ਬਰਿਸਬੇਨ(ਆਸਟਰੇਲੀਆ) ਵੱਸਦੇ ਤਰਕਸ਼ੀਲ ਪੰਜਾਬੀ ਲੇਖਕ ਸ. ਮਨਜੀਤ ਸਿੰਘ ਬੋਪਾਰਾਏ ਦੀ ਨਵੀਂ ਵੱਡ -ਆਕਾਰੀ ਕਿਤਾਬ “ ਕਾਫ਼ਿਰ ਹੀ ਪਵਿੱਤਰ ਮਨੁੱਖ” ਅੱਜ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਾਥੀਆਂ ਸਮੇਤ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਲੋਕ ਅਰਪਣ ਕੀਤੀ।
ਮਨਜੀਤ ਸਿੰਘ ਬੋਪਾਰਾਏ ਦੇ ਸਹਿਪਾਠੀ ਸ. ਕੁਲਦੀਪ ਸਿੰਘ ਗਿੱਲ(ਸੱਰੀ) ਕੈਨੇਡਾ ਨੇ ਇਸ ਕਿਤਾਬ ਦੀਆਂ ਕਾਪੀਆਂ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਬਲਵਿੰਦਰ ਸਿੰਘ ਬੋਪਾਰਾਏ ਨੂੰ ਭੇਂਟ ਕੀਤੀਆਂ।
ਇਸ ਮੌਕੇ ਬੋਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾ ਲਾਲੀ ਸ. ਮਨਜੀਤ ਸਿੰਘ ਬੋਪਾਰਾਏ ਭਾਵੇ ਚਿਰੋਕਣਾ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਪਰ ਉਸ ਨੇ ਕਲਮ ਅਜ਼ਮਾਈ ਪੰਜਾਬ ਰਹਿੰਦਿਆਂ ਹੀ ਸ਼ੁਰੂ ਕਰ ਲਈ ਸੀ। ਉਸ ਦਾ ਪਹਿਲੀ ਕਿਤਾਬ “ ਜੋਤਿਸ਼ ਝੂਠ ਬੋਲਦਾ ਹੈ” ਲੱਖਾਂ ਦੀ ਗਿਣਤੀ ਵਿੱਚ ਛਪ ਕੇ ਵਿਕ ਚੁੱਕੀ ਹੈ ਅਤੇ ਅੰਗਰੇਜ਼ੀ ਹਿੰਦੀ ਸਮੇਤ ਕਈ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ।
ਉਸ ਨੇ ਇਹ ਕਿਤਾਬ “ਕਾਫਿਰ ਹੀ ਪਵਿੱਤਰ ਮਨੁੱਖ” ਵਿਗਿਆਨਕ ਨਜ਼ਰੀਏ ਵਾਲੇ ਤਿੰਨ ਵਿਅਕਤੀਆਂ ਸ਼ਹੀਦ ਭਗਤ ਸਿੰਘ , ਸਟੀਫਨ ਹਾਕਿੰਗ ਤੇ ਰਿਚਰਡ ਡਾਕਿਨਜ਼ ਦੀਆਂ ਤਸਵੀਰਾਂ ਮੁੱਖ ਪੰਨੇ ਤੇ ਸਜਾ ਕੇ ਲਿਖਿਆ ਹੈ ਕਿ ਜਿੰਨ੍ਹਾਂ ਦੀ ਸੋਚ ਨੇ ਅਗਿਆਨ ਦੀ ਧੁੰਦ ਮਿਟਾਈ ਅਤੇ ਜੱਗ ਚਾਨਣ ਕੀਤਾ। ਇਸ ਕਿਤਾਬ ਦਾ ਸਮਰਪਣ ਉਨ੍ਹਾਂ ਸੂਰਬੀਰਾਂ, ਯੋਧਿਆਂ ਤੇ ਸ਼ਹੀਦਾਂ ਨੂੰ ਹੈ ਜਿੰਨ੍ਹਾਂ ਸੱਚ ਪੇਸ਼ ਕਰਨ ਲਈ ਹਜ਼ਾਰਾਂ ਸਾਲਾਂ ਤੋਂ ਜਾਨਾਂ ਵਾਰੀਆਂ , ਜਿਉਂਦੇ ਸਾੜੇ ਗਏ, ਕੋਹ ਕੋਹ ਕੇਮਾਰੇ, ਘਿਨਾਉਣੇ ਤਸ਼ੱਦਦ ਝੱਲੇ ਅਤੇ ਅਜੇ ਵੀ ਇੱਕੀਵੀਂ ਸਦੀ ਵਿੱਚ ਵੀ ਮਾਰੇ ਜਾ ਰਹੇ ਹਨ, ਜੇਲਾਂ ਵਿੱਚ ਡੱਕੇ ਜਾਂਦੇ ਹਨ ਪਰ ਸੱਚ ਪੇਸ਼ ਕਰਨੋਂ ਫਿਰ ਵੀ ਨਹੀਂ ਰੁਕੇ।
ਉਨ੍ਹਾਂ ਕਿਹਾ ਕਿ ਮਨਜੀਤ ਮੇਰਾ ਕਲਮੀ ਮਿੱਤਰ ਹੈ ਜਿਸ ਦੀ ਹਰ ਲਿਖਤ ਪੜ੍ਹਨਾ ਮੈਂ ਆਪਣਾ ਸੁਭਾਗ ਸਮਝਦਾ ਹਾਂ। ਲਗਪਗ ਤਿੰਨ ਦਹਾਕੇ ਪਹਿਲਾ ਉਸ ਨੇ ਆਸਟ੍ਰੇਲੀਆ ਦਾ ਗੀਤ “ਓਜ਼ੀ ਓਜ਼ੀ”ਲਿਖਿਆ ਸੀ ਜਿਸ ਨੂੰ ਓਲੰਪੀਅਨ ਕੈਥੀ ਫਰੀਮੈਨ ਤੇ ਫਿਲਮਾਇਆ ਗਿਆ ਸੀ। ਉਸ ਦੀਆਂ ਸਮਾਜਿਕ ਸਰਗਰਮੀਆਂ ਵਿੱਚ “ਸਿੱਖ ਗੇਮਜ਼ “ ਆਸਟਰੇਲੀਆ ਦਾ ਦੋ ਵਾਰ ਪ੍ਰਧਾਨ ਬਣਨਾ, ਵੱਖ ਵੱਖ ਸਮੇਂ ਤੇ ਪੰਜਾਬੀ ਭਾਈਚਾਰੇ ਦੀ ਮਦਦ ਨਾਲ 700 ਤੋਂ ਵੱਧ ਆਸਟਰੇਲੀਆ ਵਿੱਚੋਂ ਮ੍ਰਿਤਕ ਦੇਹਾਂ ਭਾਰਤੀ ਪਰਿਵਾਰਾਂ ਕੋਲ ਭੇਜਣਾ ਤੇ ਹਰ ਥਾਂ ਤੇ ਨਸਲੀ ਵਿਤਕਰੇ ਦੇ ਖਿਲਾਫ਼ ਸਾਥੀਆਂ ਸਮੇਤ ਡਟ ਖਲੋਣਾ ਉਸ ਦੇ ਸ਼ੌਕ ਦਾ ਹਿੱਸਾ ਹੈ।
ਇਹ ਵੀ ਮਾਣ ਵਾਲੀ ਗੱਲ ਹੈ ਕਿ ਮੇਰੇ ਪਿਆਰੇ ਲੇਖਕ ਸਰਬਜੀਤ ਸੋਹੀ ਤੇ ਸਾਥੀਆਂ ਨਾਲ ਮਿਲ ਕੇ ਉਹ ਸਾਹਿੱਤ ਸਭਿਆਚਾਰ ਨਾਲ ਸਬੰਧਤ ਸਰਗਰਮੀਆਂ ਦਾ ਕੁਈਨਜ਼ਲੈਂਡ ਵਿੱਚ ਵੱਡਾ ਸਹਿਯੋਗੀ ਕਾਰਕੁਨ ਤੇ ਆਗੂ ਹੈ।
ਗੌਰਮਿੰਟ ਕਾਲਿਜ ਕਰਮਸਰ(ਰਾੜਾ ਸਾਹਿਬ) ਵਿੱਚ ਪੜ੍ਹਨ ਵੇਲੇ ਤੋਂ ਲੈ ਕੇ ਉਸ ਦਾ ਹਰ ਪਲ ਲੋਕ ਕਲਿਆਣਕਾਰੀ ਸੋਚ ਨੂੰ ਪ੍ਰਣਾਇਆ ਹੋਇਆ ਹੈ।
ਕਿਤਾਬ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੁਲਦੀਪ ਸਿੰਘ ਗਿੱਲ ਨੇ ਕਿਹਾ ਕਿ ਇਸ ਨੂੰ ਚਿੰਤਨ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਕਿਤਾਬ ਬਾਰੇ ਸ਼ਹੀਦ ਭਗਤ ਸਿੰਘ ਜੀ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਕੈਨੇਡਾ ਵੱਸਦੇ ਪ੍ਰਸਿੱਧ ਵਿਦਵਾਨ ਡਾ. ਪਿਰਥੀਪਾਲ ਸਿੰਘ ਸੋਹੀ, ਬਲਬੀਰ ਚੰਦ ਲੌਂਗੋਵਾਲ ਤੇ ਸਰਬਜੀਤ ਸੋਹੀ ਦੀਆਂ ਮੁੱਲਵਾਨ ਟਿੱਪਣੀਆਂ ਹਨ। ਉਸ ਨੇ ਇਸ ਕਿਤਾਬ ਦੀ ਸਿਰਜਣ ਪ੍ਰਕ੍ਰਿਆ ਬਾਰੇ ਵੀ ਮਨਜੀਤ ਬੋਪਾਰਾਏ ਨੇ ਇੱਕ ਕਾਂਡ ਲਿਖਿਆ ਹੈ।
ਪ੍ਰਸਿੱਧ ਪੱਤਰਕਾਰ ਬਲਵਿੰਦਰ ਸਿੰਘ ਬੋਪਾਰਾਏ ਨੇ ਇਹ ਕਿਤਾਬ ਵੇਖਦਿਆਂ ਹੀ ਮੁੱਲਵਾਨ ਟਿੱਪਣੀ ਕੀਤੀ ਕਿ ਮੈਂ ਖ਼ੁਦ ਭਾਵੇਂ ਬਚਪਨ ਤੋਂ ਅੰਮ੍ਰਿਤਧਾਰੀ ਸਿੱਖ ਹਾਂ ਪਰ ਮਹਿਸੂਸ ਕਰਦਾ ਹਾਂ ਕਿ ਨਵੇਂ ਰਾਹਾਂ ਤੇ ਤੁਰਦੀਆਂ ਇਹੋ ਜਰੀਆਂ ਲਿਖਤਾਂ ਵੀ ਮਨੁੱਖੀ ਮਨ ਦੇ ਵਿਕਾਸ ਵਿੱਚ ਵੱਡਾ ਹਿੱਸਾ ਪਾ ਕੇ ਸੰਵਾਦ ਨੂੰ ਜਨਮ ਦੇਂਦੀਆਂ ਹਨ।
ਪੁਸਤਕ ਦੇ ਲੇਖਕ ਮਨਜੀਤ ਸਿੰਘ ਬੋਪਾਰਾਏ ਨੇ ਵੀਡੀਓ ਕਾਲ ਰਾਹੀਂ ਸ਼ਾਮਿਲ ਹੁੰਦਿਆਂ ਕਿਹਾ ਕਿ ਇਹ ਕਿਤਾਬ ਲਿਖਣ ਲਈ ਮੈਨੂੰ ਪੰਦਰਾਂ ਸਾਲ ਤੋਂ ਵੱਧ ਸਮਾਂ ਲੱਗਾ ਹੈ। ਇਹ ਏਸੇ ਲਈ ਹੀ ਸੰਭਵ ਹੋ ਸਕਿਆ ਕਿਉਂਕਿ ਵਿਗਿਆਨਕ ਸਮੱਗਰੀ ਵਿਗਿਆਨਕ ਲੱਭਤ ਇੰਟਰਨੈੱਟ ਰਾਹੀਂ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿ ਪੰਜਾਬ ਦੀ ਤਰਕਸ਼ੀਲ ਲਹਿਰ ਨੇ ਮੇਰੀ ਚੜ੍ਹਦੀ ਉਮਰੇ ਮੇਰੀ ਸੋਚ ਵਿੱਚੋਂ ਜਾਲ਼ੇ ਉਤਾਰੇ। ਬਾਦ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਉਹ ਸੰਗਤ ਮਿਲੀ ਜੋ ਤਰਕ ਦੀ ਸਾਣ ਤੇ ਹਰ ਵਰਤਾਰੇ ਨੂੰ ਨਿਰਖਦੀ ਪਰਖਦੀ ਹੈ। ਉਨ੍ਹਾਂ ਆਪਣਾ ਵਿਸ਼ਵਾਸ ਸਪਸ਼ਟ ਕਰਨ ਲਈ ਆਪਣੀ ਲਿਖੀ ਕਵਿਤਾ ਦੀ ਟੁਕੜੀ ਸੁਣਾ ਕੇ ਗੱਲ ਮੁਕਾਈ ਕਿ “ਜੇਕਰ ਕੱਟੜਪੰਥੀਆਂ ਤੌਂ ਸੁਕਰਾਤ ਨਾ ਮਰਿਆ ਹੁੰਦਾ ਤਾਂ ਸਦੀਆਂ ਪਹਿਲਾਂ ਮਨੁੱਖ ਚੰਦ ਤੇ ਚੜ੍ਹਿਆ ਹੁੰਦਾ। ਨਾ ਮਜ਼ਾਕ ਬਣਦੇ ਕੋਪਰਨੀਕਸ, ਗੈਲੀਲਿਉ ਦੇ ਸੱਚ, ਨਾ ਹੀ ਬਰੂਨੋ ਅੱਗ ਵਿੱਚ ਸੜਿਆ ਹੁੰਦਾ।” ਉਨ੍ਹਾਂ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਪੁਸਤਕ ਦੇ ਵਿਤਰਕ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਪੰਜਾਬੀ ਭਵਨ ਲੁਧਿਆਣਾ ਦੇ ਸੰਚਾਲਕ ਮਾਸਟਰ ਹਰੀਸ਼ ਪੱਖੋਵਾਲ ਨੇ ਦੱਸਿਆ ਕਿ ਇਸ ਕਿਤਾਬ ਨੂੰ ਦੇਸ਼ ਬਦੇਸ਼ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Science-Key-To-Nation-s-Leap-Harjot-Bains-Encourages-Students-To-Embrace-Curiosity
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)