ਬਣੇ ਖ਼ਤਰੇ ਨੂੰ ਘਟਾਇਆ ਜਾ ਸਕੇ।ਇਸ ਪ੍ਰੋਜੈਕਟ ਦੀ ਅਹਿਮੀਅਤ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਝ ਡੈਮ ਦੇ ਨਿਰਮਾਣ ਨਾਲ ਬਾਰ-ਬਾਰ ਆਉਂਦੇ ਹੜ੍ਹਾਂ ਦੇ ਖ਼ਤਰੇ ਦਾ ਵੱਡੇ ਪੱਧਰ 'ਤੇ ਪੱਕਾ ਹੱਲ ਹੋ ਜਾਵੇਗਾ। ਹੜ੍ਹ ਨਿਯੰਤਰਣ ਦੇ ਨਾਲ-ਨਾਲ ਇਹ ਪ੍ਰੋਜੈਕਟ ਬਿਜਲੀ ਪੈਦਾ ਕਰੇਗਾ, ਸਿੰਚਾਈ ਲਈ ਨਹਿਰਾਂ ਮੁਹੱਈਆ ਕਰਵਾਏਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਸਰ ਪੈਦਾ ਕਰੇਗਾ। ਇਹ ਸਰਹੱਦੀ ਖੇਤਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵੱਲ ਇੱਕ ਵੱਡਾ ਕਦਮ ਸਾਬਤ ਹੋ ਸਕਦਾ ਹੈ।ਧਾਲੀਵਾਲ ਨੇ ਕਿਹਾ ਕਿ ਉਹ ਪਹਿਲਾਂ ਵੀ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲਾਂ ਕੋਲ ਇਹ ਮੁੱਦਾ ਚੁੱਕ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਇਹ ਮੁਲਾਕਾਤ ਕੇਂਦਰ ਸਰਕਾਰ ਅੱਗੇ ਸਿੱਧੇ ਤੌਰ 'ਤੇ ਮੰਗ ਰੱਖਣ ਅਤੇ ਇਸ ਲੰਬੇ ਸਮੇਂ ਤੋਂ ਲਟਕ ਰਹੇ ਪ੍ਰੋਜੈਕਟ 'ਤੇ ਜਲਦ ਕਾਰਵਾਈ ਦੀ ਮੰਗ ਕਰਨ ਲਈ ਕੀਤੀ ਗਈ ਸੀ।ਧਾਲੀਵਾਲ ਨੇ ਕਿਹਾ ਕਿ ਅਜਨਾਲਾ ਦੇ ਲੋਕ ਪੀੜ੍ਹੀਆਂ ਤੋਂ ਬਾਰ-ਬਾਰ ਆਉਂਦੇ ਹੜ੍ਹਾਂ ਦੇ ਸਿੱਟੇ ਭੁਗਤ ਰਹੇ ਹਨ ਅਤੇ ਉਹ ਇੱਕ ਪੱਕੇ ਹੱਲ ਦੇ ਹੱਕਦਾਰ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸਰਹੱਦੀ ਖੇਤਰ ਦੇ ਲੋਕਾਂ ਦੇ ਹਿੱਤ ਵਿੱਚ ਉਝ ਡੈਮ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਅੱਗੇ ਵਧਾਇਆ ਜਾਵੇ।-------
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)