May 18, 2026 12:31:06

ਦੇਸ਼ ਦੀ ਪ੍ਰਗਤੀ ਵਿੱਚ ਵਿਗਿਆਨ ਦੀ ਅਹਿਮ ਭੂਮਿਕਾ: ਹਰਜੋਤ ਬੈਂਸ ਨੇ ਵਿਦਿਆਰਥੀਆਂ ਨੂੰ ਆਪਣੀ ਜਿਗਿਆਸਾ ਵਧਾਉਣ ਲਈ ਕੀਤਾ ਉਤਸ਼ਾਹਿਤ

Feb28,2026 | | SAS Nagar

*• ਸਿੱਖਿਆ ਮੰਤਰੀ ਨੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਵਿਖੇ ਸਾਇੰਸ ਫੈਸਟ "ਤੱਤਵਾ" ਦਾ ਕੀਤਾ ਉਦਘਾਟਨ*
*•ਬੈਂਸ ਨੇ ਸਕੂਲੀ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਚਿਣਗ ਪੈਦਾ ਕਰਨ ਲਈ ਆਈਸਰ ਪਾਸੋਂ ਸਹਿਯੋਗ ਦੀ ਕੀਤੀ ਮੰਗ*


ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਵੀਨਤਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ, ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਇੱਕ ਵਿਕਸਤ ਰਾਸ਼ਟਰ ਦਾ ਰਾਹ ਉਸਦੀਆਂ ਵਿਗਿਆਨਕ ਖੋਜਾਂ ਨਿਰਧਾਰਤ ਕਰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਦੀ ਵਿਕਾਸ ਕਹਾਣੀ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਲਈ ਜਿਗਿਆਸਾ ਦੀ ਭਾਵਨਾ (ਉਤਸੁਕਤਾ ਵਧਾਉਣ) ਨੂੰ ਅਪਣਾਉਣ ਦਾ ਸੱਦਾ ਦਿੱਤਾ।
ਰਾਸ਼ਟਰੀ ਵਿਗਿਆਨ ਦਿਵਸ ਮੌਕੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਵਿਖੇ ਸਾਲਾਨਾ ਸਾਇੰਸ ਫੈਸਟ "ਤੱਤਵਾ" ਦਾ ਉਦਘਾਟਨ ਕਰਦਿਆਂ, ਸਿੱਖਿਆ ਮੰਤਰੀ ਸ. ਬੈਂਸ ਨੇ ਵਿਦਿਆਰਥੀਆਂ ਨੂੰ ਵਿਗਿਆਨ ਨੂੰ ਸਿਰਫ਼ ਇੱਕ ਵਿਸ਼ੇ ਵਜੋਂ ਨਹੀਂ, ਸਗੋਂ ਰਾਸ਼ਟਰ ਦੇ ਵਿਕਾਸ ਲਈ ਇੱਕ ਅਹਿਮ ਸਾਧਨ ਵਜੋਂ ਦੇਖਣ ਦੀ ਅਪੀਲ ਕੀਤੀ।
ਸਿੱਖਿਆ ਮੰਤਰੀ ਸ. ਬੈਂਸ ਨੇ ਸੰਸਥਾ ਦੇ ਨੌਜਵਾਨ ਵਿਦਿਆਰਥੀਆਂ ਅਤੇ ਇੱਥੇ ਮੌਜੂਦ ਸਕੂਲ ਆਫ ਐਮੀਨੈਂਸ ਤੇ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, "ਪਹੀਏ ਦੀ ਖੋਜ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਖੋਜ ਤੱਕ, ਮਨੁੱਖੀ ਪ੍ਰਗਤੀ ਦੀ ਹਰ ਪੁਲਾਂਘ ਵਿਗਿਆਨ 'ਤੇ ਨਿਰਭਰ ਰਹੀ ਹੈ। ਸਾਡੇ ਦੇਸ਼ ਦੀ ਤਰੱਕੀ ਵਿਗਿਆਨ ਦੀ ਭਾਸ਼ਾ ਵਿੱਚ ਲਿਖੀ ਗਈ ਹੈ।"
ਇਤਿਹਾਸਕ ਸਫਲਤਾਵਾਂ ਤੋਂ ਲੈ ਕੇ ਮੌਜੂਦਾ ਟੀਚਿਆਂ 'ਤੇ ਚਾਨਣਾ ਪਾਉਂਦਿਆਂ, ਸਿੱਖਿਆ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਾਈ-ਸਪੀਡ ਰੇਲ, ਏਰੋਸਪੇਸ, ਮੈਡੀਕਲ ਸਾਇੰਸ ਅਤੇ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਭਾਰਤ ਦੀ ਤਰੱਕੀ ਵਿਗਿਆਨਕ ਸੋਚ ਦਾ ਨਤੀਜਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉੱਘੇ ਭਾਰਤੀ ਸਾਇੰਸਦਾਨਾਂ ਡਾ. ਸੀ. ਵੀ. ਰਮਨ, ਜਿਨ੍ਹਾਂ ਦੀ ਰਮਨ ਈਫੈਕਟ ਦੀ ਖੋਜ ਦਾ ਅਸੀਂ ਅੱਜ ਕੌਮੀ ਸਾਇੰਸ ਦਿਵਸ ਵਜੋਂ ਜਸ਼ਨ ਮਨਾਉਂਦੇ ਹਾਂ; ਫਾਈਬਰ ਆਪਟਿਕਸ ਦੇ ਪਿਤਾਮਾ ਡਾ. ਨਰਿੰਦਰ ਸਿੰਘ ਕਪਾਨੀ; ਪ੍ਰਮਾਣੂ ਭੌਤਿਕ ਵਿਗਿਆਨੀ ਡਾ. ਪਿਆਰਾ ਸਿੰਘ ਗਿੱਲ ਅਤੇ ਨੋਬਲ ਪੁਰਸਕਾਰ ਜੇਤੂ ਡਾ. ਹਰ ਗੋਬਿੰਦ ਖੁਰਾਨਾ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, "ਇਨ੍ਹਾਂ ਦੂਰਦਰਸ਼ੀ ਵਿਗਿਆਨੀਆਂ ਨੇ ਸਿਰਫ਼ ਸਮੱਸਿਆਵਾਂ ਦਾ ਹੱਲ ਹੀ ਨਹੀਂ ਕੀਤਾ ਸਗੋਂ ਆਧੁਨਿਕ ਭਾਰਤ ਦੀ ਨੀਂਹ ਰੱਖੀ। ਮੈਂ ਤੁਹਾਨੂੰ ਵਿਗਿਆਨੀਆਂ ਨੂੰ ਆਪਣੇ ਆਦਰਸ਼ ਅਤੇ ਕਿਤਾਬਾਂ ਨੂੰ ਆਪਣੇ ਜੀਵਨ ਭਰ ਦੇ ਸਾਥੀ ਬਣਾਉਣ ਦੀ ਅਪੀਲ ਕਰਦਾ ਹਾਂ। ਟੀਚਾ ਸਿਰਫ਼ ਆਈ ਆਈ ਟੀ, ਆਈ ਆਈ ਐਮ, ਜਾਂ ਆਈ ਆਈ ਐਸ ਈ ਆਰ ਵਰਗੇ ਵੱਕਾਰੀ ਅਦਾਰਿਆਂ ਵਿੱਚ ਦਾਖਲਾ ਪ੍ਰਾਪਤ ਕਰਨਾ ਨਹੀਂ ਹੈ, ਸਗੋਂ ਇਹਨਾਂ ਸੰਸਥਾਵਾਂ ਤੋਂ ਮਹਾਰਤ ਹਾਸਲ ਕਰਕੇ ਰਾਸ਼ਟਰ-ਨਿਰਮਾਤਾ ਵਜੋਂ ਉਭਰਨਾ ਹੈ।"
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਰਾਸ਼ਟਰੀ ਵਿਕਾਸ ਵਿੱਚ ਉਤਸੁਕਤਾ/ਜਿਗਿਆਸਾ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦੇ "ਕਿਉਂ" ਅਤੇ "ਕਿਵੇਂ" ਬਾਰੇ ਸਵਾਲ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਇਸ ਗੱਲ 'ਤੇ ਮਾਣ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਦਾ ਮਿਆਰੀ ਬੁਨਿਆਦੀ ਢਾਂਚੇ ਅਤੇ ਪ੍ਰਤੀਯੋਗੀ ਕੋਚਿੰਗ 'ਤੇ ਧਿਆਨ ਕੇਂਦਰਿਤ ਕਰਨ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਜਿਸ ਸਦਕਾ ਇਸ ਸਾਲ ਹੀ 300 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਜੇ ਈ ਈ ਮੇਨਜ਼ ਪ੍ਰੀਖਿਆ ਪਾਸ ਕੀਤੀ ਹੈ।
ਸਿੱਖਿਆ ਮੰਤਰੀ ਨੇ ਆਈਸਰ ਮੋਹਾਲੀ ਦੇ ਡਾਇਰੈਕਟਰ ਡਾ. ਅਨਿਲ ਕੁਮਾਰ ਤ੍ਰਿਪਾਠੀ ਨੂੰ ਸਾਇੰਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਜ਼ਮੀਨੀ ਪੱਧਰ 'ਤੇ ਵਿਗਿਆਨਕ ਸੋਚ ਪੈਦਾ ਕਰਨ ਲਈ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਅਤੇ ਪ੍ਰਮੁੱਖ ਖੋਜ ਸੰਸਥਾਵਾਂ ਦਰਮਿਆਨ ਆਪਸੀ ਸਹਿਯੋਗ ਦੀ ਇੱਛਾ ਪ੍ਰਗਟ ਕੀਤੀ।
ਉਨ੍ਹਾਂ ਕਿਹਾ, "ਆਈਸਰ ਵਰਗੀਆਂ ਸੰਸਥਾਵਾਂ ਨਵੀਨਤਾ ਦੇ ਮੁੱਖ ਸਰੋਤ ਹਨ। ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀਆਂ ਦੀ ਇਹਨਾਂ ਸਰੋਤਾਂ ਤੱਕ ਸਿੱਧੀ ਪਹੁੰਚ ਹੋਵੇ ਅਤੇ ਉਹ ਇਹਨਾਂ ਦੀਆਂ ਲੈਬਾਂ ਵਿੱਚ ਕੰਮ ਕਰਨ, ਫੈਕਲਟੀ ਤੋਂ ਸਿੱਖਣ ਅਤੇ ਇੱਕ ਵਿਦਿਆਰਥੀ ਵਜੋਂ ਇਸ ਦੇ ਗਲਿਆਰਿਆਂ ਵਿੱਚ ਘੁੰਮਣ ਦਾ ਸੁਪਨਾ ਦੇਖਣ।"
ਇਸ ਪ੍ਰੋਗਰਾਮ ਦੌਰਾਨ, ਮੰਤਰੀ ਨੇ ਸਾਇੰਸ ਮੈਗਜ਼ੀਨ 'ਮੇਰਾਕੀ' ਜਾਰੀ ਕੀਤਾ ਅਤੇ ਆਈਸਰ ਮੋਹਾਲੀ ਦੇ ਸਾਬਕਾ ਵਿਦਿਆਰਥੀਆਂ (ਐਲੂਮਨੀ) ਦੀ ਵੈੱਬਸਾਈਟ ਵੀ ਜਾਰੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਦਿਆਰਥੀ ਵੱਲੋਂ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ ਅਤੇ ਨੌਜਵਾਨ ਖੋਜਕਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਿਗਿਆਨਕ ਮਾਡਲਾਂ ਅਤੇ ਸਿੱਖਣ ਦੀ ਸੋਚ ਦੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ, ਡਾ. ਅਨਿਲ ਕੁਮਾਰ ਤ੍ਰਿਪਾਠੀ ਨੇ ਸਿੱਖਿਆ ਮੰਤਰੀ ਸ. ਬੈਂਸ ਦਾ ਸਵਾਗਤ ਕੀਤਾ ਅਤੇ ਨੋਬਲ ਜੇਤੂ ਖੋਜ ਰਮਨ ਈਫੈਕਟ ਨੂੰ ਸਮਰਪਿਤ ਰਾਸ਼ਟਰੀ ਵਿਗਿਆਨ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਇਆ, ਜਿਸ ਰਾਹੀਂ ਭਾਰਤੀ ਵਿਗਿਆਨ ਨੇ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾਈ।

Science-Key-To-Nation-s-Leap-Harjot-Bains-Encourages-Students-To-Embrace-Curiosity


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead